ਯੋਗੀ ਆਦਿਤਿਆਨਾਥ ਨੂੰ KZF ਵੱਲੋਂ ਜਾਨ ਤੋਂ ਮਾਰਨ ਦੀ ਧਮਕੀ

 ਯੋਗੀ ਆਦਿਤਿਆਨਾਥ ਨੂੰ ਖਾਲਿਸਤਾਨ ਜ਼ਿੰਦਾਬਾਦ ਫੋਰਸ (KZF) ਵੱਲੋਂ ਜਾਨ ਤੋਂ ਮਾਰਨ ਦੀ ਧਮਕੀ

ਯੋਗੀ ਆਦਿਤਿਆਨਾਥ
ਮੁੱਖ ਮੰਤਰੀ ਉੱਤਰ ਪ੍ਰਦੇਸ਼ 


ਆਤੰਕਵਾਦੀ ਸੰਗਠਨ ਖਾਲਿਸਤਾਨ ਜ਼ਿੰਦਾਬਾਦ ਫੋਰਸ (KZF) ਨੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਜਾਨ ਤੋਂ ਮਾਰਨ ਦੀ ਧਮਕੀਆਂ ਦਿੱਤੀਆਂ ਹਨ। ਇਹ ਧਮਕੀਆਂ ਪੰਜਾਬ ਪੁਲਿਸ ਵੱਲੋਂ ਬੰਬ ਧਮਾਕਿਆਂ ਵਿਚ ਲੋੜੀਂਦੇ ਤਿੰਨ ਆਤੰਕਵਾਦੀਆਂ ਦੇ ਪੰਜਾਬ ਅਤੇ ਯੂ.ਪੀ. ਪੁਲਿਸ ਦੇ ਸਾਂਝੇ ਅਭਿਆਨ ਦੌਰਾਨ ਇੱਕ ਮੁਕਾਬਲੇ ਵਿਚ ਮਾਰੇ ਜਾਣ ਤੋਂ ਬਾਅਦ ਦਿੱਤੀਆਂ ਗਈਆਂ ਹਨ । ਇਹ ਤਿੰਨੇ ਆਤੰਕਵਾਦੀ ਪੰਜਾਬ ਦੇ ਜਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਸਨ। 



KZF ਦੇ ਰਣਜੀਤ ਸਿੰਘ @ ਨੀਟਾ ਨੇ 2 ਮਿੰਟ 23 ਸਕਿੰਟ ਦਾ ਇੱਕ ਵੀਡੀਓ ਜਾਰੀ ਕੀਤਾ, ਜਿਸ ਵਿਚ ਉਸਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਮਾਰਨ ਦੀ ਧਮਕੀਆਂ ਦਿੱਤੀਆਂ ਹਨ। ਨੀਟੇ ਨੇ ਧਮਕੀ ਦਿੰਦੇ ਹੋਏ ਕਿਹਾ ਕਿ ਖਾਲਿਸਤਾਨ ਜ਼ਿੰਦਾਬਾਦ ਫੋਰਸ ਆਪਣੇ ਤਿੰਨੇਂ ਸਾਥੀਆਂ ਦੀ ਮੌਤ ਦਾ ਬਦਲਾ ਜਰੂਰ ਲਵੇਗੀ।



