ਪੰਜਾਬ ਨਗਰ ਨਿਗਮ ਚੋਣਾਂ ਸੰਪੰਨ ਆਪ ਦਾ ਜਲਵਾ ਬਰਕਰਾਰ
ਪੰਜਾਬ ਨਗਰ ਨਿਗਮ ਚੋਣਾਂ ਸੰਪੰਨ
ਆਪ ਦਾ ਜਲਵਾ ਬਰਕਰਾਰ
![]() |
| ਚੋਣਾਂ ਦੌਰਾਨ ਕਤਾਰ ਵਿੱਚ ਲੱਗੇ ਲੋਗ |
ਪੰਜਾਬ ਵਿੱਚ ਪੰਜ ਨਗਰ ਨਿਗਮਾਂ — ਲੁਧਿਆਣਾ, ਜਲੰਧਰ, ਪਟਿਆਲਾ, ਅੰਮ੍ਰਿਤਸਰ ਅਤੇ ਫਗਵਾੜਾ ਅਤੇ 44 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ ਸ਼ਨੀਵਾਰ, 21 ਦਸੰਬਰ 2024 ਨੂੰ ਚੋਣਾਂ ਹੋਈਆਂ। ਚੋਣ ਪ੍ਰਕਿਰਿਆ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲੀ। ਤਕਰੀਬਨ 55% ਵੋਟਰਾਂ ਨੇ ਆਪਣੇ ਮਤਾਧਿਕਾਰ ਦਾ ਇਸਤੇਮਾਲ ਕੀਤਾ। ਕੁੱਲ 3,809 ਬੂਥਾਂ 'ਤੇ ਚੋਣਾਂ ਹੋਈਆਂ, ਜਿੱਥੇ 37.32 ਲੱਖ ਵੋਟਰਾਂ ਦੇ ਮਤਾਧਿਕਾਰ ਰਜਿਸਟਰ ਕੀਤੇ ਗਏ। ਸ਼ਾਮ ਨੂੰ ਚੋਣਾਂ ਤੋਂ ਬਾਦ ਗਿਣਤੀ ਕੀਤੀ ਗਈ।
ਖਬਰ ਲਿਖੇ ਜਾਣ ਤੱਕ ਆਏ ਨਤੀਜਿਆਂ ਮੁਤਾਬਕ ਆਮ ਆਦਮੀ ਪਾਰਟੀ ਨੇ ਪਟਿਆਲਾ ਨਗਰ ਨਿਗਮ ਦੀ ਚੋਣ ਜਿੱਤ ਲਈ ਅਤੇ ਲੁਧਿਆਣਾ ਤੇ ਜਲੰਧਰ ਸ਼ਹਿਰ ਵਿੱਚ ਅੱਗੇ ਚੱਲ ਰਹੀ ਹੈ ਜਦੋਂਕਿ ਕਾਂਗਰਸ ਅੰਮ੍ਰਿਤਸਰ ਅਤੇ ਫਗਵਾੜਾ ਵਿੱਚ ਅੱਗੇ ਹੈ।
ਪਟਿਆਲਾ ਵਿੱਚ ਆਮ ਆਦਮੀ ਪਾਰਟੀ ਆਪਣੇ ਮੇਅਰ ਦੀ ਚੋਣ ਕਰੇਗੀ ਕਿਉਂਕਿ ਪਾਰਟੀ ਨੇ 53 ਵਿੱਚੋਂ 43 ਵਾਰਡ ਜਿੱਤੇ ਹਨ। ਐਲਾਨੇ ਨਤੀਜੇ ਅਨੁਸਾਰ ਕਾਂਗਰਸ ਅਤੇ ਭਾਜਪਾ ਨੇ 4-4 ਵਾਰਡ ਅਤੇ ਸ਼ਿਰੋਮਣੀ ਅਕਾਲੀ ਦਲ ਨੇ 2 ਵਾਰਡ ਜਿੱਤੇ।
ਲੁਧਿਆਣਾ ਵਿੱਚ ਵੀ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਸੀ। ਪਾਰਟੀ ਨੇ 95 ਵਿੱਚੋਂ 42 ਵਾਰਡ ਜਿੱਤ ਲਏ ਹਨ ਅਤੇ ਕਾਂਗਰਸ ਨੇ 29, ਭਾਜਪਾ ਨੇ 19, ਅਜ਼ਾਦ ਉਮੀਦਵਾਰਾਂ ਨੇ 3 ਤੇ ਅਕਾਲੀ ਦਲ ਨੇ 2 ਵਾਰਡ ਜਿੱਤੇ।
