ਆਖਿਰਕਾਰ ਭਾਜਪਾ ਨੇ ਜਿੱਤੀ ਚੰਡੀਗੜ੍ਹ ਮੇਅਰ ਦੀ ਚੋਣ, ਹਰਪ੍ਰੀਤ ਬਬਲਾ ਬਣੀ ਨਵੀਂ ਮੇਅਰ, ਕਾਂਗਰਸ ਦੇ ਹਿੱਸੇ ਆਈ ਡਿਪਟੀ ਮੇਅਰ ਦੀ ਸੀਟ

ਹਰਪ੍ਰੀਤ ਬਬਲਾ ਬਣੀ ਚੰਡੀਗੜ੍ਹ ਦੀ ਨਵੀਂ ਮੇਅਰ, ਭਾਜਪਾ ਨੇ ਚੰਡੀਗੜ੍ਹ ਮੇਅਰ ਚੋਣ ਜਿੱਤ ਲਈ,
ਹਰਪ੍ਰੀਤ ਬਬਲਾ 


ਭਾਜਪਾ ਨੇ ਆਖਿਰਕਾਰ ਚੰਡੀਗੜ੍ਹ ਮੇਅਰ ਚੋਣ ਜਿੱਤ ਲਈ, ਜਿਸ ਵਿੱਚ ਹਰਪ੍ਰੀਤ ਕੌਰ ਬਬਲਾ ਨੇ 36 ਮੈਂਬਰੀ ਹਾਊਸ ਵਿੱਚ 19 ਵੋਟ ਪ੍ਰਾਪਤ ਕੀਤੀਆਂ। ਆਪ-ਕਾਂਗਰਸ ਗਠਜੋੜ, ਹਾਲਾਂਕਿ 19 ਕੌਂਸਲਰ ਹੋਣ ਦੇ ਬਾਵਜੂਦ ਹਾਰ ਗਿਆ ਕਿਉਂਕਿ ਉਹਨਾਂ ਦੇ ਤਿੰਨ ਮੈਂਬਰਾਂ ਨੇ ਭਾਜਪਾ ਲਈ ਕਰਾਸ-ਵੋਟਿੰਗ ਕੀਤੀ। ਦੂਜੇ ਪਾਸੇ ਕਾਂਗਰਸੀ ਉਮੀਦਵਾਰ ਤਰੁਣਾ ਮਹਿਤਾ ਨੇ ਡਿਪਟੀ ਮੇਅਰ ਦੀ ਚੋਣ ਜਿੱਤੀ। ਸੂਤਰਾਂ ਮੁਤਾਬਿਕ ਕੁਲ 36 ਵੋਟਾਂ ਪਈਆਂ ਅਤੇ ਕੋਈ ਵੀ ਵੋਟ ਅਵੈਧ ਨਹੀਂ ਪਾਈ ਗਈ।



ਇਹ ਨਤੀਜਾ ਆਪ-ਕਾਂਗਰਸ ਗਠਜੋੜ ਲਈ ਇੱਕ ਝਟਕਾ ਹੈ, ਜਿਸ ਕੋਲ ਚੋਣ ਤੋਂ ਪਹਿਲਾਂ 19 ਕੌਂਸਲਰ ਸੀ। ਗਠਜੋੜ ਨੂੰ ਆਪਣੇ ਐਕਸ-ਅਫੀਸ਼ੀਓ ਮੈਂਬਰ, ਸੰਸਦ ਮੈਂਬਰ ਮਨੀਸ਼ ਤਿਵਾਰੀ ਦਾ ਸਮਰਥਨ ਮਿਲਣ ਦੀ ਉਮੀਦ ਸੀ, ਜਿਸ ਨਾਲ ਕੁੱਲ ਗਿਣਤੀ 20 ਹੋਣੀ ਸੀ। 16 ਕੌਂਸਲਰਾਂ ਵਾਲੀ ਭਾਜਪਾ ਨੇ ਬਗਾਵਤ ਵਾਲੀਆਂ ਵੋਟਾਂ ਦੇ ਆਸਰੇ 19 ਦਾ ਆਂਕੜਾ ਪੂਰਾ ਕੀਤਾ।


ਡਿਪਟੀ ਮੇਅਰ ਦੀ ਚੋਣ ਵਿੱਚ, ਕਾਂਗਰਸ ਨੇ 19 ਵੋਟਾਂ ਹਾਸਲ ਕੀਤੀਆਂ, ਜਦਕਿ ਭਾਜਪਾ ਨੂੰ 17 ਵੋਟਾਂ ਮਿਲੀਆਂ। ਚੋਣ ਤੋਂ ਪਹਿਲਾਂ ਕਾਂਗਰਸ ਦੀ ਕੌਂਸਲਰ ਗੁਰਬਖਸ਼ ਰਾਵਤ, ਕਾਂਗਰਸ ਛੱਡ ਕੇ ਭਾਜਪਾ ਜ਼ੁਆਇਨ ਕਰ ਲਈ ਸੀ। ਗਠਜੋੜ ਨੇ ਆਪਣੇ ਹੋਰ ਕੌਂਸਲਰਾਂ ਨੂੰ ਬਗਾਵਤ ਤੋਂ ਬਚਾਉਣ ਲਈ ਪੰਜਾਬ ਦੇ ਰੂਪਨਗਰ (ਰੋਪੜ) ਸ਼ਹਿਰ ਦੇ ਇੱਕ ਹੋਟਲ ਵਿੱਚ ਰੱਖਿਆ। ਇਸ ਦੇ ਬਾਵਜੂਦ, ਤਿੰਨ ਕੌਂਸਲਰਾਂ ਨੇ ਆਪਣੀ ਹੀ ਪਾਰਟੀ ਦੇ ਉਮੀਦਵਾਰ ਦੇ ਵਿਰੁੱਧ ਵੋਟ ਪਾਈ।


ਚੋਣ ਦੀ ਨਿਗਰਾਨੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਸਾਬਕਾ ਜੱਜ ਜੈਅ ਸ਼੍ਰੀ ਠਾਕੁਰ ਨੇ ਕੀਤੀ, ਜਿਨ੍ਹਾਂ ਨੂੰ ਸੁਪਰੀਮ ਕੋਰਟ ਵੱਲੋਂ ਆਜ਼ਾਦ ਨਿਰੀਖਕ ਵਜੋਂ ਨਿਯੁਕਤ ਕੀਤਾ ਗਿਆ ਸੀ ਅਤੇ ਸਾਰੀ ਪ੍ਰਕਿਰਿਆ ਨੂੰ ਕੈਮਰੇ ‘ਤੇ ਵੀ ਰਿਕਾਰਡ ਕੀਤਾ ਗਿਆ। ਚੋਣ ਦੇ ਵਕਤ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਮਿਊਂਸੀਪਲ ਕਾਰਪੋਰੇਸ਼ਨ ਇਮਾਰਤ ਦੇ 100 ਮੀਟਰ ਦੇ ਦਾਇਰੇ ਵਿੱਚ ਪੰਜ ਜਾਂ ਵੱਧ ਲੋਕਾਂ ਦੇ ਇਕੱਠ ਹੋਣ ‘ਤੇ ਵੀ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) ਦੇ ਸੰਬੰਧਿਤ ਧਾਰਾਵਾਂ ਹੇਠ ਪਾਬੰਦੀ ਲਗਾਈ ਗਈ ਸੀ ।