ਪੰਜਾਬ ਪੁਲਿਸ ਵਲੋਂ ਪਟਿਆਲਾ ਵਿਖੇ 3.5 ਕਿਲੋ ਸਮੈਕ ਸਮੇਤ ਦੋਸ਼ੀ ਗ੍ਰਿਫ਼ਤਾਰ
![]() |
| ਪੰਜਾਬ ਪੁਲਿਸ ਵਲੋਂ ਪਟਿਆਲਾ ਵਿਖੇ 3.5 ਕਿਲੋ ਸਮੈਕ ਸਮੇਤ ਦੋਸ਼ੀ ਗ੍ਰਿਫ਼ਤਾਰ |
ਸੂਤਰਾਂ ਮੁਤਾਬਿਕ ਪਟਿਆਲਾ ਪੁਲਿਸ ਨੇ ਇਕ ਨਸ਼ਾ ਤਸਕਰ ਨੂੰ 3.5 ਕਿਲੋ ਸਮੈਕ ਅਤੇ 6.5 ਲੱਖ ਨਗਦੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਦੀ ਪਛਾਣ ਕੁਰੁਕਸ਼ੇਤਰ (ਹਰਿਆਣਾ) ਦੇ ਸਲਪਾਨੀ ਪਿੰਡ ਦੇ ਓੰਕਾਰ ਸਿੰਘ ਪੁੱਤਰ ਗੁਰਮੱਖ ਸਿੰਘ ਵਜੋਂ ਹੋਈ ਹੈ।
ਇਹ ਗ੍ਰਿਫ਼ਤਾਰੀ ਪਟਿਆਲਾ ਪੁਲਿਸ ਵੱਲੋਂ ਇਕ ਵੱਡੀ ਸਫਲਤਾ ਮੰਨੀ ਜਾ ਰਹੀ ਹੈ ਪਰ ਇਸ ਨਾਲ ਪੁਲਿਸ ਸਾਹਮਣੇ ਨਵੇਂ ਸਵਾਲ ਵੀ ਖੜ੍ਹੇ ਹੋ ਗਏ ਹਨ। ਪੁਲਿਸ ਸੂਤਰਾਂ ਨੇ ਦੱਸਿਆ ਕਿ ਤਫਤੀਸ਼ ਅਤੇ ਦੋਸ਼ੀ ਦੀ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਓੰਕਾਰ ਸਿੰਘ ਇਕੱਲਾ ਹੀ ਸਮੈਕ ਦਾ ਅਪਣਾ ਸਪਲਾਈ ਨੈੱਟਵਰਕ ਚਲਾ ਰਿਹਾ ਸੀ। ਉਹ ਖੁਦ ਨਸ਼ੇ ਦੀ ਵਰਤੋਂ ਨਹੀਂ ਕਰਦਾ ਹੈ ਅਤੇ ਸਿਰਫ ਆਪਣੇ ਨਜ਼ਦੀਕੀ ਵਿਸ਼ਵਾਸਪਾਤਰ ਸਾਥੀਆਂ ਨੂੰ ਹੀ ਸਮੈਕ ਵੇਚਦਾ ਸੀ ਜੋ ਅੱਗੇ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿੱਚ ਇਸ ਦੀ ਪਹੁੰਚ ਕਰਦੇ ਸਨ।
ਪੁਲਿਸ ਸੂਤਰਾਂ ਮੁਤਾਬਿਕ ਓੰਕਾਰ ਸਿੰਘ ਬਰਖਿਲਾਫ 2021 ਵਿੱਚ ਹਰਿਆਣਾ ਵਿਚ ਮੁ. ਨੰ. 135/2021 ਥਾਣਾ ਝਾਂਸਾ ਜ਼ਿਲ੍ਹਾ ਕੁਰਕਸ਼ੇਤਰ ਦਰਜ ਹੈ ਜਿਸ ਵਿਚ 805 ਗ੍ਰਾਮ ਸਮੈਕ ਦੀ ਬਰਾਮਦਗੀ ਹੋਈ ਸੀ। ਓਂਕਾਰ ਸਿੰਘ ਇਸ ਮੁਕੱਦਮੇ ਵਿੱਚੋ ਭਗੋੜਾ ਹੈ। ਇਸ ਤੋਂ ਇਲਾਵਾ ਉਸ ਖ਼ਿਲਾਫ਼ ਮੁ. ਨੰ. 