ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਹੀਂ ਰਹੇ

 

ਮਨਮੋਹਨ ਸਿੰਘ ਦੀ ਛਬੀ: ਲਾਈਟ ਬਲੂ ਪੱਗ, ਐਨਕਾਂ,
ਕਾਲੀ ਨੇਹਰੂ ਜੈਕਟ, ਸਲੇਟੀ ਰੰਗ ਦੀ ਦਾੜ੍ਹੀ ਅਤੇ ਭਰਵੀਂ ਭੌਂਵਾਂ 


ਮਨਮੋਹਨ ਸਿੰਘ, ਸਾਬਕਾ ਪ੍ਰਧਾਨ ਮੰਤਰੀ ਜਿਨ੍ਹਾਂ ਨੂੰ 1991 ਦੇ ਵਿੱਤ ਮੰਤਰੀ ਵਜੋਂ ਭਾਰਤ ਦੇ ਆਰਥਿਕ ਉਦਾਰੀਕਰਨ ਦਾ ਸੇਹਿਰਾ ਜਾਂਦਾ ਹੈ 92 ਸਾਲ ਦੀ ਉਮਰ ਵਿੱਚ ਅੰਤਿਮ ਵਿਦਾਈ ਲੈ ਗਏ। ਉਹ 2004 ਤੋਂ 2014 ਤੱਕ ਦੋ ਮਿਆਦਾਂ ਲਈ ਪ੍ਰਧਾਨ ਮੰਤਰੀ ਰਹੇ। ਉਨ੍ਹਾਂ ਵਿੱਤ ਮੰਤਰੀ ਅਤੇ ਪ੍ਰਧਾਨ ਮੰਤਰੀ ਵਜੋਂ ਕਈ ਕਲਿਆਣ ਯੋਜਨਾਵਾਂ ਅਤੇ ਆਰਥਿਕ ਸੁਧਾਰ ਲਾਗੂ ਕੀਤੇ ਅਤੇ ਆਪਣੇ ਪਿੱਛੇ ਇੱਕ ਮਹੱਤਵਪੂਰਨ ਵਿਰਾਸਤ ਛੱਡ ਕੇ ਗਏ ਹਨ ।


ਮਨਮੋਹਨ ਸਿੰਘ ਦੀ ਛਵੀ ਸ਼ਾਂਤ ਸੁਭਾਵ, ਬੁੱਧੀਮਾਨ ਪਰ ਕਠੋਰ ਫੈਸਲਾ ਲੈਣ ਵਾਲੇ ਵਿਅਕਤੀ ਦੀ ਸੀ ਜਿਸਨੇ ਭਾਰਤ ਨੂੰ ਚੀਨ ਨਾਲ ਮੁਕਾਬਲਾ ਕਰਨ ਯੋਗ ਆਰਥਿਕ ਸ਼ਕਤੀ ਬਣਾਉਣ ਲਈ ਕੰਮ ਕੀਤਾ ਅਤੇ ਵਿਕਾਸਤਮਕ ਆਰਥਿਕ ਸੁਧਾਰ ਲਿਆਂਦੇ। 


ਉਨ੍ਹਾਂ ਦੀ ਮੌਤ ਦਾ ਐਲਾਨ ਆਲ ਇੰਡੀਆ ਇੰਸਟਿਟਿਊਟ ਆਫ ਮੈਡੀਕਲ ਸਾਇੰਸਿਜ਼ (AIIMS) ਦੁਆਰਾ ਜਾਰੀ ਕੀਤੇ ਬਿਆਨ ਰਾਹੀਂ ਕੀਤਾ ਗਿਆ ਜਿੱਥੇ ਕਿ ਉਹ ਜੇਰੇ ਇਲਾਜ ਸਨ।  ਸੂਤਰਾਂ ਮੁਤਾਬਕ ਸਾਹ ਲੈਣ 'ਚ ਦਿੱਕਤ ਹੋਣ ਤੋਂ ਬਾਅਦ ਉਨ੍ਹਾਂ ਨੂੰ ਏਮਜ਼ 'ਚ ਲਿਜਾਇਆ ਗਿਆ ਸੀ। ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ X ਪਲੇਟਫਾਰਮ ਤੇ ਉਨ੍ਹਾਂ ਦੇ ਦੇਹਾਂਤ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਭਾਰਤ ਦੇ "ਸਭ ਤੋਂ ਪ੍ਰਤਿਭਾਵਾਨ ਨੇਤਾਵਾਂ ਵਿੱਚੋਂ ਇੱਕ" ਕਿਹਾ। ਮਨਮੋਹਨ ਸਿੰਘ ਦੀ ਮੌਤ ਦੀ ਪੁਸ਼ਟੀ ਹੁੰਦੇ ਹੀ ਦੇਸ਼ ਵਿਚ ਸੱਤ ਦਿਨਾਂ ਦਾ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ।