ਸੁਪਰੀਮ ਕੋਰਟ ਸਖਤ, ਪੰਜਾਬ ਤੋਂ ਡੱਲੇਵਾਲ ਦੀ ਸੇਹਿਤ ਬਾਰੇ ਪਾਲਣਾ ਰਿਪੋਰਟ ਮੰਗੀ

ਜਗਜੀਤ ਸਿੰਘ ਡੱਲੇਵਾਲ 


ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਸੇਹਤ ਬਾਰੇ ਪੰਜਾਬ ਸਰਕਾਰ ਤੋਂ ਸੁਪਰੀਮ ਕੋਰਟ ਨੇ ਪਾਲਣਾ ਰਿਪੋਰਟ ਮੰਗੀ ਹੈ ਅਤੇ ਅਗਾਂਹ ਇਸਦੀ ਸੁਣਵਾਈ ਅੱਜ ਮਿਤੀ 28-12-2024, ਸ਼ਨੀਵਾਰ ਲਈ ਰੱਖੀ ਹੈ। ਡਬਲ ਬੈਂਚ ਨੇ ਪੰਜਾਬ ਦੇ ਮੁੱਖ ਸਕੱਤਰ ਅਤੇ ਡੀ.ਜੀ.ਪੀ ਨੂੰ ਸੁਣਵਾਈ ਮੌਕੇ ਹਾਜ਼ਰ ਰਹਿਣ ਦਾ ਹੁਕਮ ਦਿੱਤਾ ਹੈ। 


ਬੀਤੇ ਕੱਲ ਮਿਤੀ 27-12-2024 ਨੂੰ ਸੁਪਰੀਮ ਕੋਰਟ ਨੇ ਇਸ ਮਾਮਲੇ ਵਿਚ ਪੰਜਾਬ ਸਰਕਾਰ ਨੂੰ 20 ਦਸੰਬਰ ਦੇ ਆਪਣੇ ਹੁਕਮ ਦੀ ਪਾਲਣਾ ਤੇ ਸ਼ਨੀਵਾਰ ਤੱਕ ਰਿਪੋਟ ਪੇਸ਼ ਕਰਨ ਲਈ ਕਿਹਾ ਹੈ। ਉੱਚਤਮ ਅਦਾਲਤ ਵਲੋਂ 20 ਦਿਸੰਬਰ ਨੂੰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ ਦਾਖਲ ਕਰਨ ਬਾਰੇ ਫੈਸਲਾ ਲੈਣ ਲਈ ਕਿਹਾ ਗਿਆ ਸੀ। ਡੱਲੇਵਾਲ 26 ਨਵੰਬਰ ਤੋਂ ਭੁੱਖ ਹੜਤਾਲ ’ਤੇ ਹਨ।


ਜਸਟਿਸ ਸੂਰਿਆਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੂੰ ਕਿਹਾ ਕਿ ਉਹ ਮਾਮਲੇ ਨੂੰ ਲੈ ਕੇ ਚਿੰਤਤ ਹਨ ਅਤੇ ਦੇਖਣਾ ਚਾਹੁੰਦੇ ਹਨ ਕਿ ਡੱਲੇਵਾਲ ਨੂੰ ਹਸਪਤਾਲ ਵਿੱਚ ਦਾਖਲ ਕਰਨ ਬਾਰੇ ਹੁਕਮ ਦੀ ਪਾਲਣਾ ਕਿਵੇਂ ਹੋ ਰਹੀ ਹੈ। ਅਦਾਲਤ ਨੇ ਕਿਹਾ ਕਿ ਉਹ ਜ਼ਿਆਦਾ ਨਹੀਂ ਕਹਿਣਾ ਚਾਹੁੰਦੇ ਪਰ ਇਹ ਮਾਮਲਾ ਸ਼ਨੀਵਾਰ ਨੂੰ ਸੁਣਿਆ ਜਾਵੇਗਾ।


