ਪੰਜਾਬ ਦੇ ਸਰਕਾਰੀ ਡਾਕਟਰ 20 ਜਨਵਰੀ ਤੋਂ ਹੜਤਾਲ ਤੇ ਜਾਣਗੇ
ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (PCMSA) ਨੇ ਐਲਾਨ ਕੀਤਾ ਹੈ ਕਿ ਉਹ 20 ਜਨਵਰੀ ਤੋਂ ਆਪਣੀਆਂ ਸੇਵਾਵਾਂ ਮੁਅੱਤਲ ਕਰ ਕੇ ਹੜਤਾਲ ਤੇ ਜਾਣਗੇ।
![]() |
| ਪੰਜਾਬ ਸਿਹਤ ਵਿਭਾਗ |
ਇਹ ਕਦਮ ਰਾਜ ਸਰਕਾਰ ਵੱਲੋਂ ਪਹਿਲੇ ਕੀਤੇ ਵਾਅਦਿਆਂ ਤੇ ਨੋਟੀਫਿਕੇਸ਼ਨ ਜਾਰੀ ਨਾ ਕਰਨ ਕਾਰਨ ਚੁੱਕਿਆ ਜਾ ਰਿਹਾ ਹੈ। ਇਸ ਵਹੀਰ ਨੂੰ ਅੰਤਿਮ ਰੂਪ ਮਿਤੀ 12 ਜਨਵਰੀ ਨੂੰ ਮੋਗਾ ਵਿੱਚ ਹੋਣ ਜਾ ਰਹੀ ਆਮ ਸੱਭਾ ਵਿਚ ਦਿੱਤਾ ਜਾਵੇਗਾ। PCMSA, ਪੰਜਾਬ ਦੇ ਸਰਕਾਰੀ ਡਾਕਟਰਾਂ ਦੀ ਨੁਮਾਇੰਦਗੀ ਕਰਦਾ ਹੈ।
PCMSA ਦੇ ਪ੍ਰਧਾਨ ਡਾ. ਅਖਿਲ ਸਰੀਨ ਨੇ ਸ਼ੁੱਕਰਵਾਰ ਨੂੰ ਜਾਰੀ ਬਿਆਨ ਵਿੱਚ ਕਿਹਾ ਕਿ ਐਸੋਸੀਏਸ਼ਨ ਨੇ ਸਰਕਾਰ ਨਾਲ ਪਬਲਿਕ ਹੈਲਥਕੇਅਰ ਨਾਲ ਜੁੜੇ ਮੁੱਢਲੇ ਮੁੱਦਿਆਂ 'ਤੇ ਗੱਲਬਾਤ ਕਰਨ ਲਈ ਕਈ ਬਾਰ ਯਤਨ ਕੀਤਾ ਹੈ। ਇਸ ਵਿੱਚ ਉਹਨਾਂ ਦੀ ਅਪਣੀ ਨੌਕਰੀ ਦੀ ਤਰੱਕੀ ਦਾ ਮਸਲਾ ਵੀ ਹੈ, ਜੋ 1 ਜੁਲਾਈ 2021 ਤੋਂ ਰੁਕੀ ਹੋਈ ਹੈ। ਇਸ ਕਾਰਨ ਮੈਡੀਕਲ ਅਫ਼ਸਰਾਂ ਵਿੱਚ ਹੌਸਲੇ ਦੀ ਕਮੀ ਅਤੇ ਵੱਡੀ ਪੱਧਰ 'ਤੇ ਅਸਤੀਫ਼ੇ ਦੇਣ ਦੇ ਹਾਲਾਤ ਬਣ ਗਏ ਹਨ। MBBS ਮੈਡੀਕਲ ਅਫ਼ਸਰਾਂ ਦੀ ਭਾਰੀ ਕਮੀ ਪਬਲਿਕ ਸਿਹਤ ਸੇਵਾਵਾਂ 'ਤੇ ਦਬਾਅ ਵਧਾ ਰਹੀ ਹੈ। ਕਾਰਜ ਸਥਾਨ ਦੀ ਸੁਰੱਖਿਆ ਵੀ ਇਕ ਹੋਰ ਅਹਿਮ ਮੁੱਦਾ ਹੈ। ਉਹਨਾਂ ਇਹ ਵੀ ਦਾਵਾ ਕੀਤਾ ਕਿ ਸੁਪ੍ਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਦੇ ਬਾਵਜੂਦ ਹੈਲਥਕੇਅਰ ਸੈਂਟਰਾਂ ਵਿੱਚ 24x7 ਸੁਰੱਖਿਆ ਪ੍ਰਬੰਧ ਨਹੀਂ ਹਨ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਸਤੰਬਰ 2024 ਵਿਚ ਮੰਤਰੀਆਂ ਅਤੇ ਸਿਹਤ ਅਧਿਕਾਰੀਆਂ ਨਾਲ ਮੀਟਿੰਗਾਂ ਦੌਰਾਨ ਕਈ ਅਸ਼ਵਾਸਨ ਮਿਲੇ ਸਨ ਪਰ ਅਜੇ ਤਕ ਕੋਈ ਠੋਸ ਕਦਮ ਨਹੀਂ ਚੁੱਕੇ ਗਏ ਹਨ।
PCMSA ਨੇ ਚੇਤਾਵਨੀ ਦਿੱਤੀ ਕਿ ਇਸ ਸਾਲ ਦੇ ਅੰਤ ਤੱਕ ਕਈ ਵਿਸ਼ੇਸ਼ਗ ਡਾਕਟਰ ਅਪਣਾ ਬੌਂਡ ਪੀਰੀਅਡ ਪੂਰਾ ਕਰ ਰਹੇ ਹਨ ਅਤੇ ਇਸ ਨਾਲ ਸਿਹਤ ਵਿਭਾਗ ਵਿਚ ਵੱਡੇ ਪੱਧਰ 'ਤੇ ਅਸਤੀਫ਼ੇ ਵੇਖਣ ਨੂੰ ਮਿਲ ਸਕਦੇ ਹਨ ਜਿਸ ਨਾਲ ਸਿਹਤ ਪ੍ਰਣਾਲੀ ਦਾ ਸੰਕਟ ਹੋਰ ਗਹਿਰਾ ਹੋ ਸਕਦਾ ਹੈ।
