ਟਰੂਡੋ ਸਰਕਾਰ ਆਖਿਰੀ ਸਾਹਾਂ ਤੇ
ਜਸਟਿਨ ਟਰੂਡੋ ਨੂੰ ਐਨ.ਡੀ.ਪੀ. ਦੇ ਜਗਮੀਤ ਸਿੰਘ ਦੀ ਠਿੱਬੀ। ਸਮਰਥਨ ਲਿਆ ਵਾਪਸ।
![]() |
| ਜਸਟਿਨ ਟਰੂਡੋ |
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਇਹ ਹਫ਼ਤਾ ਵਿਵਾਦਾਂ ਭਰਿਆ ਰਿਹਾ। ਉਹਨਾਂ ਆਪਣੇ ਸਭ ਤੋਂ ਸ਼ਕਤੀਸ਼ਾਲੀ ਕੈਬਨਿਟ ਮੰਤਰੀ ਨੂੰ ਗੁਆਉਣ ਦੇ ਨਾਲ-ਨਾਲ, ਸ਼ੁੱਕਰਵਾਰ ਨੂੰ ਆਪਣੇ ਸ਼ਾਸਨ ਅਧਿਕਾਰ ਨੂੰ ਵੀ ਗਵਾ ਦਿੱਤਾ, ਜਦੋਂ ਉਹਨਾਂ ਦੀ ਭਾਈਵਾਲ ਪਾਰਟੀ ਐਨ.ਡੀ.ਪੀ. ਨੇ ਅਪਣਾ ਸਮਰਥਨ ਵਾਪਸ ਲੈ ਲਿਆ।
ਜਸਟਿਨ ਟਰੂਡੋ ਨੂੰ ਕੈਨੇਡਾ ਵਿੱਚ ਸੱਤਾ ਵਿੱਚ ਰੱਖਣ ਵਾਲੇ ਸਭ ਤੋਂ ਮਹੱਤਵਪੂਰਨ ਰਾਜਨੀਤਿਕ ਸਾਥੀ, ਨਿਊ ਡੈਮੋਕ੍ਰੈਟਿਕ ਪਾਰਟੀ ਦੇ ਜਗਮੀਤ ਸਿੰਘ ਨੇ ਸ਼ੁੱਕਰਵਾਰ ਨੂੰ ਸਰਕਾਰ ਨੂੰ ਡਿੱਗਾਉਣ ਦੇ ਇਰਾਦੇ ਦਾ ਐਲਾਨ ਕੀਤਾ।
ਟਰੂਡੋ ਦੇ ਹਫ਼ਤੇ ਦੀ ਸ਼ੁਰੂਆਤ ਉਨ੍ਹਾਂ ਦੇ ਸਭ ਤੋਂ ਸ਼ਕਤੀਸ਼ਾਲੀ ਕੈਬਨਿਟ ਮੰਤਰੀ ਕ੍ਰਿਸਟੀਆ ਫ਼ਰੀਲੈਂਡ, ਜਿਨ੍ਹਾਂ ਕੋਲ ਉਪ-ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਦੇ ਅਹੁਦੇ ਸਨ ਦੇ ਅਸਤੀਫਾ ਨਾਲ ਹੋਈ। ਇਸੇ ਦਿਨ ਸਰਕਾਰ ਨੇ ਹਾਊਸ ਆਫ਼ ਕਾਮਨਜ਼ ਵਿੱਚ ਅਪਣੀ ਨਵੀਂ ਵਿੱਤੀ ਯੋਜਨਾ ਦੀ ਘੋਸ਼ਣਾ ਕਰਨੀ ਸੀ।ਫਰੀਲੈਂਡ ਦੇ ਅਸਤੀਫੇ ਨੇ ਟਰੂਡੋ ਦੀ ਸੱਤਾ ਤੇ ਕਬਜ਼ੇ ਨੂੰ ਕਮਜ਼ੋਰ ਕਰ ਦਿੱਤਾ।
