3 ਖਾਲਿਸਤਾਨੀ ਅੱਤਵਾਦੀ ਪੁਲਿਸ ਮੁਕਾਬਲੇ ਵਿਚ ਢੇਰ

3 ਖਾਲਿਸਤਾਨੀ ਅੱਤਵਾਦੀ, ਪੰਜਾਬ ਅਤੇ ਉੱਤਰ ਪ੍ਰਦੇਸ਼ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ ਢੇਰ। 

ਅੱਤਵਾਦੀ, ਪੁਲਿਸ ਮੁਕਾਬਲਾ, ਪੰਜਾਬ ਪੁਲਿਸ, Punjab Police, Police Encounter,
ਦੋਸ਼ੀ ਅੱਤਵਾਦੀਆਂ ਦੀ ਫਾਈਲ ਫੋਟੋ 

ਪੰਜਾਬ ਦੇ ਗੁਰਦਾਸਪੁਰ ਜਿਲ੍ਹੇ ਵਿੱਚ ਪੁਲਿਸ ਚੌਕੀ 'ਤੇ ਗ੍ਰੇਨੇਡ ਹਮਲਾ ਕਰਨ ਵਾਲੇ ਲੋੜੀਂਦੇ ਤਿੰਨ ਦੋਸ਼ੀ ਅੱਤਵਾਦੀ ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿੱਚ ਉੱਤਰ ਪ੍ਰਦੇਸ਼ ਅਤੇ ਪੰਜਾਬ ਪੁਲਿਸ ਦੇ ਸਾਂਝੀ ਕਾਰਵਾਈ ਦੌਰਾਨ ਮੁਕਾਬਲੇ ਵਿਚ ਮਾਰੇ ਗਏ ।


ਸੂਤਰਾਂ ਮੁਤਾਬਕ ਉੱਤਰ ਪ੍ਰਦੇਸ਼ ਅਤੇ ਪੰਜਾਬ ਦੀ ਸਾਂਝੀ ਪੁਲਿਸ ਟੀਮ ਅਤੇ ਪੁਲਸ ਥਾਣਾ ਅਤੇ ਚੌਂਕੀ ਤੇ ਹਮਲਾ ਕਰਨ ਵਾਲੇ ਤਿੰਨ ਦੋਸ਼ੀਆਂ ਵਿਚਕਾਰ ਮਿਤੀ 22/23 ਦੀ ਰਾਤ ਮੁਕਾਬਲਾ ਹੋਇਆ। ਪੰਜਾਬ ਪੁਲਿਸ ਦੋਸ਼ੀਆਂ ਦਾ ਪਿੱਛਾ ਕਰਦੇ ਹੋਏ ਉੱਤਰ ਪ੍ਰਦੇਸ਼ ਪਹੁੰਚੀ ਸੀ ਅਤੇ ਉੱਤਰ ਪ੍ਰਦੇਸ਼ ਪੁਲਿਸ ਦੇ ਸਹਿਯੋਗ ਨਾਲ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਪੁਲਿਸ ਨੂੰ ਦੇਖ ਕੇ ਦੋਸ਼ੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜੁਆਬੀ ਗੋਲੀਬਾਰੀ ਵਿੱਚ ਦੋਸ਼ੀ ਜ਼ਖ਼ਮੀ ਹੋ ਗਏ ਅਤੇ ਜ਼ਖਮਾਂ ਦੀ ਤਾਬ ਨਾ ਝੱਲਦੇ ਮਾਰੇ ਗਏ। ਦੋਸ਼ੀਆਂ ਦੀ ਸ਼ਨਾਖਤ ਗੁਰਵਿੰਦਰ ਸਿੰਘ, ਵਿਰੇਂਦਰ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਨਿਵਾਸੀ ਗੁਰਦਾਸਪੁਰ, ਪੰਜਾਬ ਵਜੋਂ ਹੋਈ ਹੈ। 


