ਪੰਜਾਬ ਵਿੱਚ ਸਰਕਾਰੀ ਬੱਸ ਸੇਵਾਵਾਂ ਮੁੜ ਸ਼ੁਰੂ

 ਪੰਜਾਬ ਵਿੱਚ ਬੱਸ ਸੇਵਾਵਾਂ ਮੁੜ ਸ਼ੁਰੂ, ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਕਾਨਟਰੈਕਟ ਕਰਮਚਾਰੀਆਂ ਦੀ ਹੜਤਾਲ ਖਤਮ

ਪੰਜਾਬ ਰੋਡਵੇਜ, ਪੈਪਸੂ ਰੋਡਵੇਜ, ਹੜਤਾਲ ਖਤਮ, punjabisamachar.in
 ਪੰਜਾਬ ਰੋਡਵੇਜ਼ ਅਤੇ ਪੈਪਸੂ ਦੀ ਹੜਤਾਲ ਖਤਮ 

ਪੰਜਾਬ ਰੋਡਵੇਜ਼ ਅਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਦੇ ਠੇਕੇ ਤੇ ਕੰਮ ਕਰ ਰਹੇ ਕਰਮਚਾਰੀਆਂ ਦੀ ਤਿੰਨ ਦਿਨਾਂ ਹੜਤਾਲ, ਜੋ ਸੋਮਵਾਰ ਨੂੰ ਸ਼ੁਰੂ ਹੋਈ ਸੀ, ਦੂਜੇ ਦਿਨ ਮੰਗਲਵਾਰ ਨੂੰ ਪ੍ਰਸ਼ਾਸਨ ਨਾਲ ਹੋਈ ਮੀਟਿੰਗ ਤੋਂ ਬਾਅਦ ਖਤਮ ਕਰ ਦਿੱਤੀ ਗਈ ਹੈ।


ਠੇਕੇ ਤੇ ਕੰਮ ਕਰ ਰਹੇ ਕਰਮਚਾਰੀ ਆਪਣੇ ਸੁਵਿਧਾਵਾਂ ਨੂੰ ਰੈਗੂਲਰ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਹੜਤਾਲ 'ਤੇ ਗਏ ਸਨ। ਇਸ ਦੇ ਚਲਦਿਆਂ ਸੂਬੇ ਭਰ ਦੇ ਬੱਸ ਅੱਡਿਆਂ 'ਤੇ ਯਾਤਰੀ ਪ੍ਰੇਸ਼ਾਨ ਅਤੇ ਬੇਸਹਾਰੇ ਨਜ਼ਰ ਆਏ।


ਯਾਤਰੀਆਂ ਨੂੰ ਹੋ ਰਹੀ ਪਰੇਸ਼ਾਨੀ ਨੂੰ ਦੇਖਦਿਆਂ, ਪ੍ਰਸ਼ਾਸਨ ਨੇ ਪ੍ਰਦਰਸ਼ਨਕਾਰੀ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਤੋਂ ਬਾਅਦ ਇਹ ਤੈਅ ਹੋਇਆ ਹੈ ਕਿ 15 ਜਨਵਰੀ ਨੂੰ ਪ੍ਰਦਰਸ਼ਨ ਕਰ ਰਹੇ ਕਰਮਚਾਰੀਆਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਖੁਦ ਮੀਟਿੰਗ ਕਰਨਗੇ । ਪ੍ਰਦਰਸ਼ਨਕਾਰੀਆਂ ਨੇ ਆਪਣੇ ਮੰਗਾਂ ਨੂੰ ਲੈ ਕੇ ਸਬ-ਡਿਵੀਜ਼ਨ ਮੈਜਿਸਟ੍ਰੇਟ (ਐਸ.ਡੀ.ਐਮ) ਨੂੰ ਮੰਗ-ਪੱਤਰ ਵੀ ਸੌਂਪਿਆ।


ਪ੍ਰਦਰਸ਼ਨਕਾਰੀ ਠੇਕੇ ਤੇ ਕੰਮ ਕਰ ਰਹੇ ਡਰਾਈਵਰਾਂ ਅਤੇ ਕੰਡਕਟਰਾਂ ਦੀ ਸੇਵਾਵਾਂ ਨੂੰ ਰੈਗੂਲਰ ਕਰਨ ਦੀ ਮੰਗ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਰੈਗੂਲਰ ਅਤੇ ਠੇਕੇ ਤੇ ਕੰਮ ਕਰ ਰਹੇ ਕਰਮਚਾਰੀਆਂ ਵਿੱਚ ਤਨਖਾਹ ਦੀ ਬਰਾਬਰੀ ਹੋਣੀ ਚਾਹੀਦੀ ਹੈ। ਉਹਨਾਂ ਦਾ ਕਹਿਣਾ ਕਿ ਟਰਾਂਸਪੋਰਟ ਵਿਭਾਗ ਬੱਸਾਂ ਦੇ ਸੰਚਾਲਨ ਲਈ ਪ੍ਰਾਈਵੇਟ ਠੇਕੇਦਾਰਾਂ ਨੂੰ ਪ੍ਰੋਤਸਾਹਿਤ ਨਾ ਕਰੇ ਅਤੇ ਨਵੀਆਂ ਬੱਸਾਂ ਦੀ ਵੀ ਖਰੀਦ ਕੀਤੀ ਜਾਵੇ।


ਸੂਤਰਾਂ ਮੁਤਾਬਿਕ ਡਰਾਈਵਰ ਅਤੇ ਕੰਡਕਟਰਾਂ ਨੂੰ ਦੋ ਵੱਖ-ਵੱਖ ਸ਼੍ਰੇਣੀਆਂ ਵਿੱਚ ਤਨਖਾਹ ਮਿਲ ਰਹੀ ਹੈ। ਪਹਿਲੇ ਸਮੂਹ ਦੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ 18,000 ਰੁਪਏ ਪ੍ਰਤੀ ਮਹੀਨਾ ਮਿਲ ਰਹੇ ਹਨ, ਜਦੋਂ ਕਿ ਦੂਜੇ ਸਮੂਹ ਦੇ ਡਰਾਈਵਰਾਂ ਨੂੰ ਕੇਵਲ 13,000 ਰੁਪਏ ਅਤੇ ਕੰਡਕਟਰਾਂ ਨੂੰ 12,000 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲ ਰਹੀ ਹੈ। ਹੜਤਾਲ ਦੇ ਖਤਮ ਹੋਣ ਨਾਲ ਯਾਤਰੀਆਂ ਨੂੰ ਰਾਹਤ ਮਿਲੀ ਹੈ ਅਤੇ ਸੂਬੇ ਵਿੱਚ ਬੱਸ ਸੇਵਾਵਾਂ ਮੁੜ ਪੂਰੀ ਤਰ੍ਹਾਂ ਚਾਲੂ ਹੋ ਗਈਆਂ ਹਨ।