ਪੰਜਾਬ ਸਰਕਾਰ ਵੱਲੋਂ ਕਿਸਾਨ ਆਗੂ ਡੱਲੇਵਾਲ ਦੀ ਗਿਰਦੀ ਸਿਹਤ ਨੂੰ ਲੈ ਕੇ ਉੱਚ ਪੱਧਰੀ ਮੈਡੀਕਲ ਬੋਰਡ ਦਾ ਗਠਨ
ਪੰਜਾਬ ਸਰਕਾਰ ਨੇ ਕਿਸਾਨ ਆਗੂ ਡੱਲੇਵਾਲ ਦੀ ਗਿਰਦੀ ਸਿਹਤ ਨੂੰ ਦੇਖਦਿਆਂ ਮੈਡੀਕਲ ਬੋਰਡ ਦਾ ਗਠਨ ਕੀਤਾ
![]() |
| ਜਗਜੀਤ ਸਿੰਘ ਡੱਲੇਵਾਲ 26 ਨਵੰਬਰ ਤੋਂ ਭੁੱਖ ਹੜਤਾਲ ਤੇ ਹਨ |
ਪੰਜਾਬ ਸਰਕਾਰ ਨੇ ਉੱਚ ਪੱਧਰੀ ਮੈਡੀਕਲ ਬੋਰਡ ਦਾ ਗਠਨ ਕੀਤਾ ਹੈ ਜਿਸ ਵਿੱਚ ਸੀਨੀਅਰ ਡਾਕਟਰ ਸ਼ਾਮਲ ਹਨ ਤਾਂ ਜੋ ਧਾਬੀ ਗੁਜਰਾਂ ਪਿੰਡ ਵਿੱਚ ਭੁੱਖ ਹੜਤਾਲ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮੈਡੀਕਲ ਸਹਾਇਤਾ ਦਿੱਤੀ ਜਾ ਸਕੇ। ਹਾਲਾਂਕਿ ਡੱਲੇਵਾਲ ਨੇ ਆਪਣੀ ਗਿਰਦੀ ਸਿਹਤ ਦੇ ਬਾਵਜੂਦ ਇਲਾਜ ਜਾਂ ਅਸਥਾਈ ਹਸਪਤਾਲ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ ਹੈ।
ਪਟਿਆਲਾ ਦੇ ਖਨੌਰੀ ਦੇ ਨੇੜੇ ਧਾਬੀ ਗੁਜਰਾਂ ਸਰਹੱਦ ’ਤੇ ਸ਼ੁੱਕਰਵਾਰ ਨੂੰ ਪੰਜਾਬ ਪੁਲਿਸ ਦੇ ਅਧਿਕਾਰੀ ਅਤੇ ਸਿਹਤ ਵਿਭਾਗ ਦੀ ਟੀਮ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮਿਲੀ। ਮੈਡੀਕਲ ਮਾਹਰਾਂ ਅਤੇ ਸਰਕਾਰੀ ਅਧਿਕਾਰੀਆਂ ਦੀ ਟੀਮ ਜਿਸ ਵਿੱਚ ਪਟਿਆਲਾ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ, ਪਟਿਆਲਾ ਦੇ ਐਸਐਸਪੀ ਡਾ. ਨਾਨਕ ਸਿੰਘ ਅਤੇ ਡੀਸੀ ਡਾ. ਪ੍ਰੀਤੀ ਯਾਦਵ ਸ਼ਾਮਲ ਸਨ, ਜਗਜੀਤ ਸਿੰਘ ਡੱਲੇਵਾਲ ਨੂੰ ਇਲਾਜ ਲੈਣ ਲਈ ਮਨਾਉਣ ਗਏ ਸੀ। ਟੀਮ ਨੇ ਉਨ੍ਹਾਂ ਨੂੰ ਉੱਚ ਗੁਣਵੱਤਾ ਵਾਲਾ ਇਲਾਜ ਪ੍ਰਦਾਨ ਕਰਨ ਦੀ ਪੇਸ਼ਕਸ਼ ਕੀਤੀ ਅਤੇ ਦੱਸਿਆ ਕਿ ਧਰਨਾ ਸਥਾਨ ’ਤੇ 24/7 ਮੈਡੀਕਲ ਟੀਮਾਂ ਉਪਲਬਧ ਹਨ, ਨਾਲ ਹੀ ਅਡਵਾਂਸਡ ਲਾਈਫ ਸਪੋਰਟ (ALS) ਐਂਬੂਲੈਂਸਾਂ ਅਤੇ ਲੋੜੀਂਦੇ ਮੈਡੀਕਲ ਉਪਕਰਣ ਵੀ ਹਨ।
ਇਨ੍ਹਾਂ ਐਂਬੂਲੈਂਸਾਂ ਵਿੱਚ ECG ਮਾਨੀਟਰ, ਡਿਫਿਬ੍ਰਿਲੇਟਰ, ਵੈਂਟੀਲੇਟਰ, ਸਸ਼ਨ ਮਸ਼ੀਨ, ਆਕਸੀਜਨ ਮਾਸਕ, ਇੰਟ੍ਰਾਵੀਨਸ ਫਲੂਡਸ, ਰੈਸਪਾਇਰੇਟਰੀ ਇੰਟਿਉਬੇਸ਼ਨ ਉਪਕਰਣ ਅਤੇ ਕੈਥੇਟਰਾਈਜ਼ੇਸ਼ਨ ਸਮੱਗਰੀ ਵੀ ਸ਼ਾਮਲ ਹੈ। ਟੀਮ ਨੇ ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ, ਮਾਤਾ ਕੌਸ਼ਲਿਆ ਹਸਪਤਾਲ ਜਾਂ ਧਰਨਾ ਸਥਾਨ ਤੋਂ 700 ਮੀਟਰ ਦੂਰ ਬਣਾਏ ਅਸਥਾਈ ਹਸਪਤਾਲ ਵਿੱਚ ਜਾਣ ਦਾ ਸੁਝਾਅ ਵੀ ਦਿੱਤਾ।
