ਇਸ ਹਫਤੇ ਆਈ ਫਿਲਮ ‘ਬੇਬੀ ਜੌਨ’ ਦੀ ਸਮੀਖਿਆ

 

ਬੇਬੀ ਜੋਨ ਫਿਲਮ ਸਮਿਖੀਆ, ਵਰੁਣ ਧਵਨ, ਐਟਲੀ, ਫਿਲਮੀ ਸਮਾਚਾਰ, Punjabisamachar.in
ਬੇਬੀ ਜੋਨ ਫਿਲਮ ਸਮਿਖੀਆ 

ਵਰੁਣ ਧਵਨ ਦੀ ਨਵੀਂ ਫਿਲਮ ਬੇਬੀ ਜੌਨ (2024) ਸ਼ੁਕਰਵਾਰ ਮਿਤੀ 27-12-2024 ਨੂੰ ਪਰਦੇ ਤੇ ਆਈ ਹੈ। ਇਹ ਫਿਲਮ ਕਲੀਸ ਦੇ ਨਿਰਦੇਸ਼ਨ ਹੇਠ, ਐਟਲੀ ਦੀ ਤਮਿਲ ਹਿੱਟ ਫਿਲਮ “ਥੇਰੀ” (2016) ਦੀ ਹਿੰਦੀ ਰੀਮੇਕ ਹੈ। ਵਰੁਣ ਧਵਨ ਮੁੱਖ ਕਿਰਦਾਰ ਵਿਚ ਹੈ, ਜੋ ਪਹਿਲਾਂ ਇੱਕ ਪੁਲਿਸ ਅਫਸਰ ਸੀ ਅਤੇ ਹੁਣ ਅਲਾਪੁਜ਼ਾ 'ਚ ਇੱਕ ਬੇਕਰੀ ਮਾਲਕ ਵਜੋਂ ਆਪਣੀ ਬੇਟੀ ਖੁਸ਼ੀ (ਜ਼ਾਰਾ ਜਿਆਨਾ) ਨੂੰ ਇਕੱਲੇ ਪਾਲ ਰਿਹਾ ਹੈ। ਅਜੋਕੇ ਸਮੇਂ ਜਦ ਡੱਬ ਫਿਲਮਾਂ (ਜਿਵੇਂ ਕਿ ਪੁਸ਼ਪਾ-2) ਨਾਲ ਹੀ ਆ ਜਾਂਦੀਆਂ ਹੋਣ ਰੀਮੇਕ ਲਈ ਸਹੀ ਸਮਾਂ ਨਹੀਂ ਹੈ। 


ਨਿਰਦੇਸ਼ਕ ਕਲੀਸ ਨੂੰ ਹੀ ਸਕ੍ਰੀਨਪਲੇ ਦੀ ਲੰਬੜਦਾਰੀ ਵੀ ਦਿੱਤੀ ਗਈ ਹੈ ਪਰ ਫਿਲਮ ਸਾਰੀ ਤਰ੍ਹਾਂ ਮੂਲ ਫਿਲਮ “ਥੇਰੀ” ਤੋਂ ਹੀ ਪ੍ਰਭਾਵਿਤ ਹੈ ਇੱਥੇ ਤੱਕ ਕਿ ਦ੍ਰਿਸ਼ ਤੋਂ ਦ੍ਰਿਸ਼ ਇੱਕੋ ਜਿਹੇ ਹਨ ਇਹ ਫਿਲਮ ਫਜ਼ੂਲ ਮਹਿਸੂਸ ਹੁੰਦੀ ਹੈ। ਫਿਲਮ ਵਿਚ ਭਾਵਨਾਤਮਕ ਪਲ ਜ਼ਬਰਦਸਤੀ ਜਿਹੇ ਲੱਗਦੇ ਹਨ, ਜਿਸ ਵਿੱਚ ਪਾਤਰ ਸਿਰਫ਼ ਮੁੱਖ ਕਿਰਦਾਰ ਦੀ ਸ਼ਲਾਘਾ ਪੂਰਤੀ ਹੀ ਕਰਦੇ ਹਨ।


