ਸ਼ਿਆਮ ਬੇਨੇਗਲ ਨਹੀਂ ਰਹੇ
ਸ਼ਿਆਮ ਬੇਨੇਗਲ ਦੀ ਅਲਵਿਦਾ
![]() |
| ਸ਼ਿਆਮ ਬੇਨੇਗਲ |
ਸ਼ਿਆਮ ਬੇਨੇਗਲ ਜੋ ਭਾਰਤ ਵਿਚ ਸਮਾਨਾਂਤਰ ਸਿਨੇਮਾ ਦੇ ਮੋਢੀ ਵਜੋਂ ਜਾਣੇ ਜਾਂਦੇ ਹਨ ਸੰਸਾਰ ਤੋਂ ਕੂਚ ਕਰ ਗਏ। ਉਨ੍ਹਾਂ ਦੀ ਧੀ ਪੀਆ ਬੇਨੇਗਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਮੁੰਬਈ ਦੇ ਵੌਕਹਾਰਡ ਹਸਪਤਾਲ ਵਿਚ ਦਾਖਲ ਸੀ ਜਿਥੇ ਸ਼ਾਮ 6:30 ਵਜੇ ਦੇ ਕਰੀਬ ਮਿਤੀ 23-12-2024 ਦਿਨ ਸੋਮਵਾਰ ਨੂੰ ਉਹਨਾਂ ਦਾ ਨਿਧਨ ਹੋ ਗਿਆ। ਭਾਰਤੀ ਸਿਨੇਮਾ ਦੇ ਸਭ ਤੋਂ ਮਹੱਤਵਪੂਰਨ ਹਸਤੀਆਂ ਵਿੱਚੋਂ ਇੱਕ ਸ਼ਿਆਮ ਬੇਨੇਗਲ ਕੁਝ ਸਮੇਂ ਤੋਂ ਗੁਰਦੇ ਦੀ ਬਿਮਾਰੀ ਨਾਲ ਜੂਝ ਰਹੇ ਸਨ।
ਉਨ੍ਹਾਂ ਹਾਲ ਹੀ ਵਿੱਚ 14 ਦਸੰਬਰ ਨੂੰ ਆਪਣਾ 90ਵਾਂ ਜਨਮਦਿਨ ਮਨਾਇਆ ਸੀ। ਇਸ ਮੌਕੇ ’ਤੇ ਕਈ ਪ੍ਰਸਿੱਧ ਕਲਾ-ਕਾਰ ਅਤੇ ਦੋਸਤਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਕੁਲਭੂਸ਼ਣ ਖਰਬੰਦਾ, ਨਸੀਰੁੱਦਿਨ ਸ਼ਾਹ, ਦਿਵਿਆ ਦੱਤਾ, ਸ਼ਬਾਨਾ ਅਜ਼ਮੀ, ਰਜਿਤ ਕਪੂਰ, ਅਤੁਲ ਤਿਵਾਰੀ ਅਤੇ ਕੁਨਾਲ ਕਪੂਰ ਸ਼ਾਮਲ ਸਨ।
ਸ਼ਿਆਮ ਬੇਨੇਗਲ ਦਾ ਜਨਮ 14 ਦਸੰਬਰ 1934 ਨੂੰ ਹੈਦਰਾਬਾਦ ਵਿੱਚ ਇੱਕ ਕੌਂਕਣੀ-ਭਾਸ਼ਾ ਬੋਲਣ ਵਾਲੇ ਚਿਤ੍ਰਾਪੁਰ ਸਰਸਵਤ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ, ਸ੍ਰੀਧਰ ਬੇਨੇਗਲ ਦਾ ਪਿਛੋਕੜ ਕਰਨਾਟਕ ਤੋਂ ਸੀ ਅਤੇ ਉਹ ਪੇਸ਼ੇ ਤੋਂ ਇਕ ਫ਼ੋਟੋਗ੍ਰਾਫ਼ਰ ਸਨ। ਪਿਤਾ ਨੇ ਹੀ ਸ਼ਿਆਮ ਬੇਨੇਗਲ ਨੂੰ ਚਿਤਰਾਂ ਰਾਹੀਂ ਕਹਾਣੀ ਕਹਿਣ ਦੇ ਢੰਗ ਨਾਲ ਜਾਣੂ ਕਰਵਾਇਆ। ਪਿਤਾ ਤੋਂ ਉਪਹਾਰ ਵਿਚ ਮਿਲੇ ਕੈਮਰੇ ਨਾਲ ਸ਼ਿਆਮ ਬੇਨੇਗਲ ਨੇ ਅਪਣੀ ਪਹਿਲੀ ਫਿਲਮ ਸਿਰਫ 12 ਸਾਲ ਦੀ ਉਮਰ ਵਿੱਚ ਬਣਾਈ ਸੀ।
ਹਾਲਾਂਕਿ ਉਨ੍ਹਾਂ ਨੇ ਹੈਦਰਾਬਾਦ ਦੀ ਓਸਮਾਨੀਆ ਯੂਨੀਵਰਸਿਟੀ ਤੋਂ ਅਰਥ-ਸ਼ਾਸਤਰ ਵਿੱਚ ਮਾਸਟਰ ਡਿਗਰੀ ਕੀਤੀ ਸੀ ਪਰ ਉਨ੍ਹਾਂ ਦਾ ਸਿਨੇਮਾ ਦਾ ਜਾਦੂ ਅਤੇ ਉਨ੍ਹਾਂ ਦਾ ਜਨੂੰਨ ਫਿਲਮਾਂ ਬਣਾਉਣ ਲਈ ਪ੍ਰੇਰਿਤ ਕਰਦਾ ਰਿਹਾ।
ਉਨ੍ਹਾਂ ਦੇ ਯੋਗਦਾਨ ਨੂੰ ਯਾਦਗਾਰੀ ਬਣਾਉਣ ਲਈ, ਉਨ੍ਹਾਂ ਦੀਆਂ ਅੰਕੁਰ, ਮੰਥਨ, ਜੁਨੂਨ, ਸੂਰਜ ਕਾ ਸਾਤਵਾ ਘੋੜਾ ਅਤੇ ਮੰਡੀ ਵਰਗੀਆਂ ਉਨ੍ਹਾਂ ਦੀ ਕਲਾਕ੍ਰਿਤੀਆਂ ਅੱਜ ਵੀ ਫਿਲਮ ਨਿਰਮਾਤਾਵਾਂ ਨੂੰ ਪ੍ਰੇਰਿਤ ਕਰਦੀਆਂ ਹਨ। ਭਾਰਤ ਸਰਕਾਰ ਵੱਲੋਂ ਉਨ੍ਹਾਂ ਦੇ ਸਿਨੇਮਾ ਵਿੱਚ ਯੋਗਦਾਨ ਲਈ 1976 ਵਿੱਚ ਪਦਮ ਸ਼੍ਰੀ ਅਤੇ 1991 ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।
.jpeg)