ਮੋਹਾਲੀ ਵਿੱਚ ਬਹੁ-ਮੰਜ਼ਿਲਾ ਇਮਾਰਤ ਡਿੱਗੀ, 2 ਮ੍ਰਿਤਕਾਂ ਦੇ ਸ਼ਵ ਬਰਾਮਦ
ਮੋਹਾਲੀ ਵਿੱਚ ਬਹੁ-ਮੰਜ਼ਿਲਾ ਇਮਾਰਤ ਡਿੱਗੀ
ਪੰਜਾਬ ਦੇ ਜਿਲਾ ਮੋਹਾਲੀ ਦੇ ਸੋਹਾਨਾ ਖੇਤਰ ਵਿੱਚ ਮਿਤੀ 21 - 12-2024, ਸ਼ਨੀਵਾਰ ਸ਼ਾਮ ਇਕ ਬਹੁ-ਮੰਜ਼ਿਲਾ ਇਮਾਰਤ ਭੋਰ - ਭੋਰ ਹੋ, ਡਿੱਗ ਗਈ। ਸਿਵਲ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਮੌਕੇ ਤੇ ਪਰ ਮੌਜੂਦ ਹੈ। ਉਹਨਾਂ ਨੂੰ ਸ਼ੱਕ ਹੈ ਕਿ ਮਲਬੇ ਹੇਠ ਲੋਕ ਫਸੇ ਹੋ ਸਕਦੇ ਹਨ। ਰੈਸਕਿਊ ਅਭਿਆਨ ਚਲ ਰਿਹਾ ਹੈ। ਮੋਹਾਲੀ ਦੀ ਡਿਪਟੀ ਕਮਿਸ਼ਨਰ (ਡੀ. ਸੀ) ਆਸ਼ਿਕਾ ਜੈਨ ਨੇ ਵੀ ਸ਼ੱਕ ਜਤਾਇਆ ਕਿ ਕੁਝ ਲੋਕ ਇਮਾਰਤ ਹੇਠ ਦੱਬੇ ਹੋ ਸਕਦੇ ਹਨ।
ਪ੍ਰਸ਼ਾਸਨ ਦੀ ਬੇਨਤੀ ਪਰ ਫੌਜ ਵੱਲੋਂ ਇੰਜੀਨੀਅਰ ਬ੍ਰਿਗੇਡ ਦੀਆਂ ਦੋ ਟੀਮਾਂ ਘਟਨਾ ਸਥਾਨ 'ਤੇ ਭੇਜੀਆਂ ਗਈਆਂ ਹਨ। ਫੌਜ ਮੁਤਾਬਕ ਵੀ ਕੁਝ ਲੋਕ ਬੇਸਮੈਂਟ ਵਿੱਚ ਫਸੇ ਹੋਣ ਦੀ ਸੰਭਾਵਨਾ ਹੈ। ਪ੍ਰਾਰੰਭਿਕ ਜਾਣਕਾਰੀ ਮੁਤਾਬਕ, ਇਹ ਇਮਾਰਤ ਉਸ ਸਮੇਂ ਡਿੱਗੀ ਜਦੋਂ ਨਜ਼ਦੀਕ ਬੇਸਮੈਂਟ ਵਿੱਚ ਖੁਦਾਈ ਚਲ ਰਹੀ ਸੀ। ਇਮਾਰਤ ਮਾਲਕ ਕੋਲ ਬਹੁ-ਮੰਜ਼ਿਲਾ ਇਮਾਰਤ ਬਣਾਉਣ ਦੀ ਇਜਾਜ਼ਤ ਸੀ ਜਾਂ ਨਹੀਂ, ਇਸ ਬਾਰੇ ਪ੍ਰਸ਼ਾਸਨ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਜਿਲ੍ਹਾ ਪ੍ਰਸ਼ਾਸ਼ਨ ਦੇ ਇਲਾਵਾ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਗੌਰਵ ਯਾਦਵ, ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਅਤੇ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਵੀ ਬਚਾਅ ਕਾਰਵਾਈ ਦੀ ਦੇਖਰੇਖ ਕਰਨ ਲਈ ਘਟਨਾ ਸਥਾਨ 'ਤੇ ਪਹੁੰਚੇ ਹੋਏ ਸਨ।
ਦੇਰ ਰਾਤ ਐਨ.ਡੀ.ਆਰ.ਐਫ. ਦੀ ਟੀਮ ਵੀ ਪਹੁੰਚ ਗਈ ਅਤੇ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਨਾਲ ਹੀ ਘਟਨਾ ਸਥਾਨ 'ਤੇ ਬਚਾਅ ਅਤੇ ਰਾਹਤ ਕਾਰਵਾਈਆਂ ਵਿਚ ਸ਼ਾਮਿਲ ਹੈ। ਮੈਡੀਕਲ ਟੀਮਾਂ ਨੂੰ ਵੀ ਹਰ ਤਰ੍ਹਾਂ ਦੀ ਲੋੜ ਲਈ ਤਿਆਰ ਰੱਖਿਆ ਗਿਆ ਹੈ।
ਸੂਤਰਾਂ ਅਨੁਸਾਰ ਰਾਹਤ ਕਾਰਜਾਂ ਦੌਰਾਨ ਦੋ ਮੌਤਾਂ ਦੀ ਪੁਸ਼ਟੀ ਹੋਈ ਹੈ ਪਹਿਲੀ ਮ੍ਰਿਤਕ 20 ਸਾਲ ਦੀ ਇਕ ਮਹਿਲਾ ਦ੍ਰਿਸ਼ਟੀ ਵਰਮਾ ਹਿਮਾਚਲ ਪ੍ਰਦੇਸ਼ ਤੋਂ ਦੱਸੀ ਜਾ ਰਹੀ ਹੈ ਅਤੇ ਦੂਸਰਾ ਮ੍ਰਿਤਕ ਇੱਕ ਪੁਰਸ਼ ਅਭਿਸ਼ੇਕ ਧਨਵਾਲ ਹਰਿਆਣਾ ਦੇ ਅੰਬਾਲਾ ਸ਼ਹਿਰ ਦਾ ਦੱਸਿਆ ਗਿਆ ਹੈ ।
ਇਮਾਰਤ ਮਾਲਕ ਪਰਵਿੰਦਰ ਸਿੰਘ ਅਤੇ ਗਗਨਦੀਪ ਸਿੰਘ ਬਰਖਿਲਾਫ ਪੁਲਸ ਨੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 105 ਅਧੀਨ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Tags:
ਦੁਰਘਟਨਾਵਾਂ
