ਪੰਜਾਬ ਪੁਲਿਸ ਵਲੋਂ ਸਰਹੱਦ ਪਾਰ ਤੋਂ ਨਸ਼ਾ ਤੇ ਹਥਿਆਰ ਤਸਕਰ ਗੈਂਗ ਦਾ ਪਰਦਾਫਾਸ਼, 12 ਗ੍ਰਿਫਤਾਰ
ਪੰਜਾਬ ਪੁਲਿਸ ਨੇ ਸਰਹੱਦ ਪਾਰ ਤੋਂ ਨਸ਼ਾ ਤੇ ਹਥਿਆਰ
ਤਸਕਰੀ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਕੀਤਾ,
12 ਗ੍ਰਿਫ਼ਤਾਰ
![]() |
| ਪੰਜਾਬ ਪੁਲਿਸ |
ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਸਰਹੱਦੀ ਨਸ਼ਾ ਅਤੇ ਹਥਿਆਰ ਤਸਕਰੀ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਕਰਦੇ ਹੋਏ 12 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਿਸ ਵਿਚ ਗੈੰਗ ਦਾ ਮੁੱਖੀ ਮਨਜੀਤ ਸਿੰਘ ਉਰਫ਼ ਭੋਲਾ ਵਾਸੀ ਪਿੰਡ ਝੰਜੋਟੀ, ਅਜਨਾਲਾ ਜਿਲ੍ਹਾ ਅੰਮ੍ਰਿਤਸਰ ਵੀ ਸ਼ਾਮਲ ਹੈ।
ਹੋਰ 11 ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਪਹਿਚਾਣ ਅਨੀਕੇਤ ਵਰਮਾ, ਜੋਬਨਪ੍ਰੀਤ ਸਿੰਘ, ਬਬਲੀ, ਹਰਪ੍ਰੀਤ, ਅਮ੍ਰਿਤਪਾਲ ਸਿੰਘ, ਰੇਸ਼ਮਾ, ਹਰਸ਼ਪ੍ਰੀਤ, ਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਲਵਪ੍ਰੀਤ ਸਿੰਘ ਅਤੇ ਆਕਾਸ਼ਦੀਪ ਸਿੰਘ ਵਜੋਂ ਹੋਈ ਹੈ। ਇਹ ਸਾਰੇ ਅੰਮ੍ਰਿਤਸਰ ਜ਼ਿਲ੍ਹੇ ਦੇ ਹੀ ਵਸਨੀਕ ਹਨ।
ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (DGP) ਗੌਰਵ ਯਾਦਵ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਦੋਸ਼ੀਆਂ ਕੋਲੋਂ 2.19 ਕਿਲੋ ਹੈਰੋਇਨ, ਤਿੰਨ ਪਿਸਤੌਲ ਜਿਸ ਵਿਚੋਂ ਦੋ ਸਵੈਚਾਲਿਤ ਹਨ ਅਤੇ 2.60 ਲੱਖ ਰੁਪਏ ਨਸ਼ੇ ਦੀ ਕਮਾਈ ਵਜੋਂ ਬਰਾਮਦ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਵਲੋਂ ਜੁਰਮ ਵਿਚ ਵਰਤੀ ਗਈ ਟੋਯੋਟਾ ਫੌਰਚੂਨਰ ਗੱਡੀ ਵੀ ਜ਼ਬਤ ਕੀਤੀ ਗਈ ਹੈ। DGP ਯਾਦਵ ਨੇ ਅਗਾਂਹ ਦਸਦੇ ਹੋਏ ਕਿਹਾ ਕਿ ਮੁੱਖ ਮੁਲਜ਼ਮ ਮਨਜੀਤ @ ਭੋਲਾ ਸਿੱਧੇ ਤੌਰ 'ਤੇ ਪਾਕਿਸਤਾਨ-ਅਧਾਰਿਤ ਤਸਕਰਾਂ ਨਾਲ ਸੰਪਰਕ ਵਿਚ ਸੀ ਅਤੇ ਸੀਮਾ ਪਾਰ ਤੋਂ ਨਸ਼ਾ ਅਤੇ ਹਥਿਆਰਾਂ ਦੀ ਖੇਪ ਪ੍ਰਾਪਤ ਕਰ ਰਿਹਾ ਸੀ। ਜਾਂਚ ਵਿੱਚ ਖੁਲਾਸਾ ਹੋਇਆ ਕਿ ਇਹ ਖੇਪ ਡਰੋਨ ਦੀ ਮਦਦ ਨਾਲ ਸੀਮਾ ਪਾਰ ਤੋਂ ਰਾਮਦਾਸ ਅਤੇ ਅਜਨਾਲਾ ਖੇਤਰ ਵਿੱਚ ਉਤਾਰੀ ਜਾ ਰਹੀ ਸੀ।
ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ (CP) ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਦੋਸ਼ੀ ਅਨੀਕੇਤ ਵਰਮਾ ਨੂੰ ਨਸ਼ੇ ਦੀ ਤਸਕਰੀ ਵਿਚ ਸ਼ਾਮਲ ਹੋਣ ਕਾਰਨ ਕਾਬੂ ਕਰ ਕਿ ਡੂੰਘੀ ਪੁੱਛਗਿੱਛ ਤੋਂ ਬਾਅਦ ਅਨੀਕੇਤ ਤੋਂ ਨਸ਼ੇ ਦੇ ਇਸ ਪੂਰੇ ਮੱਕੜਜਾਲ ਦਾ ਖੁਲਾਸਾ ਹੋਇਆ ਅਤੇ ਫਿਰ ਮੁੱਖ ਮੁਲਜ਼ਮ ਮਨਜੀਤ ਭੋਲਾ ਅਤੇ ਉਸ ਦੇ ਸਾਥੀਆਂ ਨੂੰ ਵੱਖ-ਵੱਖ ਸਥਾਨਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਹਨਾਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਪੁਲਿਸ ਦੀ ਮਦਦ ਨਾਲ ਵੀ ਪੰਜ ਮੁਲਜ਼ਮਾਂ ਨੂੰ ਜੰਮੂ-ਕਸ਼ਮੀਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
