ਪਾਤਾਲ ਲੋਕ-2 ਲੜੀਵਾਰ ਸਮੀਖਿਆ

ਜੈਦੀਪ ਅਹਲਾਵਤ, ਪਾਤਾਲ ਲੋਕ-2 ਵਿਚ
 ਇਹ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਚਲ ਰਿਹਾ ਹੈ
         


ਲੜੀਵਾਰ ਸਮੀਖਿਆ 
ਇਹ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਚਲ ਰਿਹਾ ਹੈ।

ਓ.ਟੀ.ਟੀ. ਜਾਂ ਟੀਵੀ ਦੇ ਲੜੀਵਾਰਾਂ ਦੇ ਪਹਿਲੇ ਸੰਸਕਰਨ ਨੂੰ ਗੌਹ ਨਾਲ ਦੇਖਣਾ ਅਤੇ ਫਿਰ ਉਸਦਾ ਪਸੰਦ ਆਉਣਾ ਹਮੇਸ਼ਾ ਹੀ ਡਰਾਉਣਾ ਜਿਹਾ ਹੁੰਦਾ ਹੈ ਕਿਉਂਕਿ ਬਹੁਤੀ ਵਾਰ ਦੂਸਰਾ ਸੰਸਕਰਨ ਉਸ ਉਚਾਈ ਨੂੰ ਕਾਇਮ ਨਹੀਂ ਰੱਖ ਪਾਉਂਦਾ ਅਤੇ ਉਸ ਵਿਚ ਸੰਭਾਵਨਾਵਾਂ ਦੀ ਕਮੀ ਨਿਰਾਸ਼ਾਜਨਕ ਹੁੰਦੀ ਹੈ ਪਰ ਸ਼ੁਕਰ ਹੈ ਕਿ ਪਾਤਾਲ-ਲੋਕ ਦਾ ਨਵਾਂ ਆਇਆ ਦੂਸਰਾ ਸੰਸਕਰਨ, ਪਹਿਲੇ ਸੰਸਕਰਨ ਦੇ ਮਿਆਰ ਨੂੰ ਬਣਾਈ ਰੱਖਣ ਵਿਚ ਕਾਮਯਾਬ ਰਹਿੰਦਾ ਹੈ ਅਤੇ ਇਸ ਲੜੀਵਾਰ ਦੇ ਰਚਾਇਤਾ ਵਲੋਂ ਇਕ ਹੋਰ ਬੇਹਤਰੀਨ ਰਹੱਸਮਈ ਕਹਾਣੀ ਛੋਟੇ ਪਰਦੇ ਤੇ ਉਤਾਰੀ ਗਈ ਹੈ।



ਜਦੋਂ ਪਾਤਾਲ-ਲੋਕ ਦਾ ਪਹਿਲਾ ਸੰਸਕਰਣ ਜਾਰੀ ਹੋਇਆ ਸੀ ਤਾਂ ਇਸਦੇ ਰਚਾਇਤਾ ਆਪਣੀ ਸ਼ਾਨਦਾਰ ਉਲਝੀ ਹੋਈ ਦੁਨੀਆ ਸਿਰਜਣ ਅਤੇ ਇਕ ਜਟਿਲ ਕਹਾਣੀ ਦਾ ਅੰਤ ਵਿਚ ਖੁਲਾਸਾ ਕਰਨ ਵਿਚ ਕਾਮਯਾਬ ਰਹੇ ਸੀ। ਕਹਾਣੀ ਦਾ ਨਾਇਕ ਇੱਕ ਬੇਖ਼ੌਫ਼ ਅਤੇ ਹਿੰਮਤੀ ਵਿਅਕਤੀ ਹੈ ਜਿਸ ਨੂੰ ਜੈਦੀਪ ਅਹਲਾਵਤ ਨੇ ਨਿਭਾਇਆ ਸੀ ਅਤੇ ਉਹ ਮੁੱਖ ਭੂਮਿਕਾ ਵਿੱਚ ਸ਼ਾਨਦਾਰ ਰਿਹਾ ਸੀ। 



ਪਾਤਾਲ ਲੋਕ-2 ਵਿਚ ਵੀ ਜੈਦੀਪ ਅਹਲਾਵਤ ਨੇ ਦਿੱਲੀ ਦੇ ਜਮੁਨਾ ਪਾਰ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਹਾਥੀਰਾਮ ਚੌਧਰੀ ਦੀ ਭੂਮਿਕਾ ਵਿਚ ਵਾਪਸੀ ਕੀਤੀ ਹੈ। ਉਹ ਇਕ ਹੋਰ ਜਟਿਲ ਅਤੇ ਖਤਰਨਾਕ ਕੇਸ ਵਿਚ ਉਲਝ ਜਾਂਦਾ ਹੈ ਜੋ ਉਸਨੂੰ ਦਿੱਲੀ ਤੋਂ ਦੂਰ ਨਾਗਾਲੈਂਡ ਲੈ ਜਾਂਦਾ ਹੈ।