ਪੁਲਿਸ ਨੇ ਦੋਸ਼ੀਆਂ ਕੋਲੋਂ AK ਸੀਰੀਜ਼ ਦੀਆਂ ਦੋ ਰਾਈਫਲਾਂ ਅਤੇ ਦੋ ਪਿਸਤੌਲ ਬਰਾਮਦ ਕੀਤੇ ਹਨ।


ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ, " ਇਹ ਤਿੰਨੋਂ ਅੱਤਵਾਦੀ ਪਾਕਿਸਤਾਨੀ-ਪ੍ਰੋਤਸਾਹਿਤ ‘ਖਾਲਿਸਤਾਨ ਜ਼ਿੰਦਾਬਾਦ ਫੋਰਸ’ ਦੇ ਮੈਂਬਰ ਸਨ। ਇਹ ਅੱਤਵਾਦੀ ਗਰੁੱਪ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਪੁਲਿਸ ਥਾਣੇਆਂ ਅਤੇ ਚੌਕੀਆਂ 'ਤੇ ਗ੍ਰੇਨੇਡ ਹਮਲਿਆਂ ਵਿੱਚ ਸ਼ਾਮਲ ਹੈ। ਇਹ ਮੁਕਾਬਲਾ ਪੀਲੀਭੀਤ ਦੇ ਪੂਰਨਪੁਰ ਥਾਣਾ ਖੇਤਰ ਵਿੱਚ ਹੋਇਆ।" ਉਹਨਾਂ ਕਿਹਾ, "ਇਸ ਪੂਰੇ ਅੱਤਵਾਦੀ ਮੌਡਿਊਲ ਦਾ ਪਰਦਾ ਫ਼ਾਸ਼ ਕਰਨ ਲਈ ਜਾਂਚ ਜਾਰੀ ਹੈ।" ਯੂਪੀ ਦੇ ਡੀਜੀਪੀ ਪ੍ਰਸ਼ਾਂਤ ਕੁਮਾਰ ਨੇ ਇਸ ਪੂਰੀ ਕਾਰਵਾਈ ਨੂੰ "ਦਲੇਰਾਨਾ" ਅਤੇ ਉੱਤਰ ਪ੍ਰਦੇਸ਼ ਅਤੇ ਪੰਜਾਬ ਪੁਲਿਸ ਦੇ ਬੇਹਤਰੀਨ ਸਹਿਯੋਗ ਦਾ ਨਮੂਨਾ ਦੱਸਿਆ।


ਪਿਛਲੇ ਕੁਝ ਸਮੇਂ ਵਿੱਚ ਪੰਜਾਬ ਵਿੱਚ ਵਖਰੇ-ਵਖਰੇ ਤਿੰਨ ਪੁਲਿਸ ਠਿਕਾਣੇ ਨੂੰ ਅੱਤਵਾਦੀ ਸੰਗਠਨ ਵਲੋਂ ਹਮਲਿਆਂ ਦਾ ਨਿਸ਼ਾਨ ਬਣਾਇਆ ਗਿਆ ਸੀ। ਜਿਲ੍ਹਾ ਗੁਰਦਾਸਪੁਰ ਵਿਚ ਬੰਗਾਰ ਪੁਲਿਸ ਚੌਕੀ 'ਤੇ ਸ਼ੁੱਕਰਵਾਰ ਨੂੰ ਹਮਲਾ ਹੋਇਆ, ਅੰਮ੍ਰਿਤਸਰ ਦੇ ਇਸਲਾਮਾਬਾਦ ਥਾਣੇ ਦੇ ਬਾਹਰ ਮੰਗਲਵਾਰ ਨੂੰ ਧਮਾਕਾ ਹੋਇਆ ਅਤੇ ਫਿਰ ਗੁਰਦਾਸਪੁਰ ਦੇ ਬਖਸ਼ੀਵਾਲ ਪੁਲਿਸ ਚੌਕੀ ਦੇ ਬਾਹਰ ਵੀ ਧਮਾਕਾ ਕੀਤਾ ਗਿਆ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਨਾਲ ਦਹਿਸ਼ਤ ਦਾ ਮਾਹੌਲ ਤਿਆਰ ਕੀਤਾ ਜਾ ਰਿਹਾ ਸੀ। 


ਇਸੇ ਦੌਰਾਨ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਹਮਣੇ ਆਈ ਜਿਸ ਅਨੁਸਾਰ ਇਹਨਾਂ ਘਟਨਾਵਾਂ ਦੀ ਜਿੰਮੇਵਾਰੀ’ ਖਾਲਿਸਤਾਨ ਜ਼ਿੰਦਾਬਾਦ ਫੋਰਸ’ ਨੇ ਲਈ ਹੈ ਜਦ ਕਿ ਇਸ ਪੋਸਟ ਦੀ ਪੁਸ਼ਟੀ ਨਹੀਂ ਕੀਤੀ ਜਾ ਸਕੀ ਹੈ। 


ਪੁਲਿਸ ਸੂਤਰਾਂ ਅਨੁਸਾਰ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਅੱਤਵਾਦੀ ਸ਼ਾਇਦ ਲੁਕਣ ਦੀ ਥਾਂ ਲੱਭਦੇ ਹੋਏ ਉੱਤਰ ਪ੍ਰਦੇਸ਼ ਵਿੱਚ ਪੀਲੀਭੀਤ ਪਹੁੰਚੇ ਸਨ ਕਿਉਂਕਿ ਇਥੇ ਪੰਜਾਬੀ ਅਤੇ ਸਿੱਖ ਅਬਾਦੀ ਵੱਡੀ ਗਿਣਤੀ ਵਿੱਚ ਰਹਿੰਦੀ ਹੈ। ਹਾਲਾਂਕਿ ਉੱਤਰ ਪ੍ਰਦੇਸ਼ ਪੁਲਿਸ ਨੇ ਇਹ ਵੀ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਿਸ ਪ੍ਰਸ਼ਾਸਨ ਨੂੰ ਸਥਾਨਕ ਨਿਵਾਸੀਆਂ ਦਾ ਪੂਰਾ ਸਮਰਥਨ ਮਿਲਿਆ ਹੈ।