ਜਦੋਂ ਟਰੂਡੋ ਸ਼ੁੱਕਰਵਾਰ ਨੂੰ ਆਪਣੇ ਕੈਬਨਿਟ ਦੀ ਰੱਦੋਬਦਲ ਕਰ ਰਹੇ ਸਨ, ਜਗਮੀਤ ਸਿੰਘ ਨੇ ਦੀ ਐਨ.ਡੀ.ਪੀ. ਦਾ ਘੱਟਗਿਣਤੀ ਲਿਬਰਲ ਸਰਕਾਰ ਨੂੰ ਸਮਰਥਨ ਵਾਪਸ ਲੈ ਲਿਆ। ਜਗਮੀਤ ਸਿੰਘ ਨੇ ਸੋਸ਼ਲ ਮੀਡੀਆ 'ਤੇ ਪ੍ਰਕਾਸ਼ਿਤ ਇੱਕ ਖੁਲੇ ਪੱਤਰ ਵਿੱਚ ਕਿਹਾ ਕਿ ਟਰੂਡੋ ਲੋਕਾਂ ਨੂੰ ਬਤੌਰ ਪ੍ਰਧਾਨ ਮੰਤਰੀ ਵਾਰ-ਵਾਰ ਨਿਰਾਸ਼ ਕਰਦੇ ਰਹੇ। ਜਸਟਿਨ ਟਰੂਡੋ ਨੂੰ ਲੋਕਾਂ ਲਈ ਕੰਮ ਕਰਨਾ ਚਾਹੀਦਾ ਸੀ ਨਾ ਕਿ ਸ਼ਕਤੀਸ਼ਾਲੀ ਲੋਕਾਂ ਲਈ। ਪ੍ਰਧਾਨ ਮੰਤਰੀ ਇਸ ਵਿੱਚ ਨਾਕਾਮ ਰਹੇ। ਉਹਨਾਂ ਕੈਨੇਡਾ ਵਾਸੀਆਂ 'ਤੇ ਧਿਆਨ ਦੇਣ ਦੀ ਬਜਾਏ ਖੁਦ ਉੱਤੇ ਜਿਆਦਾ ਧਿਆਨ ਦਿੱਤਾ।
ਜਗਮੀਤ ਸਿੰਘ ਨੇ ਅਗਾਂਹ ਲਿਖਿਆ ਕਿ ਉਹਨਾਂ ਦੀ ਪਾਰਟੀ ਐਨ.ਡੀ.ਪੀ. ਇਸ ਸਰਕਾਰ ਨੂੰ ਡਿੱਗਾਉਣ ਲਈ ਵੋਟ ਕਰੇਗੀ ਅਤੇ ਕੈਨੇਡਾ ਵਾਸੀਆਂ ਨੂੰ ਇੱਕ ਮੌਕਾ ਦੇਵੇਗੀ ਕਿ ਉਹ ਇੱਕ ਐਸੀ ਸਰਕਾਰ ਨੂੰ ਚੁਣ ਸਕਣ ਜੋ ਉਨ੍ਹਾਂ ਲਈ ਕੰਮ ਕਰੇ। ਲਿਬਰਲ ਪਾਰਟੀ ਦਾ ਕੋਈ ਵੀ ਆਗੂ ਹੋਵੇ, ਇਸ ਸਰਕਾਰ ਦਾ ਸਮਾਂ ਮੁਕ ਗਿਆ ਹੈ। ਉਹਨਾਂ ਹਾਊਸ ਆਫ਼ ਕਾਮਨਜ਼ ਦੀ ਅਗਲੀ ਬੈਠਕ ਵਿੱਚ ਬੇਭਰੋਸਗੀ ਦਾ ਸਪੱਸ਼ਟ ਪ੍ਰਸਤਾਵ ਲਿਆਉਣ ਬਾਰੇ ਵੀ ਲਿਖਿਆ।
ਜਸਟਿਨ ਟਰੂਡੋ ਸਰਕਾਰ ਹੁਣ ਘੱਟ ਗਿਣਤੀ ਸਰਕਾਰ ਰਹਿ ਗਈ ਹੈ ਅਤੇ ਉਹਨਾਂ ਕੋਲ ਗਿਣਤੀ ਦੇ ਦਿਨ ਹੀ ਬਚੇ ਹਨ।