ਇਹ ਮੈਡੀਕਲ ਬੋਰਡ ਰਾਜਿੰਦਰਾ ਹਸਪਤਾਲ, ਪਟਿਆਲਾ ਦੇ ਮੈਡੀਕਲ ਸੁਪਰਿੰਟੈਂਡੈਂਟ ਦੀ ਅਗਵਾਈ ਹੇਠ ਕੰਮ ਕਰੇਗਾ। ਇਸ ਵਿੱਚ ਸੱਤ ਹੋਰ ਡਾਕਟਰ ਡਾ. ਆਸ਼ਿਸ ਭਗਤ (ਮੈਡੀਸਨ ਪ੍ਰੋਫੈਸਰ), ਡਾ. ਵਿਕਾਸ ਗੋਯਲ (ਸਰਜਰੀ ਪ੍ਰੋਫੈਸਰ), ਡਾ. ਲਲਿਤ ਗਰਗ (ਐਨੇਸਥੀਸ਼ੀਆ ਐਸੋਸੀਏਟ ਪ੍ਰੋਫੈਸਰ), ਡਾ. ਦਿਲਮੋਹਨ (ਆਰਥੋਪੀਡੀਸ਼ਨ), ਡਾ. ਸੌਰਭ ਸ਼ਰਮਾ (ਕਾਰਡੀਓਲੌਜਿਸਟ), ਡਾ. ਹਰਿਸ਼ ਕੁਮਾਰ (ਨਿਊਰੋਸਰਜਨ) ਅਤੇ ਡਾ. ਹਰਭੁਪਿੰਦਰ ਸਿੰਘ (ਯੂਰੋਲੌਜਿਸਟ) ਸ਼ਾਮਲ ਹਨ।
ਬੁੱਧਵਾਰ ਨੂੰ ਡੱਲੇਵਾਲ ਨੇ ਉਹਨਾਂ ਨੂੰ ਮਿਲਣ ਆਏ ਪੰਜਾਬ ਸਰਕਾਰ ਦੇ 8 ਮੰਤਰੀਆਂ ਦੇ ਵਫਦ ਨੂੰ ਪੁੱਛਿਆ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਦੀਆਂ ਮੰਗਾਂ ਦੇ ਸਮਰਥਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਵਾਸ ਅੱਗੇ ਧਰਨਾ ਕਿਉਂ ਨਹੀਂ ਦੇ ਸਕਦੇ। ਉਨ੍ਹਾਂ ਯਾਦ ਦਵਾਇਆ ਕਿ ਮਾਨ ਪਹਿਲਾਂ ਆਮ ਆਦਮੀ ਪਾਰਟੀ ਦੇ ਕੰਵੀਨਰ ਅਰਵਿੰਦ ਕੇਜਰੀਵਾਲ ਦੇ ਸਮਰਥਨ ਵਿੱਚ ਭੁੱਖ ਹੜਤਾਲ ’ਤੇ ਬੈਠੇ ਸਨ। ਜੇ ਮੁੱਖ ਮੰਤਰੀ, ਕੇਜਰੀਵਾਲ ਲਈ ਭੁੱਖ ਹੜਤਾਲ ਕਰ ਸਕਦੇ ਹਨ ਤਾਂ ਕਿਸਾਨਾਂ ਲਈ ਧਰਨਾ ਕਿਉਂ ਨਹੀਂ ਦੇ ਸਕਦੇ।
70 ਸਾਲਾਂ ਦੇ ਡੱਲੇਵਾਲ 26 ਨਵੰਬਰ ਤੋਂ ਭੁੱਖ ਹੜਤਾਲ ’ਤੇ ਹਨ। ਉਹ ਫਸਲਾਂ ਲਈ ਕਾਨੂੰਨੀ ਤੌਰ ’ਤੇ ਵਾਜਬ ਕੀਮਤ, ਕਰਜ਼ਾ ਮੁਆਫੀ, ਕਿਸਾਨਾਂ ਅਤੇ ਖੇਤੀ ਮਜ਼ਦੂਰਾਂ ਲਈ ਪੈਂਸ਼ਨ, ਅਤੇ ਕਿਸਾਨਾਂ ਲਈ ਹੋਰ ਛੋਟਾਂ ਦੀ ਮੰਗ ਕਰ ਰਹੇ ਹਨ। ਇਹ ਵੀ ਦਸ ਦੇਈਏ ਕਿ ਇਸ ਤੋਂ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਦੀ ਸੇਹਤ ਬਾਰੇ ਪੰਜਾਬ ਸਰਕਾਰ ਤੋਂ ਸੁਪਰੀਮ ਕੋਰਟ ਨੇ ਅਪਣੇ 20 ਦਿਸੰਬਰ ਦੇ ਹੁਕਮ ਦੀ ਪਾਲਣਾ ਰਿਪੋਰਟ ਮੰਗੀ ਹੈ ਅਤੇ ਅਗਾਂਹ ਇਸਦੀ ਸੁਣਵਾਈ ਅੱਜ ਮਿਤੀ 28-12-2024, ਸ਼ਨੀਵਾਰ ਲਈ ਰੱਖੀ ਹੈ।
