ਮਹਾਕੁੰਭ ਵਿੱਚ ਭਾਜੜ ਮੱਚਣ ਕਾਰਨ 30 ਲੋਕਾਂ ਮ੍ਰਿਤ, 60 ਜਖਮੀ
![]() |
| ਮਹਾਕੁੰਭ ਦੌਰਾਨ ਅੰਮ੍ਰਿਤ ਇਸ਼ਨਾਨ ਨੂੰ ਜਾਂਦੇ ਸਾਧੂ |
- ਮਹਾ ਕੁੰਭ ਮੇਲੇ ਵਿੱਚ ਭਾਜੜ ਮੱਚਣ ਕਾਰਨ ਘੱਟੋ-ਘੱਟ 30 ਲੋਕ ਮਾਰੇ ਗਏ ਅਤੇ 60 ਤੋਂ ਵੱਧ ਜਖਮੀ ਹੋ ਗਏ
- ਮ੍ਰਿਤਕਾਂ ਦੇ ਪਰਿਵਾਰ ਨੂੰ 25 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ
- ਭੀੜ ਭੜੱਕਾ ਤਦ ਸ਼ੁਰੂ ਹੋਇਆ, ਜਦੋਂ ਸ਼ਰਧਾਲੂ ਪਵਿੱਤਰ ਨਦੀ ਵਿੱਚ ਇਸ਼ਨਾਨ ਕਰਨ ਆਏ ਬੇਕਾਬੂ ਹੋ ਗਏ
- ਅਧਿਕਾਰੀਆਂ ਨੇ 100 ਮਿਲੀਅਨ ਦੀ ਰਿਕਾਰਡ ਭੀੜ ਦੀ ਉਮੀਦ ਕੀਤੀ ਸੀ
- ਵਿਰੋਧੀ ਧਿਰ ਨੇ ਤ੍ਰਾਸਦੀ ਲਈ 'ਕੁਸ਼ਾਸਨ' ਨੂੰ ਦੋਸ਼ ਦਿੱਤਾ
- ਜਾਂਚ ਲਈ ਤਿੰਨ ਮੈਂਬਰੀ ਨਿਆਇਕ ਕਮਿਸ਼ਨ ਦਾ ਗਠਨ
ਉੱਤਰ ਭਾਰਤ ਦੇ ਸ਼ਹਿਰ ਪਰਿਆਗਰਾਜ ਵਿੱਚ ਚੱਲ ਰਹੇ ਮਹਾਕੁੰਭ ਮੇਲੇ ਦੌਰਾਨ ਬੁੱਧਵਾਰ ਨੂੰ ਸਵੇਰੇ 2.00 ਵਜੇ ਦੇ ਕਰੀਬ ਭੀੜ-ਭੜੱਕੇ ਵਿਚ ਭਾਜੜ ਮੱਚਣ ਕਾਰਨ ਘੱਟੋ-ਘੱਟ 30 ਲੋਕ ਮਾਰੇ ਗਏ ਅਤੇ 60 ਤੋਂ ਵੱਧ ਜਖਮੀ ਹੋ ਗਏ। ਇਹ ਘਟਨਾ ਤਦ ਵਾਪਰੀ, ਜਦੋਂ ਲੱਖਾਂ ਦੀ ਗਿਣਤੀ ਵਿੱਚ ਆਏ ਲੋਕ ਛੇ ਹਫ਼ਤੇ ਚੱਲਣ ਵਾਲੇ ਇਸ ਹਿੰਦੂ ਤਿਉਹਾਰ ਦੇ ਸਭ ਤੋਂ ਸ਼ੁਭ ਦਿਨ ਪਵਿੱਤਰ ਇਸ਼ਨਾਨ ਲਈ ਇਕੱਠੇ ਹੋਏ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ X (ਪਹਿਲਾਂ ਟਵਿੱਟਰ) 'ਤੇ ਪੋਸਟ ਕਰਦੇ ਹੋਏ "ਸ਼ਰਧਾਲੂਆਂ" ਲਈ ਦੁੱਖ ਪ੍ਰਗਟ ਕੀਤਾ "ਜਿਨ੍ਹਾਂ ਨੇ ਆਪਣੇ ਪ੍ਰਿਆਜਨ ਗੁਆ ਲਏ," ਪਰ ਉਹਨਾਂ ਮ੍ਰਿਤਕਾਂ ਦੀ ਸੰਖਿਆ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿਤਯਨਾਥ ਨੇ ਦੱਸਿਆ ਕਿ ਹਾਲਾਤ ਨਿਯੰਤਰਣ ਵਿੱਚ ਹਨ ਪਰ ਭੀੜ ਅਜੇ ਵੀ ਬਹੁਤ ਵੱਡੀ ਹੈ।