62/2016 ਥਾਣਾ ਝਾਂਸਾ ਜ਼ਿਲ੍ਹਾ ਕੁਰਕਸ਼ੇਤਰ (ਹਰਿਆਣਾ) ਵੀ ਦਰਜ ਹੈ। ਓੰਕਾਰ ਸਿੰਘ ਨੇ ਕੁਝ ਸਾਲ ਪਹਿਲਾਂ ਹੀ ਆਪਣਾ ਆਧਾਰ ਪਟਿਆਲਾ ਤਬਦੀਲ ਕੀਤਾ ਸੀ ਅਤੇ ਇਥੋਂ ਹੀ ਉਸ ਨੇ ਸਮੈਕ ਦੀ ਸਪਲਾਈ ਪੰਜਾਬ ਦੇ ਕਈ ਜ਼ਿਲ੍ਹਿਆਂ ਤੱਕ ਫੈਲਾਈ। ਉਸ ਦੀ ਗਿਰੋਹ ਦੀ ਪ੍ਰਾਇਮਰੀ ਟਾਰਗੇਟ ਕਾਲਜ ਅਤੇ ਯੂਨੀਵਰਸਿਟੀ ਦੇ ਵਿਦਿਆਰਥੀ ਹੁੰਦੇ ਸਨ ਪਰ ਉਹ ਸਿੱਧੇ ਗ੍ਰਾਹਕਾਂ ਨੂੰ ਸਮਗਰੀ ਦੇਣ ਦੀ ਬਜਾਏ ਚੁਣੇ ਹੋਏ ਸਪਲਾਇਰਾਂ ਨਾਲ ਹੀ ਡੀਲ ਕਰਦਾ ਸੀ।
ਸੂਤਰਾਂ ਮੁਤਾਬਿਕ ਪੁਲਿਸ ਨੇ ਐਸੇ 10 ਤੋਂ ਵੱਧ ਲੋਕਾਂ ਦੀ ਪਹਿਚਾਣ ਕਰ ਲਈ ਹੈ ਜੋ ਓੰਕਾਰ ਸਿੰਘ ਤੋਂ ਸਮੈਕ ਖਰੀਦ ਕੇ ਅੱਗੇ ਹੋਰ ਜ਼ਿਲ੍ਹਿਆਂ ਵਿੱਚ ਪਹੁੰਚਦਾ ਕਰਦੇ ਸੀ। ਉਹਨਾਂ ਨੇ ਇਕ ਵਿਵਸਥਾ ਤਿਆਰ ਕਰ ਕੇ ਆਪਣੇ ਪਹੰਚ ਕਰਨ ਵਾਲੇ ਲੋਕਾਂ ਦੇ ਖੇਤਰ ਤੈਅ ਕਰ ਰੱਖੇ ਸਨ ਤਾਂ ਜੋ ਆਪਸੀ ਵਿਰੋਧ ਨਾ ਹੋਵੇ। ਓੰਕਾਰ ਸਿੰਘ ਨੇ ਆਪਣਾ ਪੱਕਾ ਟਿਕਾਣਾ ਨਹੀਂ ਬਣਾਇਆ ਸੀ ਅਤੇ ਕਿਰਾਏ ਦੇ ਮਕਾਨ ਤੋਂ ਹੀ ਆਪਣਾ ਸਾਰਾ ਕੰਮ ਚਲਾਉਂਦਾ ਸੀ।
ਓੰਕਾਰ ਸਿੰਘ ਨੂੰ ਸਿਵਲ ਲਾਈਨਸ ਥਾਣੇ ਦੇ ਮੁੱਖ ਅਫ਼ਸਰ ਅਮਰਿਤਵੀਰ ਸਿੰਘ ਦੀ ਅਗਵਾਈ ਹੇਠ ਇਕ ਨਾਕੇ 'ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੇ ਜਦੋਂ ਉਸਨੂੰ ਕਾਬੂ ਕਰ ਕੇ ਸਮੈਕ ਬਰਾਮਦ ਕੀਤੀ ਤਾਂ ਉਹ ਆਪਣੀ ਆਲਟੋ ਕਾਰ ਵਿੱਚ ਸੀ । ਮਾਮਲੇ ਵਿਚ ਤਫਤੀਸ਼ ਅਜੇ ਜਾਰੀ ਹੈ ਅਤੇ ਇਸ ਵਿਚ ਹੋਰ ਵੀ ਕਈ ਖੁਲਾਸੇ ਹੋ ਸਕਦੇ ਹਨ।
Tags:
ਜੁਰਮ / ਕਨੂੰਨ
