ਦਿੱਲੀ-ਐਨ.ਸੀ.ਆਰ ਵਿੱਚ 4.0 ਦੀ ਤੀਬਰਤਾ ਨਾਲ ਆਇਆ ਭੂਚਾਲ, ਤੀਬਰ ਝਟਕੇ
![]() |
| ਧੌਲਾ ਕੂਆਂ, ਦਿੱਲੀ ਸੀ ਭੂਚਾਲ ਦਾ ਕੇਂਦਰ |
ਦਿੱਲੀ-ਐਨਸੀਆਰ ਵਿਚ ਲੋਕਾਂ ਨੂੰ ਸੋਮਵਾਰ ਤੜਕੇ 4.0 ਦੀ ਤੀਬਰਤਾ ਵਾਲੇ ਭੂਚਾਲ ਨੇ ਜਗਾਇਆ। ਇਹ ਝਟਕੇ ਕੁਝ ਸਕਿੰਟ ਤੱਕ ਚੱਲੇ ਜਿਸ ਕਾਰਨ ਲੋਕਾਂ ਵਿਚ ਦਹਿਸ਼ਤ ਫੈਲ ਗਈ। ਤੀਬਰ ਝਟਕਿਆਂ ਕਾਰਨ ਕਈ ਲੋਕ ਦਹਿਸ਼ਤ ਵਿੱਚ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਲੋਕਾਂ ਦੇ ਘਰਾਂ ਬਾਹਰ ਖੜ੍ਹੇ ਹੋਣ ਅਤੇ ਪੱਖਿਆਂ ਦੇ ਹਿਲਣ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ। ਹਾਲਾਂਕਿ ਕਿਸੇ ਵੀ ਤਰ੍ਹਾਂ ਦੇ ਮਾਲੀ ਜਾਂ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਮਿਲੀ ਹੈ।
ਰਾਸ਼ਟਰੀ ਭੂਕੰਪ ਵਿਗਿਆਨ ਕੇਂਦਰ ਮੁਤਾਬਿਕ ਭੂਚਾਲ ਦਾ ਕੇਂਦਰ ਦੱਖਣੀ ਦਿੱਲੀ ਦੇ ਢੌਲਾ ਕੂਆਂ ਨੇੜੇ ਦੁਰਗਾਬਾਈ ਦੇਸ਼ਮੁਖ ਕੋਲੇਜ ਆਫ਼ ਸਪੈਸ਼ਲ ਐਜੂਕੇਸ਼ਨ ਵਿਚ ਦੱਸਿਆ ਜਾ ਰਿਹਾ ਹੈ। ਇਹ ਭੂਚਾਲ ਸਵੇਰੇ 5:36 ਵਜੇ 5 ਕਿਲੋਮੀਟਰ ਦੀ ਗਹਿਰਾਈ ‘ਤੇ ਆਇਆ ਸੀ। ਭੂਚਾਲ ਦੌਰਾਨ ਇੱਕ ਉੱਚੀ ਗੁੰਜਣ ਵਾਲੀ ਆਵਾਜ਼ ਵੀ ਸੁਣਾਈ ਦਿੱਤੀ ਜੋ 35 ਸਕਿੰਟ ਤੱਕ ਚਲਦੀ ਰਹੀ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਆਵਾਜ਼ ਭੂਚਾਲ ਦੀ ਗਹਿਰਾਈ ਕਾਰਨ ਹੋ ਸਕਦੀ ਹੈ। ਇਹ ਪਲੇਟਾਂ ਦੀ ਹਿਲਜੁਲ ਅਤੇ ਊਰਜਾ ਦੇ ਛੋਟੇ-ਛੋਟੇ ਧਮਾਕਿਆਂ ਕਾਰਨ ਵੀ ਹੋ ਸਕਦੀ ਹੈ।
ਮਾਹਿਰਾਂ ਮੁਤਾਬਿਕ ਢੌਲਾ ਕੂਆਂ ਖੇਤਰ ਜਿੱਥੇ ਇੱਕ ਝੀਲ ਵੀ ਮੌਜੂਦ ਹੈ, ਹਰ 2-3 ਸਾਲ ਵਿਚ ਘੱਟ ਤੀਬਰਤਾ ਦੇ ਭੂਚਾਲ ਆਉਂਦੇ ਰਹਿੰਦੇ ਹਨ। 2006 ਵਿੱਚ ਢੌਲਾ ਕੁਆਂ ‘ਚ 4.6 ਅਤੇ 2015 ਵਿਚ 3.3 ਦੀ ਤੀਬਰਤਾ ਦਾ ਭੂਚਾਲ ਆਏ ਸੀ। ਇੱਥੇ ਭੂਚਾਲ ਆਉਣਾ ਕੁਦਰਤੀ ਗੱਲ ਹੈ। ਢੌਲਾ ਕੂਆਂ ਖੇਤਰ ਵਿੱਚ ਹੁਣ ਤੱਕ 420 ਛੋਟੇ-ਛੋਟੇ ਭੂਚਾਲ ਆ ਚੁੱਕੇ ਹਨ ਪਰ ਦਿੱਲੀ ਲੰਬੇ ਸਮੇਂ ਤੋਂ ਵੱਡੇ ਨੁਕਸਾਨ ਵਾਲੇ ਭੂਚਾਲ ਤੋਂ ਬਚੀ ਹੋਈ ਹੈ।
ਰਾਹਤ ਵਾਲੀ ਗੱਲ ਹੈ ਕਿ ਦਿੱਲੀ ਪੁਲਿਸ ਜਾਂ ਦਿੱਲੀ ਅੱਗ-ਬੁਝਾਊ ਵਿਭਾਗ ਨੂੰ ਕਿਸੇ ਵੀ ਅਣਹੋਣੀ ਦੀ ਕੋਈ ਸ਼ਿਕਾਇਤ ਨਹੀਂ ਮਿਲੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲੋਕਾਂ ਨੂੰ ਸ਼ਾਂਤ ਰਹਿਣ ਅਤੇ ਸੰਭਾਵਿਤ “ਆਫ਼ਟਰਸ਼ਾਕ” ਲਈ ਤਿਆਰ ਰਹਿਣ ਦੀ ਅਪੀਲ ਕੀਤੀ ਹੈ। ਹੋਰ ਵੀ ਕਈ ਸਿਆਸੀ ਨੇਤਾਵਾਂ ਨੇ ਭੂਚਾਲ ਦੇ ਝਟਕਿਆਂ ਦਾ ਜ਼ਿਕਰ ਕਰਦੇ ਹੋਏ ਲੋਕਾਂ ਦੀ ਖ਼ੈਰ-ਖ਼ਬਰ ਲਈ ਦੂਆ ਕੀਤੀ।
ਦਿੱਲੀ-ਐਨ.ਸੀ.ਆਰ ਭੂਚਾਲ ਸੰਵੇਦਨਸ਼ੀਲ ਸਾਈਸਮਿਕ ਜੋਨ IV ਖੇਤਰ ਵਿੱਚ ਆਉਂਦਾ ਹੈ ਜਿਸ ਦਾ ਮਤਲਬ ਇਹ ਹੈ ਕਿ ਇਹ ਖੇਤਰ ਮੱਧਮ ਤੋਂ ਮਜ਼ਬੂਤ ਤੀਬਰਤਾ ਵਾਲੇ ਭੂਚਾਲਾਂ ਲਈ ਸੰਵੇਦਨਸ਼ੀਲ ਰਹਿ ਸਕਦਾ ਹੈ।
