26 ਜਨਵਰੀ ਅਤੇ 15 ਅਗਸਤ ਨੂੰ ਝੰਡਾ ਲਹਿਰਾਉਣ ਦੀ ਰਸਮਾਂ 'ਚ ਕੀ ਅੰਤਰ ਹੈ ਤੇ ਕੀ ਹੈ ਇਸ ਦਾ ਕਾਰਨ, ਆਓ ਜਾਣੀਏ

ਝੰਡਾ ਚੜਾਉਣਾ ਅਤੇ ਝੰਡਾ ਲਹਿਰਾਉਣਾ, 
ਕੀ ਹੈ ਅੰਤਰ? 



ਕੀ ਤੁਸੀਂ ਜਾਣਦੇ ਹੋ ਦੋਵੇਂ ਰਾਸ਼ਟਰੀ ਸਮਾਗਮਾਂ ਦੇ ਸਥਾਨ ਵੱਖਰੇ ਕਿਉਂ ਹਨ ਅਤੇ ਦੋਵਾਂ ਸਮਾਗਮਾਂ 'ਤੇ ਝੰਡਾ ਲਹਿਰਾਉਣ 'ਚ ਕੀ ਅੰਤਰ ਹੈ?


ਕਿਸੇ ਵੀ ਦੇਸ਼ ਦਾ ਰਾਸ਼ਟਰੀ ਝੰਡਾ ਉਸ ਦੀ ਪਛਾਣ ਅਤੇ ਮਾਨ ਹੁੰਦਾ ਹੈ। ਉਸ ਦੀ ਸ਼ਾਨ ਬਰਕਰਾਰ ਰੱਖਣ ਲਈ ਦੇਸ਼ ਦੇ ਹਰ ਨਾਗਰਿਕ ਨੂੰ ਤਿਆਰ ਰਹਿਣਾ ਚਾਹੀਦਾ ਹੈ। ਭਾਰਤ ਦੀ ਆਜ਼ਾਦੀ ਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਬਹੁਤ ਸਾਰੇ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਹਨ। ਅਜਿਹੇ 'ਚ ਇਸ ਦੇ ਬਾਰੇ ਵਿਚ ਜਾਣਕਾਰੀ ਹੋਣੀ ਚਾਹੀਦੀ ਹੈ।


15 ਅਗਸਤ 1947 ਵਿਚ ਸਾਡਾ ਭਾਰਤ ਦੇਸ਼ ਆਜ਼ਾਦ ਹੋਇਆ ਸੀ ਅਤੇ ਇਸ ਦਿਨ ਲਾਲ ਕਿਲੇ ਤੋਂ ਬ੍ਰਿਟਿਸ਼ ਝੰਡੇ ਉਤਾਰਿਆ ਗਿਆ ਸੀ ਅਤੇ ਭਾਰਤੀ ਝੰਡਾ ਨੂੰ ਉੱਪਰ ਚੜ੍ਹਾਇਆ ਗਿਆ ਤੇ ਲਹਿਰਾਇਆ ਗਿਆ ਸੀ। ਇਸ ਪ੍ਰਕਿਰਿਆ ਨੂੰ ਅੰਗਰੇਜ਼ੀ ਭਾਸ਼ਾ ਵਿਚ ‘Flag Hoisting’ ਵੀ ਕਹਿੰਦੇ ਹਨ। ਇਸ ਲਈ ਹਰ 15 ਅਗਸਤ ਨੂੰ ਝੰਡਾ ਚੜ੍ਹਾ ਕੇ ਲਹਿਰਾਇਆ ਜਾਂਦਾ ਹੈ।


ਜਦ ਕਿ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋਇਆ ਸੀ ਅਤੇ ਭਾਰਤ ਨੂੰ ਇਕ ਗਣਤੰਤਰ ਰਾਸ਼ਟਰ ਵਜੋਂ ਮਾਨਤਾ ਦਿੱਤੀ ਗਈ ਸੀ। ਗਣਤੰਤਰ, ਗਣ ਮਾਅਨੇ ਲੋਕ ਅਤੇ ਤੰਤਰ ਮਾਅਨੇ ਵਿਵਸਥਾ ਯਾ ਪ੍ਰਣਾਲੀ ਅਰਥ ਕਿ ਲੋਕਾਂ ਵਲੋਂ ਚਲਾਈ ਜਾਣ ਵਾਲੀ ਵਿਵਸਥਾ ਯਾ ਪ੍ਰਣਾਲੀ। ਇਸ ਦਿਨ ਰਾਸ਼ਟਰਪਤੀ ਝੰਡਾ ਲਹਿਰਾਉਂਦੇ ਹਨ। ਇਸ ਦਿਨ ਝੰਡੇ ਨੂੰ ਚੜਾਇਆ ਨਹੀਂ ਜਾਂਦਾ ਬਲਕਿ ਪਹਿਲਾਂ ਤੋਂ ਹੀ ਸਿਖਰ ਤੇ ਫੁੱਲਾਂ ਸਮੇਤ ਲਪੇਟ ਕੇ ਬੰਨ੍ਹੇ ਝੰਡੇ ਨੂੰ ਸਿਰਫ਼ ਖੋਲ ਕੇ ਲਹਿਰਾਇਆ ਜਾਂਦਾ ਹੈ ਜਿਸ ਨੂੰ ਅੰਗਰੇਜ਼ੀ ਵਿਚ Flag Unfurling ਕਿਹਾ ਜਾਂਦਾ ਹੈ। 