ਐਡਵੋਕੇਟ ਜਨਰਲ ਪੰਜਾਬ ਨੇ ਅਦਾਲਤ ਨੂੰ ਦੱਸਿਆ ਕਿ ਇੱਕ ਅੱਠ ਮੈਂਬਰੀ ਟੀਮ ਡੱਲੇਵਾਲ ਕੋਲ ਗਈ ਸੀ ਪਰ ਕਿਸਾਨਾਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ। ਜਿਸ ਤੇ ਬੈਂਚ ਨੇ ਕਿਹਾ ਕਿ ਜੇ ਇਹ ਕਾਨੂੰਨ ਅਤੇ ਕਾਇਦੇ ਦਾ ਮਸਲਾ ਹੈ ਤਾਂ ਇਸ ਨਾਲ ਸਖਤੀ ਨਾਲ ਨਿਬੜਣਾ ਚਾਹੀਦਾ ਹੈ। ਕਿਸੇ ਦੀ ਜ਼ਿੰਦਗੀ ਖਤਰੇ ਵਿੱਚ ਹੈ। ਮੈਡੀਕਲ ਸਹਾਇਤਾ ਦੇਣੀ ਜਰੂਰੀ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਐਸਾ ਸੰਕੇਤ ਮਿਲ ਰਿਹਾ ਹੈ ਕਿ ਪੰਜਾਬ ਸਰਕਾਰ ਹੁਕਮ ਦੀ ਪਾਲਣਾ ਨਹੀਂ ਕਰਨਾ ਚਾਹੁੰਦੀ ਹੈ।


ਐਡਵੋਕੇਟ ਜਨਰਲ ਨੇ ਅਦਾਲਤ ਨੂੰ ਭਰੋਸਾ ਦਿਵਾਇਆ ਕਿ ਕਿ ਉਹ ਪੂਰੀ ਰਿਪੋਟ ਸੁਪਰੀਮ ਕੋਰਟ ਵਿੱਚ ਪੇਸ਼ ਕਰਨਗੇ। ਬੈਂਚ ਨੇ ਕਿਹਾ ਕਿ ਪਹਿਲਾਂ ਇਹ ਯਕੀਨੀ ਬਣਾਉਣਾ ਜਰੂਰੀ ਹੈ ਕਿ ਕਿ ਡੱਲੇਵਾਲ ਸੁਰੱਖਿਅਤ ਹਨ। ਉਸ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।


ਇਸ ਤੋਂ ਪਹਿਲਾਂ ਅਦਾਲਤ ਨੇ ਪੰਜਾਬ ਸਰਕਾਰ ਨੂੰ ਡੱਲੇਵਾਲ ਦੇ ਮੈਡੀਕਲ ਟੈਸਟ ਨਾ ਕਰਵਾਉਣ ਦੇ ਲਈ ਨਾਰਾਜ਼ਗੀ ਜਤਾਈ ਸੀ। ਅਦਾਲਤ ਵਲੋਂ ਪੰਜਾਬ ਮੁੱਖ ਸਕੱਤਰ ਖ਼ਿਲਾਫ਼ ਅਦਾਲਤੀ ਹੁਕਮ ਦੀ ਪਾਲਣਾ ਨਾ ਕਰਨ ਲਈ ਦਾਖਲ ਕੀਤੀ ਗਈ ਮਾਨਹਾਨੀ ਪਟੀਸ਼ਨ 'ਤੇ ਵੀ ਨੋਟਿਸ ਜਾਰੀ ਕਰ ਦਿੱਤਾ ਹੈ।


ਪੰਜਾਬ ਸਰਕਾਰ ਨੇ ਕਿਸਾਨ ਆਗੂ ਡੱਲੇਵਾਲ ਦੀ ਗਿਰਦੀ ਸਿਹਤ ਅਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਦੇਖਦਿਆਂ 8 ਡਾਕਟਰਾਂ ਦੇ ਇਕ ਮੈਡੀਕਲ ਬੋਰਡ ਦਾ ਗਠਨ ਕੀਤਾ ਹੈ। ਇਹ ਮੈਡੀਕਲ ਬੋਰਡ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਮੈਡੀਕਲ ਸੁਪਰਿੰਟੈਂਡੈਂਟ ਦੀ ਅਗਵਾਈ ਹੇਠ ਕੰਮ ਕਰੇਗਾ।