ਸਰਕਾਰ ਜਾਂ ਮੌਕੇ ਤੇ ਮੌਜੂਦ ਆਧਿਕਾਰੀਆਂ ਵਲੋਂ ਕਾਫ਼ੀ ਅਰਸੇ ਲੁਕਣ-ਮੀਚੀ ਖੇਡਣ ਅਤੇ ਘਟਨਾ ਤੋਂ ਕਈ ਘੰਟੇ ਬਾਅਦ ਆਖਿਰ ਮਹਾਕੁੰਭ ਦੇ ਡੀਆਈਜੀ ਵੈਭਵ ਕ੍ਰਿਸ਼ਨਾ ਨੇ ਸ਼ਾਮ ਦੀ ਪ੍ਰੈਸ ਕਾਨਫਰੰਸ ਦੌਰਾਨ ਹਾਦਸੇ ਦੀ ਆਧਿਕਾਰਿਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, "ਇਹ ਹਾਦਸਾ ਭੀੜ ਦੇ ਦਬਾਅ ਕਰਕੇ ਵਾਪਰਿਆ। 90 ਤੋਂ ਵੱਧ ਜ਼ਖਮੀ ਹੋਏ, ਜਿਨ੍ਹਾਂ ਵਿੱਚੋਂ 30 ਦੀ ਮੌਤ ਹੋ ਗਈ।" ਅਧਿਕਾਰੀ ਨੇ ਕਿਹਾ ਕਿ 25 ਮ੍ਰਿਤਕਾਂ ਦੀ ਪਛਾਣ ਹੋ ਚੁੱਕੀ ਹੈ ਜਿਨ੍ਹਾਂ ਵਿੱਚ 4 ਕਰਨਾਟਕ ਅਤੇ ਇੱਕ-ਇੱਕ ਅਸਾਮ ਅਤੇ ਗੁਜਰਾਤ ਤੋਂ ਹਨ। ਜਖਮੀ ਹੋਏ 36 ਲੋਕ ਹਸਪਤਾਲ ਵਿੱਚ ਇਲਾਜ ਅਧੀਨ ਹਨ, ਜਦਕਿ ਬਾਕੀ ਆਪਣੇ ਪਰਿਵਾਰ ਨਾਲ ਭੇਜ ਦਿੱਤੇ ਗਏ ਹਨ।
ਰਾਤ ਦੇ ਸਮੇਂ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਤਿੰਨ ਮੈਂਬਰੀ ਨਿਆਇਕ ਕਮਿਸ਼ਨ ਦੀ ਘੋਸ਼ਣਾ ਕੀਤੀ, ਜਿਸ ਵਿੱਚ ਜਸਟਿਸ ਹਰਸ਼ ਕੁਮਾਰ, ਪੂਰਵ ਡੀਜੀ ਵੀ.ਕੇ. ਗੁਪਤਾ ਅਤੇ ਰਿਟਾਇਰਡ ਆਈ.ਏ.ਐਸ ਵੀ.ਕੇ. ਸਿੰਘ ਸ਼ਾਮਲ ਹਨ। ਇਹ ਕਮਿਸ਼ਨ ਭੀੜਭੜਕੇ ਦੇ ਕਾਰਨਾਂ ਦੀ ਜਾਂਚ ਕਰੇਗਾ। ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰ ਨੂੰ 25 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ।
Tags:
ਦੁਰਘਟਨਾ