ਬਹੁਤੇ ਲੜੀਵਾਰਾਂ ਵਾਂਗ ਪਾਤਾਲ ਲੋਕ-2 ਕਾਮਯਾਬੀ ਲਈ ਪਹਿਲੇ ਸੰਸਕਰਨ ਦੀ ਨਕਲ ਕਰਦਾ ਜਾਂ ਉਸਨੂੰ ਦੁਹਰਾਉਂਦਾ ਨਹੀਂ ਜਾਪਦਾ ਹੈ। ਇਸ ਬਾਰ ਦੀ ਕਹਾਣੀ ਬਹੁਤ ਵਿਸ਼ਵਾਸ ਨਾਲ ਅਣਮਿੱਥੇ ਦਿਸ਼ਾਵਾਂ ਵਿਚ ਬੜੇ ਹੀ ਕੁਦਰਤੀ ਢੰਗ ਨਾਲ ਵੱਧਦੀ ਹੈ ਪਰ ਫਿਰ ਵੀ ਦਹਿਸ਼ਤ, ਹਾਲਾਤ ਅੱਗੇ ਬੇਬਸੀ ਅਤੇ ਕੇਂਦਰੀ ਪਾਤਰਾਂ ਲਈ ਸੁਹਾਨੂਭੂਤੀ ਪਹਿਲੇ ਸੰਸਕਰਨ ਵਾਂਗ ਬਣੀ ਰਹਿੰਦੀ ਹੈ।



ਹਾਥੀਰਾਮ ਦਾ ਸਹਾਇਕ ਅਤੇ ਚੇਲਾ, ਇਮਰਾਨ ਅੰਸਾਰੀ (ਇਸ਼ਵਾਕ ਸਿੰਘ) ਹੁਣ ਉੱਚ ਅਹੁਦੇ ਤੇ ਪਹੁੰਚ ਚੁੱਕਾ ਹੈ। ਦੋਵੇਂ ਮਿਲ ਕੇ ਨਾਗਾਲੈਂਡ ਦੇ ਇੱਕ ਨਾਮੀ ਰਾਜਨੀਤਿਕ ਜਾਨਾਥਨ ਥੌਮ ਦੀ ਹੱਤਿਆ ਦੇ ਕੇਸ ਦੀ ਜਾਂਚ ਕਰਦੇ ਹਨ, ਜਿਸਦੀ ਦਿੱਲੀ ਦੇ ਹੋਟਲ ਦੇ ਇਕ ਕਮਰੇ ਵਿੱਚ ਬੇਰਹਿਮੀ ਨਾਲ ਹੱਤਿਆ ਹੋ ਜਾਂਦੀ ਹੈ। ਹਾਥੀਰਾਮ ਅਤੇ ਅੰਸਾਰੀ, ਇਸ ਹਤਿਆ ਦੀ ਜਾਂਚ ਸੰਬੰਧੀ ਨਾਗਾਲੈਂਡ ਦੇ ਦੀਮਾਪੁਰ ਪਹੁੰਚਦੇ ਹਨ ਜਿੱਥੇ ਉਹਨਾਂ ਦੀ ਮੁਲਾਕਾਤ ਸਥਾਨਕ ਪੁਲਿਸ ਅਧਿਕਾਰੀ ਐਸ.ਪੀ. ਮੇਘਨਾ ਬਰੂਆ (ਤਿਲੋਟਮਾ ਸ਼ੋਮੇ) ਨਾਲ ਹੁੰਦੀ ਹੈ। ਉਹ ਉੱਤਰੀ-ਪੂਰਬੀ ਰਾਜ ਦੇ ਸੰਵੇਦਨਸ਼ੀਲ ਹਾਲਾਤਾਂ ਵਿਚ ਆਪਣੇ ਕੇਸ ਦੀ ਰੂਪ-ਰੇਖਾ ਲੱਭਣ ਦੇ ਸਫਰ ਨੂੰ ਸ਼ੁਰੂ ਕਰਦੇ ਹਨ।



ਅੱਠ ਐਪੀਸੋਡਾਂ ਵਿੱਚ ਫੈਲੇ ਹੋਏ ਇਸ ਲੜੀਵਾਰ ਦੇ ਦੂਸਰੇ ਸੰਸਕਰਨ ਵਿੱਚ ਵੀ ਰਿਸ਼ਤਿਆਂ ਦੇ ਡਰਾਮੇ ਅਤੇ ਰਹੱਸ ਦੇ ਤੜਕੇ ਨੂੰ ਬਰਕਰਾਰ ਰੱਖਿਆ ਗਿਆ ਹੈ। ਸੰਖੇਪ ਵਿਚ ਦੱਸਿਆ ਜਾਵੇ ਤਾਂ ਪਾਤਾਲ ਲੋਕ-2 ਦੂਸਰੇ ਸੰਸਕਰਨ ਵਿਚ ਵੀ ਉਮੀਦਾਂ ਤੇ ਪੂਰਾ ਉਤਰਦਾ ਹੈ। ਜੈਦੀਪ ਅਹਲਾਵਤ ਅਤੇ ਬਾਕੀ ਅਦਾਕਾਰਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਇਹ ਸ਼ੋਅ ਦਿਲਚਸਪ ਬਣਿਆ ਰਹਿੰਦਾ ਹੈ।