ਪੰਜਾਬ ਕਿੰਗਜ਼ ਨੂੰ IPL 2025 ਲਈ ਮਿਲਿਆ ਨਵਾਂ ਕਪਤਾਨ

ਪੰਜਾਬ ਕਿੰਗਜ਼ ਦੇ ਆਯੋਜਕਾਂ ਨੇ IPL 2025 ਸੀਜ਼ਨ ਲਈ ਸ਼੍ਰੇਯਸ ਅਈਅਰ ਨੂੰ ਕਪਤਾਨ ਨਿਯੁਕਤ ਕੀਤਾ ਹੈ। 
ਸ਼੍ਰੇਯਸ ਅਈਅਰ ਹੋਣਗੇ ਪੰਜਾਬ ਕਿੰਗਜ਼ ਦੇ ਨਵੇਂ ਕਪਤਾਨ, ਸ਼੍ਰੇਆਸ ਅਈਅਰ, ਆਈ.ਪੀ.ਐੱਲ ,IPL 2025, Cricket, Punjab Kings
ਸ਼੍ਰੇਯਸ ਅਈਅਰ ਹੋਣਗੇ ਪੰਜਾਬ ਕਿੰਗਜ਼ ਦੇ ਨਵੇਂ ਕਪਤਾਨ 

ਇਸ ਦਾ ਐਲਾਨ ਕਰਨ ਲਈ ਬਹੁਤ ਹੀ ਵਿਲੱਖਣ ਤਰੀਕਾ ਚੁਣੀਆ ਗਿਆ। ਬੀਤੇ ਐਤਵਾਰ, ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੇ ਰੀਅਲਿਟੀ ਟੀਵੀ ਸ਼ੋਅ 'ਬਿਗ ਬੌਸ' 'ਤੇ ਇਸਦਾ ਐਲਾਨ ਕੀਤਾ। ਸ਼੍ਰੇਯਸ ਅਈਅਰ, ਸ਼ਸ਼ਾਂਕ ਸਿੰਘ ਅਤੇ ਯੁਜ਼ਵੇਂਦਰ ਚਹਲ ਸ਼ੋਅ ਦੇ ਸੈੱਟ 'ਤੇ ਸਲਮਾਨ ਨਾਲ ਸ਼ਾਮਿਲ ਹੋਏ ਤਾਂ ਜੋ ਇਹ ਐਲਾਨ ਪ੍ਰਸ਼ੰਸਕਾਂ ਲਈ ਹੋਰ ਮਜ਼ੇਦਾਰ ਬਣ ਸਕੇ।


30 ਸਾਲਾ ਅਈਅਰ ਨੇ ਪੰਜਾਬ ਕਿੰਗਜ਼ ਪ੍ਰਬੰਧਨ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੇ ਭਰੋਸੇ ਨੂੰ ਸਫਲਤਾ ਵਿੱਚ ਬਦਲਣ ਦਾ ਵਾਅਦਾ ਕੀਤਾ। ਉਸ ਨੇ ਕਿਹਾ, "ਮੈਂ ਸਨਮਾਨਿਤ ਮਹਿਸੂਸ ਕਰਦਾ ਹਾਂ ਕਿ ਟੀਮ ਨੇ ਮੇਰੇ ਉੱਤੇ ਭਰੋਸਾ ਜਤਾਇਆ ਹੈ। ਮੈਂ ਦੋਬਾਰਾ ਕੋਚ ਰਿਕੀ ਪੌਂਟਿੰਗ ਨਾਲ ਕੰਮ ਕਰਨ ਲਈ ਉਤਸੁਕ ਹਾਂ। ਟੀਮ ਬਹੁਤ ਮਜ਼ਬੂਤ ਲਗਦੀ ਹੈ, ਜਿਸ ਵਿੱਚ ਕਮਾਲ ਦੇ ਯੁਵਾ ਅਤੇ ਤਜਰਬੇਕਾਰ ਖਿਡਾਰੀ ਹਨ। ਮੈਂ ਮੈਨੇਜਮੈਂਟ ਦੇ ਭਰੋਸੇ ਨੂੰ ਸਫਲਤਾ ਵਿੱਚ ਬਦਲਣ ਲਈ ਬੇਤਾਬ ਹਾਂ।"