ਵਰੁਣ ਧਵਨ ਜੋ ਸੱਚਾਈ ਪਸੰਦ ਪੁਲਿਸ ਅਫਸਰ ਦੀ ਭੂਮਿਕਾ ਨਿਭਾ ਰਿਹਾ ਹੈ ਪੂਰੀ ਤਰ੍ਹਾਂ ਕਹਾਣੀ ਅਤੇ ਕਿਰਦਾਰ ਦੇ ਜਜ਼ਬਾਤ ਤੋਂ ਬਾਹਰ ਹੈ ਉਹ ਹਰ ਤਰ੍ਹਾਂ ਨਾਲ ਫਿੱਕਾ ਲੱਗਦਾ ਹੈ। ਜੈਕੀ ਸ਼ਰੌਫ ਵਧੀਆ ਕਲਾਕਾਰ ਹੈ ਪਰ ਨਾਨਾ ਵਜੋਂ ਉਨ੍ਹਾਂ ਬਹੁਤ ਆਮ ਪੇਸ਼ਕਾਰੀ ਦਿੱਤੀ ਹੈ । ਕੀਰਥੀ ਸੁਰੇਸ਼, ਵਾਮਿਕਾ ਗਾਬੀ ਅਤੇ ਸ਼ੀਬਾ ਚੱਢਾ ਵਰਗੇ ਸਹਾਇਕ ਕਲਾਕਾਰਾਂ ਨੂੰ ਪੂਰੀ ਤਰ੍ਹਾਂ ਵਰਤਿਆ ਨਹੀਂ ਗਿਆ, ਅਤੇ ਉਹ ਸਿਰਫ਼ ਦਕਿਆਨੂਸੀ ਦਾਅਰਿਆਂ ਤੱਕ ਸਿਮਟ ਕਿ ਰਹਿ ਗਏ ਹਨ। ਰਾਜਪਾਲ ਯਾਦਵ ਜੋ ਜੌਨ ਦੇ ਸਹਾਇਕ ਰਾਮ ਸੇਵਕ ਬਣੇ ਹਨ, ਕੁਝ ਹਾਸਰਸ ਵੀ ਜੋੜਦੇ ਹਨ ਪਰ ਉਹ ਕਹਾਣੀ ਦੇ ਹਿਸਾਬ ਨਾਲ ਬੇਮਤਲਬ ਮਹਿਸੂਸ ਹੁੰਦੇ ਹਨ ਅਤੇ ਹਾਂ ਅਪਣੇ ਭਾਈਜਾਨ ਵੀ ਹੈਗੇ ਕਮਿਓ ਰੋਲ ਵਿਚ ਪਰ ਉਹ ਵੀ ਕਿੰਨਾ ਕੁ ਬਚਾਅ ਕਰ ਸਕਦੇ ਸਨ। ਫਿਲਮ ਵਿਚ ਐਕਸ਼ਨ ਸੀਨ ਬਹੁਤ ਪ੍ਰਭਾਵਸ਼ਾਲੀ ਨਹੀਂ ਹਨ ਅਤੇ ਭਾਵਨਾਤਮਕ ਪਲ ਬੇਅਸਰ ਰਹਿੰਦੇ ਹਨ।


ਇਹ ਫਿਲਮ ਕੁਝ ਵੀ ਨਵਾਂ ਪੇਸ਼ ਨਹੀਂ ਕਰਦੀ। ਸੰਭਾਵਨਾਵਾਂ ਦੇ ਬਾਵਜੂਦ, ਇਹ ਫਿਲਮ ਮੂਲ ਫਿਲਮ ਦੀ ਕਾਪੀ ਕਰਨ ਦੀ ਇੱਕ ਆਲਸੀ ਜਿਹੀ ਕੋਸ਼ਿਸ਼ ਹੈ। ਫਿਲਮ ਵਿੱਚ ਨਾਂ ਤਾਂ ਕੋਈ ਭਾਵਨਾਤਮਕ ਗਹਿਰਾਈ ਹੈ ਅਤੇ ਨਾਂ ਹੀ ਇਹ ਮੂਲ ਫਿਲਮ ਦੀ ਰਫ਼ਤਾਰ ਹੀ ਫੜ ਪਾਉਂਦੀ ਹੈ। ਫਿਲਮ ਸ਼ੁਰੂ ਤੋਂ ਅੰਤ ਤੱਕ ਪ੍ਰੇਰਣਾਹੀਣ ਲੱਗਦੀ ਹੈ।


ਅਖੀਰ ਵਿਚ ਇਹ ਕਹਿਣਾ ਹੀ ਸਹੀ ਹੈ ਕਿ “ਬੇਬੀ ਜੌਨ” ਐਕਸ਼ਨ ਥ੍ਰਿਲਰ ਵਜੋਂ ਪੇਸ਼ ਕੀਤੀ ਗਈ ਹੈ ਪਰ ਕੁਝ ਵੀ ਨਵਾਂ ਜਾਂ ਮਨੋਰੰਜਕ ਪੇਸ਼ ਨਹੀਂ ਕਰਦੀ। ਇਹ ਫਿਲਮ ਆਪਣੇ ਆਪ ਨੂੰ ਜਾਇਜ਼ ਠਹਿਰਾਉਣ ਵਿੱਚ ਅਸਫਲ ਰਹਿੰਦੀ ਹੈ। ਅਸੀਂ ਇਸ ਨੂੰ 5 ਵਿਚੋਂ 1 ਸਿਤਾਰਾ ਹੀ ਦੇਵਾਂਗੇ। ਇਹ ਫਿਲਮ ਲਾਜਮੀ ਤੌਰ ਤੇ ਬਾਕਸ ਆਫਿਸ ਤੇ ਮੂਧੇ ਮੂੰਹ ਗਿਰੇਗੀ।