ਰੂਪਨਗਰ ਪੁਲਿਸ ਵਲੋਂ ‘ਸਿਰੀਅਲ ਕਿਲਰ’ ਗ੍ਰਿਫ਼ਤਾਰ
ਰੂਪਨਗਰ ਪੁਲਿਸ ਵਲੋਂ ‘ਸਿਰੀਅਲ ਕਿਲਰ’ ਗ੍ਰਿਫ਼ਤਾਰ
ਪੰਜਾਬ ਦੇ ਜਿਲ੍ਹਾ ਰੂਪਨਗਰ ਦੇ ਸੀਨੀਅਰ ਕਪਤਾਨ ਪੁਲਿਸ (ਐਸ.ਐਸ.ਪੀ) ਗੁਲਨੀਤ ਸਿੰਘ ਖੁਰਾਨਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮਿਤੀ 23-12-2024 ਦਿਨ ਸੋਮਵਾਰ ਨੂੰ ਰੂਪਨਗਰ ਪੁਲਿਸ ਨੇ ਇੱਕ ਕਤਲ ਕੇਸ ਦੀ ਜਾਂਚ ਦੌਰਾਨ ਇਕ ਸ਼ਕੀ ਵਿਅਕਤੀ ਨੂੰ ਕਾਬੂ ਕੀਤਾ ਸੀ ਜਿਸ ਨੇ ਪੁਲਿਸ ਦੀ ਪੁੱਛਗਿੱਛ ਦੌਰਾਨ ਮੰਨਿਆ ਕਿ ਉਸ ਨੇ ਹੁਣ ਤੱਕ ਕਰੀਬ 10 ਲੋਕਾਂ ਦੀ ਹੱਤਿਆ ਕੀਤੀ ਹੈ। ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਕੇ ਡੂੰਘੀ ਪੁੱਛਗਿੱਛ ਕੀਤੀ ਗਈ ਜਿਸ ਤੇ ਉਸਦੀ ਪਹਿਚਾਣ ਰਾਮ ਸਵਰੂਪ @ ਸੋਢੀ ਵਜੋਂ ਹੋਈ ਹੈ ਜੋ ਤਹਿਸੀਲ ਗੜਸ਼ੰਕਰ ਜਿਲ੍ਹਾ ਹੋਸ਼ਿਆਰਪੁਰ ਦੇ ਚੌਰਾ ਪਿੰਡ ਦਾ ਰਹਿਣ ਵਾਲਾ ਹੈ।
ਐਸ.ਐਸ.ਪੀ ਨੇ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਿਤੀ 18 ਅਗਸਤ 2024 ਨੂੰ ਕਿਰਤਪੁਰ ਸਾਹਿਬ ਇਲਾਕੇ ਦੇ ਮਨਾਲੀ ਰੋਡ ’ਤੋਂ ਇਕ ਲਾਸ਼ ਮਿਲੀ ਸੀ ਜਿਸਦੀ ਸ਼ਨਾਖਤ ਮਨਿੰਦਰ ਸਿੰਘ ਵਜੋਂ ਹੋਈ ਸੀ। ਮੌਕੇ ਦੇ ਹਾਲਾਤ ਵੇਖਦੇ ਹੋਏ ਪੁਲਿਸ ਨੇ ਕਤਲ ਦਾ ਕੇਸ ਦਰਜ ਕੀਤਾ ਸੀ ਅਤੇ ਇਸ ਜਾਂਚ ਦੌਰਾਨ ਹੀ ਰਾਮ ਸਵਰੂਪ @ ਸੋਢੀ ਨੂੰ ਗ੍ਰਿਫਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਦੋਸ਼ੀ ਵਲੋਂ 9 ਹੋਰ ਲੋਕਾਂ ਦੇ ਕਤਲ ਕਰਨ ਦੀ ਵੀ ਗੱਲ ਕਬੂਲ ਕੀਤੀ। ਜਿਨ੍ਹਾਂ ਵਿਚੋਂ 3 ਕਤਲ ਉਸ ਨੇ ਰੂਪਨਗਰ ਦੇ ਇਲਾਕੇ ਵਿੱਚ ਹੀ ਕੀਤੇ ਹਨ।
ਐਸ.ਐਸ.ਪੀ ਨੇ ਅਗਾਂਹ ਦੱਸਿਆ ਪੁੱਛਗਿੱਛ ਦੌਰਾਨ ਇਹ ਵੀ ਪਤਾ ਲੱਗਾ ਕਿ ਦੋਸ਼ੀ ਵਿਆਹਿਆ ਹੋਈਆ ਹੈ ਅਤੇ ਉਸ ਦੇ ਤਿੰਨ ਬੱਚੇ ਹਨ ਪਰ ਉਸ ਦੇ ਤੌਰ ਤਰੀਕੇ ਅਤੇ ਚਾਲ- ਚੱਲਣ ਕਾਰਨ ਉਸ ਦੇ ਪਰਿਵਾਰ ਨੇ ਲਗਭਗ ਦੋ ਸਾਲ ਪਹਿਲਾਂ ਉਸ ਨਾਲ ਸਾਰੇ ਸਬੰਧ ਤੋੜ ਲਏ ਸਨ। ਉਹ ਇਸ ਇਲਾਕੇ ਵਿੱਚ ਅਕਸਰ ਹੀ ਭਟਕਦਾ ਰਹਿੰਦਾ ਸੀ ਅਤੇ ਲੋਕਾਂ ਨੂੰ ਫਸਾ ਕੇ ਵਾਰਦਾਤ ਨੂੰ ਅੰਜਾਮ ਦਿੰਦਾ ਸੀ। ਐਸ.ਐਸ.ਪੀ ਨੇ ਕਿਹਾ ਕਿ ਕੇਸ ਵਿਚ ਹੋਰ ਜਾਂਚ ਅਜੇ ਜਾਰੀ ਹੈ।