ਅਜ਼ਰਬਾਈਜਾਨ ਏਅਰਲਾਈਨਜ਼ ਦਾ ਜਹਾਜ਼ ਕਜਾਖਸਤਾਨ ਵਿਚ ਹਾਦਸਾਗ੍ਰਸਤ

ਅਜ਼ਰਬਾਈਜਾਨ ਏਅਰਲਾਈਨਜ਼ ਜਹਾਜ਼ ਹਾਦਸਾਗ੍ਰਸਤ 42 ਲੋਕਾਂ ਦੇ ਮਰਣ ਦੀ ਸੰਭਾਵਨਾ 


ਹਵਾਈ_ਹਾਦਸਾ_punjabisamachar.in
ਹਾਦਸਾਗ੍ਰਸਤ ਜਹਾਜ਼ ਅਤੇ ਚਲ ਰਹੇ ਰਾਹਤ ਕਾਰਜ 


ਅਜ ਮਿਤੀ 24-12-2024, ਬੁੱਧਵਾਰ ਨੂੰ ਅਜ਼ਰਬਾਈਜਾਨ ਏਅਰਲਾਈਨਜ਼ ਦਾ ਇੱਕ ਜਹਾਜ਼, ਜਿਸ ਵਿੱਚ 67 ਯਾਤਰੀ ਅਤੇ 5 ਕਰਮਚਾਰੀ ਸਵਾਰ ਸਨ ਪੱਛਮੀ ਕਜ਼ਾਖਸਤਾਨ ਦੇ ਅਕਤਾਉ ਵਿੱਚ ਹਾਦਸਾਗ੍ਰਸਤ ਹੋ ਗਿਆ ਦੱਸਿਆ ਜਾਂਦਾ ਹੈ। ਹਵਾਈ ਜਹਾਜ਼ ਰਾਜਧਾਨੀ ਬਾਕੂ ਤੋਂ ਰੂਸ ਦੇ ਸ਼ਹਿਰ ਗਰੋਜ਼ਨੀ ਲਈ ਉਡਾਨ ਭਰੀ ਸੀ।


ਕਜ਼ਾਖਸਤਾਨ ਦੇ ਐਮਰਜੈਂਸੀ ਮੰਤਰਾਲੇ ਨੇ ਕਿਹਾ ਕਿ ਅੱਗ ਭੁਜਾਉਣ ਵਾਲੀਆਂ ਸੇਵਾਵਾਂ ਨੇ ਅੱਗ ਉੱਤੇ ਕਾਬੂ ਪਾ ਲਿਆ ਹੈ। ਸੂਤਰਾਂ ਮੁਤਾਬਿਕ 25 ਲੋਕ ਹਾਦਸੇ ਤੋਂ ਬਚਾ ਲਏ ਗਏ ਹਨ, ਜਿਨ੍ਹਾਂ ਵਿੱਚੋਂ 22 ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮੁਢਲੀਆਂ ਸੰਭਾਵਨਾ ਤੋਂ ਲਗਦਾ ਹੈ ਕਿ ਹਾਦਸੇ ਵਿਚ ਬਾਕੀ 42 ਲੋਕਾਂ ਦੀ ਮੌਤ ਹੋ ਗਈ ਹੈ। 


ਅਜ਼ਰਬਾਈਜਾਨ ਏਅਰਲਾਈਨਜ਼ ਨੇ ਕਿਹਾ ਕਿ ਉਕਤ ਜਹਾਜ਼, ਐਮਬਰੇਅਰ 190, ਜਿਸ ਦਾ ਉਡਾਨ ਨੰਬਰ J2-8243 ਸੀ, ਬਾਕੂ ਤੋਂ ਰੂਸ ਦੇ ਚੇਚਨਿਆ ਦੀ ਰਾਜਧਾਨੀ ਗਰੋਜ਼ਨੀ ਜਾ ਰਿਹਾ ਸੀ, ਪਰ ਕਜ਼ਾਖ ਸ਼ਹਿਰ ਅਕਤਾਉ ਤੋਂ ਲਗਭਗ 3 ਕਿਮੀ ਦੂਰ ਐਮਰਜੈਂਸੀ ਲੈਂਡਿੰਗ ਕਰਨੀ ਪਈ।


ਰੂਸ ਦੀ ਇੰਟਰਫੈਕਸ ਖ਼ਬਰ ਏਜੰਸੀ ਨੇ ਰਿਪੋਰਟ ਕੀਤਾ ਕਿ ਕਜ਼ਾਖਸਤਾਨ ਵਿੱਚ ਅਧਿਕਾਰੀਆਂ ਨੇ ਵੱਖ-ਵੱਖ ਸੰਭਾਵਤ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਵਿੱਚ ਤਕਨੀਕੀ ਸਮੱਸਿਆ ਵੀ ਸ਼ਾਮਲ ਹੈ। ਰੂਸ ਦੇ ਹਵਾਈ ਨਿਗਰਾਨੀ ਅਧਿਕਾਰੀਆਂ ਨੇ ਕਿਹਾ ਕਿ ਸ਼ੁਰੂਆਤੀ ਜਾਣਕਾਰੀ ਅਨੁਸਾਰ, ਪਾਇਲਟ ਨੇ ਇੱਕ ਪੰਛੀ ਨਾਲ ਟਕਰਾਉਣ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕਰਨ ਦਾ ਫੈਸਲਾ ਕੀਤਾ। ਸੂਤਰਾਂ ਨੇ ਰੂਸੀ ਖ਼ਬਰ ਏਜੰਸੀਆਂ ਦੇ ਹਵਾਲੇ ਨਾਲ ਕਿਹਾ ਹੈ ਕਿ ਗਰੋਜ਼ਨੀ ਵਿੱਚ ਧੁੰਧ ਕਾਰਨ ਜਹਾਜ਼ ਦਾ ਰੂਟ ਬਦਲਿਆ ਗਿਆ ਸੀ।

 

ਇਸ ਹਾਦਸੇ ਤੋਂ ਬਾਅਦ, ਅਜ਼ਰਬਾਈਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਏਵ, ਜੋ ਰੂਸ ਵਿੱਚ ਇੱਕ ਅੰਤਰਰਾਸ਼ਟਰੀ ਸਮਿਟ ਲਈ ਗਏ ਸਨ, ਵਾਪਸ ਆਪਣੇ ਦੇਸ਼ ਪਰਤ ਗਏ ਹਨ।