ਸੂਤਰਾਂ ਮੁਤਾਬਕ ਸਰਕਾਰੀ ਖੁਫੀਆ ਏਜੰਸੀਆਂ ਦਾ ਕਹਿਣਾ ਹੈ ਕਿ ਨੀਟਾ ਜਰਮਨੀ ਸਥਿਤ KZF ਦੇ ਹੋਰ ਮੈਂਬਰਾਂ ਨਾਲ ਸੰਪਰਕ ਵਿਚ ਹੈ ਜੋ ਉਸ ਨੂੰ ਭਾਰਤ ਵਿੱਚ ਆਤੰਕੀ ਗਤੀਵਿਧੀਆਂ ਲਈ ਲੋੜੀਂਦੀ ਸਹਾਇਤਾ ਅਤੇ ਪੈਸੇ ਮੁਹੱਈਆ ਕਰ ਰਹੇ ਹਨ। ਇਹਨਾਂ ਰਾਹੀਂ ਹੀ ਹਥਿਆਰ, ਗੋਲਾਬਾਰੂਦ ਅਤੇ ਹੋਰ ਵਿਸਫੋਟਕ ਸਮੱਗਰੀ ਪੰਜਾਬ ਵਿੱਚ ਸਮੱਗਲ ਕੀਤੀ ਗਈ ਜਿਸ ਨਾਲ ਗੁਰਦਾਸਪੁਰ ਗ੍ਰਨੇਡ ਹਮਲੇ ਵਰਗੇ ਹਮਲੇ ਸੰਭਵ ਹੋਏ। ਖੁਫੀਆ ਏਜੰਸੀਆਂ ਦੀ ਰਿਪੋਰਟ ਇਹ ਵੀ ਦੱਸਦੀ ਹੈ ਕਿ ਨੀਟਾ ਪਾਕਿਸਤਾਨ ਤੋਂ KZF ਨੂੰ ਸੰਚਾਲਿਤ ਕਰ ਰਿਹਾ ਹੈ ਜਿਥੇ ਉਸ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐਸ.ਆਈ ਵਲੋਂ ਸ਼ਹਿ ਪ੍ਰਾਪਤ ਹੈ। 



ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਉੱਤਰ ਪ੍ਰਦੇਸ਼ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਤਿੰਨ ਮੈਂਬਰਾਂ ਦੀ ਪਹਿਚਾਣ ਵਰਿੰਦਰ ਸਿੰਘ ਉਰਫ ਰਵਿ ਵਾਸੀ ਅਗਵਾਂ ਕਲਾਨੌਰ, ਗੁਰਵਿੰਦਰ ਸਿੰਘ @ਭੈਣੀ ਵਾਸੀ ਬਨਿਆ ਮੋਹੱਲਾ ਕਲਾਨੌਰ, ਅਤੇ ਜਸ਼ਨਪ੍ਰੀਤ ਸਿੰਘ @ ਪ੍ਰਤਾਪ ਸਿੰਘ ਵਾਸੀ ਸ਼ੂਰ ਖੁਰਦ ਕਲਾਨੌਰ ਵਜੋਂ ਕੀਤੀ ਹੈ । ਉੱਤਰ ਪ੍ਰਦੇਸ਼ ਵਿਚ ਪੁਲਿਸ ਮੁਕਾਬਲੇ ਵਿਚ ਇਨ੍ਹਾਂ ਦੇ ਕਬਜ਼ੇ ਤੋਂ ਦੋ AK-47 ਰਾਈਫਲ ਅਤੇ ਦੋ 9MM ਗਲੌਕ ਪਿਸਤੌਲ ਵੀ ਬਰਾਮਦ ਕੀਤੇ ਗਏ ਸਨ ।



ਪ੍ਰਾਰੰਭਿਕ ਜਾਂਚ ਤੋਂ ਪਤਾ ਚੱਲਿਆ ਹੈ ਕਿ ਇਹ ਆਤੰਕੀ ਗਿਰੋਹ ਪਾਕਿਸਤਾਨ ਸਥਿਤ KZF ਦੇ ਮੁਖੀ ਰਣਜੀਤ ਸਿੰਘ ਨੀਟਾ ਦੁਆਰਾ ਕੰਟਰੋਲ ਕੀਤਾ ਜਾ ਰਿਹਾ ਸੀ ਅਤੇ ਗ੍ਰੀਸ ਵਿੱਚ ਰਹਿੰਦੇ ਜਸਵਿੰਦਰ ਸਿੰਘ ਮੰਨੂ ਵਾਸੀ ਪਿੰਡ ਅਗਵਾਂ, ਕਲਾਨੌਰ ਵਲੋਂ ਚਲਾਇਆ ਜਾ ਰਿਹਾ ਸੀ।