ਇਹ ਵੀ ਜਿਕਰਯੋਗ ਹੈ ਕਿ 15 ਅਗਸਤ ਦੇ ਦਿਨ ਪ੍ਰਧਾਨ ਮੰਤਰੀ ਝੰਡੇ ਦੀ ਰਸਮ ਅਦਾ ਕਰਦੇ ਹਨ ਜਦ ਕਿ 26 ਜਨਵਰੀ ਨੂੰ ਰਾਸ਼ਟਰਪਤੀ ਝੰਡਾ ਲਹਿਰਾਉਂਦੇ ਹਨ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਪ੍ਰਧਾਨ ਮੰਤਰੀ ਦੇਸ਼ ਦੇ ਰਾਜਨੀਤਕ ਪ੍ਰਮੁੱਖ ਹਨ ਅਤੇ ਰਾਸ਼ਟਰਪਤੀ ਦੇਸ਼ ਦੇ ਸੰਵਿਧਾਨਕ ਪ੍ਰਮੁੱਖ ਹੁੰਦੇ ਹਨ। 


ਸੁਤੰਤਰਤਾ ਦਿਵਸ ਸਮਾਗਮ ਹਮੇਸ਼ਾਂ ਲਾਲ ਕਿਲ੍ਹੇ 'ਤੇ ਹੀ ਕੀਤਾ ਜਾਂਦਾ ਹੈ। 15 ਅਗਸਤ 1947 ਨੂੰ ਜਦੋਂ ਦੇਸ਼ ਆਜ਼ਾਦ ਹੋਇਆ, ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਦਿੱਲੀ ਦੇ ਲਾਲ ਕਿਲ੍ਹੇ ਸਥਿਤ ਲਾਹੌਰੀ ਗੇਟ ਤੋਂ ਹੀ ਭਾਰਤੀ ਝੰਡਾ ਲਹਿਰਾਇਆ ਸੀ। ਉੱਥੇ ਹੀ 26 ਜਨਵਰੀ 1950 ਨੂੰ ਆਜ਼ਾਦ ਭਾਰਤ ਦਾ ਸੰਵਿਧਾਨ ਲਾਗੂ ਹੋਣ 'ਤੇ ਪਹਿਲੇ ਗਣਤੰਤਰ ਦਿਵਸ ਦਾ ਸਮਾਗਮ ਰਾਜਪਥ 'ਤੇ ਕੀਤਾ ਗਿਆ ਸੀ ਪਰ ਬਾਅਦ ਦੇ ਕੁਝ ਸਾਲਾ 'ਚ ਗਣਤੰਤਰ ਦਿਵਸ ਹੋਰ ਥਾਵਾਂ 'ਤੇ ਵੀ ਕੀਤਾ ਜਾਂਦਾ ਰਿਹਾ ਹੈ।


15 ਅਗਸਤ ਨੂੰ ਪ੍ਰਧਾਨ ਮੰਤਰੀ ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਨ ਕਰਦੇ ਹਨ ਜਦਕਿ ਸਮਾਗਮਾਂ ਤੋਂ ਇਕ ਦਿਨ ਪਹਿਲਾਂ 14 ਅਗਸਤ ਅਤੇ 25 ਜਨਵਰੀ ਸ਼ਾਮ ਨੂੰ ਰਾਸ਼ਟਰਪਤੀ ਦੇਸ਼ ਨੂੰ ਸੰਬੋਧਨ ਕਰਦੇ ਹਨ। ਗਣਤੰਤਰ ਦਿਵਸ 'ਤੇ ਕਿਸੇ ਦਾ ਸੰਬੋਧਨ ਨਹੀਂ ਹੁੰਦਾ ਹੈ।