ਜਲੰਧਰ ਨਗਰ ਨਿਗਮ ਵਿੱਚ ਵੀ ਆਮ ਆਦਮੀ ਪਾਰਟੀ ਅੱਗੇ ਰਹੀ। ਪਾਰਟੀ ਨੇ 85 ਵਿੱਚੋਂ 39 ਵਾਰਡ ਜਿੱਤੇ, ਜਦੋਂਕਿ ਕਾਂਗਰਸ ਨੇ 24 ਅਤੇ ਭਾਜਪਾ ਨੇ 19 ਵਾਰਡ ਜਿੱਤੇ।
ਜਦੋਂ ਕਿ ਅੰਮ੍ਰਿਤਸਰ ਅਤੇ ਫਗਵਾੜਾ ਵਿੱਚ ਕਾਂਗਰਸ ਅੱਗੇ ਰਹੀ ਹੈ। ਅੰਮ੍ਰਿਤਸਰ ਵਿੱਚ ਕਾਂਗਰਸ ਨੇ 40 ਵਾਰਡ, ਆਮ ਆਦਮੀ ਪਾਰਟੀ ਨੇ 28 ਅਤੇ ਭਾਜਪਾ ਨੇ 10 ਵਾਰਡ ਜਿੱਤੇ।
ਨਗਰ ਨਿਗਮ ਫਗਵਾੜਾ ਵਿੱਚ 50 ਵਾਰਡਾਂ ਵਿੱਚੋਂ ਕੋਈ ਵੀ ਪਾਰਟੀ ਬਹੁਮਤ ਹਾਸਲ ਨਹੀਂ ਕਰ ਸਕੀ ਹੈ। ਇੱਥੇ ਕਾਂਗਰਸ ਨੇ 22 ਵਾਰਡ, ਆਮ ਆਦਮੀ ਪਾਰਟੀ ਨੇ 12, ਭਾਜਪਾ ਨੇ 4, ਅਕਾਲੀ ਦਲ ਨੇ 3 ਅਤੇ ਬਹੁਜਨ ਸਮਾਜ ਪਾਰਟੀ ਨੇ 3 ਵਾਰਡ ਜਿੱਤੇ।
ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਦਾਵਾ ਕੀਤਾ ਕਿ ਪਾਰਟੀ ਨੇ 977 ਵਾਰਡਾਂ ਵਿੱਚੋਂ 50% ਤੋਂ ਵੱਧ ਜਿੱਤ ਕੇ ਇਤਿਹਾਸ ਰਚਿਆ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਜਿੱਤਣ ਵਾਲੇ ਉਮੀਦਵਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਜਿੱਤ ਦਾ ਸਿਹਰਾ ਪਾਰਟੀ ਵਲੋਂ ਅਪਣਾਈ ਜਾ ਰਹੀ ਚੰਗੀ ਸ਼ਾਸਨ ਪ੍ਰਣਾਲੀ ਅਤੇ ਪਾਰਦਰਸ਼ੀ ਰਾਜਨੀਤੀ ਨੂੰ ਦਿੱਤਾ।
ਭਾਜਪਾ ਅਤੇ ਅਕਾਲੀ ਦਲ ਨੇ ਆਮ ਆਦਮੀ ਪਾਰਟੀ 'ਤੇ ਕਈ ਥਾਵਾਂ 'ਤੇ ਫਰਜੀ ਵੋਟਾਂ ਬੂਥ ਤੋੜਫੋੜ ਕਰਨ ਦੇ ਦੋਸ਼ ਲਗਾਏ। ਚੋਣਾਂ ਦੌਰਾਨ ਇੱਕਾ-ਦੁੱਕਾ ਥਾਂ ਤੋਂ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਵਿੱਚ ਝਗੜੇ ਹੋਣ ਦੀਆਂ ਖਬਰਾਂ ਵੀ ਆਈਆਂ।