ਹੈੱਡ ਕੋਚ ਰਿਕੀ ਪੌਂਟਿੰਗ ਦਾ ਕਹਿਣਾ ਹੈ ਕਿ, "ਸ਼੍ਰੇਯਸ ਖੇਡ ਦੀ ਗਹਿਰੀ ਸਮਝ ਰੱਖਦਾ ਹੈ। ਉਸ ਦੀ ਕਾਬਲੀਅਤ ਟੀਮ ਨੂੰ ਸਫਲਤਾ ਪ੍ਰਾਪਤ ਕਰਨ ਵਿੱਚ ਮਦਦ ਕਰੇਗੀ। ਮੈਂ ਪਹਿਲਾਂ ਵੀ IPL ਵਿੱਚ ਉਸ ਨਾਲ ਕੰਮ ਕਰਨ ਦਾ ਅਨੰਦ ਮਾਣਿਆ ਹੈ ਅਤੇ ਹੁਣ ਵੀ ਉਸ ਨਾਲ ਕੰਮ ਕਰਨ ਲਈ ਉਤਸੁਕ ਹਾਂ। ਉਸ ਦੀ ਲੀਡਰਸ਼ਿਪ ਅਤੇ ਟੀਮ ਵਿਚ ਮੌਜੂਦ ਟੈਲੈਂਟ ਨਾਲ ਅਸੀਂ ਭਵਿੱਖ ਲਈ ਬਹੁਤ ਆਸਵੰਦ ਹਾਂ।"


ਸਾਲ 2024 ਵਿੱਚ ਸ਼੍ਰੇਯਸ ਅਈਅਰ ਦਾ ਪ੍ਰਦਰਸ਼ਨ ਬਹੁਤ ਹੀ ਸ਼ਲਾਘਾਯੋਗ ਰਿਹਾ ਸੀ। ਉਹ ਰੰਜੀ ਅਤੇ ਇਰਾਨੀ ਟਰਾਫੀ ਜਿੱਤਣ ਵਾਲੀ ਮੁੰਬਈ ਟੀਮ ਦਾ ਹਿੱਸਾ ਸੀ ਅਤੇ ਉਸਦੀ ਕਪਤਾਨੀ ਹੇਠ ਹੀ ਕੋਲਕਾਤਾ ਨਾਈਟ ਰਾਈਡਰਜ਼ ਨੇ 2024 IPL ਟ੍ਰਾਫੀ ਅਤੇ ਮੁੰਬਈ ਨੇ ਮੁਸ਼ਤਾਕ ਅਲੀ ਟਰਾਫੀ ਦੂਜੀ ਵਾਰ ਜਿੱਤੀ ਸੀ। 


2025 IPL ਦੇ ਮੈਗਾ ਆਕਸ਼ਨ ਵਿੱਚ, ਪੰਜਾਬ ਕਿੰਗਜ਼ ਨੇ 26.75 ਕਰੋੜ ਰੁਪਏ ਦੇ ਰਿਕਾਰਡ ਮੁੱਲ 'ਤੇ ਅਈਅਰ ਨੂੰ ਖਰੀਦਿਆ ਸੀ। ਇਹ ਰਿਸ਼ਭ ਪੰਥ ਦੇ 27 ਕਰੋੜ ਦੇ ਮੁੱਲ ਤੋਂ ਬਾਅਦ ਦੂਜਾ ਸਭ ਤੋਂ ਮਹਿੰਗਾ ਸੌਦਾ ਸੀ।


ਪੰਜਾਬ ਕਿੰਗਜ਼ 2025 IPL ਦੀ ਟੀਮ:
ਸ਼੍ਰੇਯਸ ਅਈਅਰ (ਕਪਤਾਨ), ਸ਼ਸ਼ਾਂਕ ਸਿੰਘ, ਪ੍ਰਭਸਿਮਰਨ ਸਿੰਘ, ਅਰਸ਼ਦੀਪ ਸਿੰਘ, ਯੁਜ਼ਵੇਂਦਰ ਚਹਲ, ਮਾਰਕਸ ਸਟੋਇਨਿਸ, ਗਲੇਨ ਮੈਕਸਵੈਲ, ਨੇਹਲ ਵਾਧੇਰਾ, ਹਰਪ੍ਰੀਤ ਬਰਾੜ, ਵਿਸ਼ਨੁ ਵਿਨੋਦ, ਵਿਜਯਕੁਮਾਰ ਵੈਸ਼ਾਕ, ਯਸ਼ ਠਾਕੁਰ, ਮਾਰਕੋ ਜੈਨਸਨ, ਜੋਸ਼ ਇੰਗਲਿਸ, ਲੌਕੀ ਫਰਗੂਸਨ, ਅਜ਼ਮਤੁੱਲਾ ਉਮਰਜ਼ਈ, ਹਰਨੂਰ ਪੰਨੂ, ਕੁਲਦੀਪ ਸੇਨ, ਪ੍ਰਿਯੰਸ਼ ਆਰਯਾ, ਐਰਨ ਹਾਰਡੀ, ਮੁਸ਼ੀਰ ਖਾਨ, ਸੁਰਿਆੰਸ਼ ਸ਼ੇਡਗੇ, ਜੇਵਿਅਰ ਬਾਰਟਲੈਟ, ਪਾਈਲਾ ਅਵਿਨਾਸ਼, ਪ੍ਰਵੀਣ ਦੁਬੇ।