ਅੰਮ੍ਰਿਤਸਰ ਵਿਖੇ 23 ਟਰੈਵਲ ਏਜੰਸੀਆਂ ਦੇ ਲਾਇਸੈਂਸ ਰੱਦ
ਅੰਮ੍ਰਿਤਸਰ ਵਿੱਚ ਟਰੈਵਲ ਏਜੰਟਾਂ ਵਿਰੁੱਧ ਕਾਰਵਾਈ ਕਰਦੇ ਹੋਏ 23 ਟਰੈਵਲ ਏਜੰਟਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ।
![]() |
| ਅੰਮ੍ਰਿਤਸਰ ਵਿਖੇ 23 ਟਰੈਵਲ ਏਜੰਸੀਆਂ ਦੇ ਲਾਇਸੈਂਸ ਰੱਦ |
ਜ਼ਿਲ੍ਹਾ ਪ੍ਰਸ਼ਾਸਨ ਨੇ ਰੂਸ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਦੇ ਲੁਭਾਵਨੇ ਵਾਅਦਿਆਂ ਨਾਲ ਧੋਖਾਧੜੀ ਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਕਾਰਵਾਈ ਕੀਤੀ ਗਈ ਹੈ। ਇਹ ਕਾਰਵਾਈ ਉਸ ਵੇਲੇ ਹੋਈ ਹੈ ਜਦੋਂ ਕੇਂਦਰ ਸਰਕਾਰ ਨੇ ਪੁਸ਼ਟੀ ਕੀਤੀ ਕਿ ਬਹੁਤ ਸਾਰੇ ਭਾਰਤੀਆਂ ਨੂੰ ਬਹਲਾ-ਫੁਸਲਾ ਕੇ ਝੂਠੇ ਲਾਰਿਆਂ ਵਿੱਚ ਫਸਾ ਕੇ ਰੂਸ ਦੀ ਫੌਜ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ।
ਹਾਲਾਂਕਿ ਪ੍ਰਸ਼ਾਸਨ ਨੂੰ ਕਿਸੇ ਇਮੀਗ੍ਰੇਸ਼ਨ ਏਜੰਸੀ ਦੀ ਰੂਸ ਭੇਜਣ ਵਿੱਚ ਭੂਮਿਕਾ ਬਾਰੇ ਕੋਈ ਵੀ ਸਬੂਤ ਨਹੀਂ ਮਿਲੇ ਪਰ ਘੱਟੋ-ਘੱਟ 23 ਟਰੈਵਲ ਏਜੰਟਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ। ਇਨ੍ਹਾਂ ਵਿੱਚੋਂ ਦੋ ਏਜੰਸੀਆਂ ਅਜਿਹੀਆਂ ਹਨ, ਜਿਨ੍ਹਾਂ ਲੋਕਾਂ ਤੋਂ ਪਰਦੇਸ ਭੇਜਣ ਦੇ ਨਾਂ 'ਤੇ ਧੋਖਾਧੜੀ ਕੀਤੀ ਹੈ । ਉਹਨਾਂ ਖਿਲਾਫ ਕਾਰਵਾਈ ਲਈ ਉਹਨਾਂ ਦੇ ਕੇਸ ਪੁਲਿਸ ਨੂੰ ਭੇਜੇ ਗਏ ਹਨ।
ਸੂਤਰਾਂ ਦਾ ਕਹਿਣਾ ਹੈ ਕਿ ਬਹੁਤੇ ਟਰੈਵਲ ਏਜੰਟਾਂ ਦੇ ਲਾਇਸੈਂਸ ਇਸ ਕਰਕੇ ਰੱਦ ਕੀਤੇ ਗਏ ਹਨ ਕਿਉਂਕਿ ਉਨ੍ਹਾਂ ਨੇ ਆਪਣੇ ਲਾਇਸੈਂਸ ਦੇ ਨਵੀਨੀਕਰਨ ਲਈ ਅਰਜ਼ੀ ਨਹੀਂ ਦਿੱਤੀ ਅਤੇ ਉਨ੍ਹਾਂ ਨੂੰ ਭੇਜੇ ਨੋਟਿਸਾਂ ਦਾ ਵੀ ਉਹਨਾਂ ਕੋਈ ਜਵਾਬ ਨਹੀਂ ਦਿੱਤਾ ਹੈ ।
ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਕਾਰਵਾਈ ਸਿਰਫ਼ ਦਿਖਾਵਟੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਏਜੰਸੀਜ਼ ਦੇ ਲਾਇਸੈਂਸ ਰੱਦ ਕੀਤੇ ਗਏ ਹਨ, ਉਹਨਾਂ ਦੇ ਦਫਤਰ ਪਹਿਲਾਂ ਹੀ ਬੰਦ ਸਨ ਅਤੇ ਉਨ੍ਹਾਂ ਨੇ ਲਾਇਸੈਂਸ ਨਵੀਨੀਕਰਨ ਲਈ ਅਰਜ਼ੀ ਹੀ ਨਹੀਂ ਦਿੱਤੀ ਸੀ। ਲੋਕਾਂ ਦਾ ਕਹਿਣਾ ਹੈ ਕਿ ਆਨਲਾਈਨ ਚੱਲ ਰਹੀਆਂ ਏਜੰਸੀਜ਼ ਦੀ ਜਾਂਚ ਕੀਤੀ ਜਾਵੇ ਕਿਉਂਕਿ ਆਨਲਾਈਨ ਇਸ਼ਤਿਹਾਰਾਂ ਰਾਹੀਂ ਹੀ ਲਾਲਚ ਵਿਚ ਰੂਸ ਯਾ ਯੁਕਰੇਨ ਲਈ ਭਰਤੀ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਸਾਖਸ਼ੀ ਸਾਹਣੀ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਰੂਸ ਤੋਂ ਵਾਪਸ ਆਏ ਕਿਸੇ ਵਿਅਕਤੀ ਵੱਲੋਂ ਕੋਈ ਸ਼ਿਕਾਇਤ ਨਹੀਂ ਮਿਲੀ ਅਤੇ ਨਾ ਹੀ ਕਿਸੇ ਟਰੈਵਲ ਏਜੰਸੀ ਦੀ ਭੂਮਿਕਾ ਸਾਹਮਣੇ ਆਈ। ਪ੍ਰਸ਼ਾਸਨ 90 ਟਰੈਵਲ ਏਜੰਸੀਜ਼ ਦੀ ਜਾਂਚ ਕਰ ਰਿਹਾ ਹੈ।
ਜਿਲ੍ਹੇ ਵਿੱਚ ਲਗਭਗ 860 ਰਜਿਸਟਰਡ ਟਰੈਵਲ ਏਜੰਸੀਜ਼ ਹਨ। ਬਹੁਤ ਸਾਰੇ ਨੌਜਵਾਨ ਜਿਨ੍ਹਾਂ ਨੂੰ ਰੂਸ ਵਿੱਚ ਪੋਰਟਰ ਜਾਂ ਡਿਲਿਵਰੀ ਬੋਇਜ਼ ਦੇ ਤੌਰ 'ਤੇ ਰੱਖਿਆ ਗਿਆ ਸੀ ਉਹ ਲਾਲਚ ਵੱਸ ਯੂਕਰੇਨ ਦੀ ਜੰਗ ਵਿੱਚ ਸ਼ਾਮਲ ਹੋ ਗਏ ਸਨ। ਉਨ੍ਹਾਂ ਨੇ ਦੱਸਿਆ ਕਿ ਉਹਨਾਂ ਨੂੰ ਆਨਲਾਈਨ ਇਸ਼ਤਿਹਾਰਾਂ ਰਾਹੀਂ ਲੁਭਾਇਆ ਗਿਆ ਸੀ।
ਅੰਮ੍ਰਿਤਸਰ ਵਿਚ ਇਮੀਗ੍ਰੇਸ਼ਨ ਏਜੰਸੀ ਚਲਾਉਣ ਵਾਲੇ ਏਜੰਟਾਂ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਰੂਸ ਦੀ ਫੌਜ ਲਈ ਰੂਸ ਭੇਜਣ ਵਾਲੇ ਕੋਈ ਵੀ ਏਜੰਟ ਨਹੀਂ ਹੈ ਪਰ ਐਸਾ ਹੋਣਾ ਅਸੰਭਵ ਨਹੀਂ ਹੈ। ਉਹਨਾਂ ਮਤਾਬਕ ਬਹੁਤ ਸਾਰੇ ਨੌਜਵਾਨ ਸੋਸ਼ਲ ਮੀਡੀਆ ਤੇ ਗਲਤ ਇਸ਼ਤਿਹਾਰਾਂ ਤੋਂ ਪ੍ਰਭਾਵਿਤ ਹੋ ਕੇ ਆਨਲਾਈਨ ਅਰਜ਼ੀਆਂ ਰਾਹੀਂ ਰੂਸ ਗਏ ਹੋ ਸਕਦੇ ਹਨ।
Tags:
ਰਾਸ਼ਟਰੀ
