ਮਮਤਾ ਕੁਲਕਰਣੀ ਨੂੰ ਕਿੰਨਰ ਅਖਾੜੇ ਵਿੱਚੋਂ ਬਾਹਰ ਕੀਤਾ, ਮਹਾਮੰਡਲੇਸ਼ਵਰ ਲਕਸ਼ਮੀ ਤ੍ਰਿਪਾਠੀ ਨੂੰ ਵੀ ਹਟਾਇਆ ਗਿਆ
ਮਮਤਾ ਕੁਲਕਰਣੀ - ਮਹਾਮੰਡਲੇਸ਼ਵਰ ਮਾਮਲਾ ਭਖਿਆ, ਮਮਤਾ ਕੁਲਕਰਣੀ ਨੂੰ ਕਿੰਨਰ ਅਖਾੜੇ ਵਿੱਚੋਂ ਬਾਹਰ ਕੀਤਾ ਗਿਆ, ਮਹਾਮੰਡਲੇਸ਼ਵਰ ਲਕਸ਼ਮੀ ਤ੍ਰਿਪਾਠੀ ਨੂੰ ਵੀ ਹਟਾਇਆ ਗਿਆ
![]() |
| ਮਮਤਾ ਕੁਲਕਰਣੀ 'ਪਿੰਡ ਦਾਨ' ਕਰ ਸੰਨਿਆਸ ਅਤੇ ਮਹਾਮੰਡਲੇਸ਼ਵਰ ਦੀ ਉਪਾਧੀ ਵਜੋਂ ਨਿਵਾਜੇ ਜਾਣ ਵਕਤ |
ਇਸ ਮਹੀਨੇ ਦੀ ਸ਼ੁਰੂਆਤ ਵਿੱਚ ਮਮਤਾ ਕੁਲਕਰਣੀ ਨੇ ਆਪਣਾ 'ਪਿੰਡ ਦਾਨ' ਕਰਕੇ ਸੰਨਿਆਸ ਲੈ ਲਿਆ ਸੀ ਅਤੇ ਮਹਾਂਕੁੰਭ ਮੇਲਾ 2025 ਦੌਰਾਨ ਉਸ ਨੂੰ ਕਿੰਨਰ ਅਖਾੜੇ ਦੇ ਮਹਾਮੰਡਲੇਸ਼ਵਰ ਵਜੋਂ ਨਿਯੁਕਤ ਕੀਤਾ ਗਿਆ ਸੀ। ਸੰਨਿਆਸ ਲੈਣ ਅਤੇ ਅਖਾੜੇ ਵਿੱਚ ਸ਼ਾਮਲ ਹੋਣ ਤੇ ਉਹਨਾਂ ਦਾ ਨਾਮਕਰਨ 'ਸ਼੍ਰੀ ਯਮਾਈ ਮਮਤਾ ਨੰਦਗਿਰੀ' ਵਜੋਂ ਕੀਤਾ ਗਿਆ ਸੀ ।
ਕਿੰਨਰ ਅਖਾੜੇ ਦੇ ਸੰਸਥਾਪਕ ਹੋਣ ਦਾ ਦਾਅਵਾ ਕਰਨ ਵਾਲੇ ਰਿਸ਼ੀ ਅਜੇ ਦਾਸ ਦਾ ਕਹਿਣਾ ਹੈ ਕਿ ਉਹਨਾਂ ਨੇ ਕਿੰਨਰ ਅਖਾੜੇ ਦੀ ਸੰਸਥਾਪਨਾ ਧਰਮ ਦੇ ਪ੍ਰਚਾਰ ਲਈ ਕੀਤੀ ਸੀ ਅਤੇ ਲਕਸ਼ਮੀਨਾਰਾਇਣ ਤ੍ਰਿਪਾਠੀ ਨੂੰ ਮਹਾਮੰਡਲੇਸ਼ਵਰ ਦੇ ਪਦ ਤੇ ਨਿਯੁਕਤ ਕੀਤਾ ਸੀ ਪਰ ਹੁਣ ਉਹਨਾਂ ਦੀ ਇਜਾਜ਼ਤ ਤੋਂ ਬਿਨਾਂ ਹੀ ਮਮਤਾ ਕੁਲਕਰਣੀ ਨੂੰ ਧਾਰਮਿਕ ਗੁਰੂ ਬਣਾਇਆ ਗਿਆ ਅਤੇ ਮਹਾਮੰਡਲੇਸ਼ਵਰ ਦੀ ਉਪਾਧੀ ਦੇ ਦਿੱਤੀ ਗਈ ਜੋ ਕਿ ਨਿਯਮਾਂ ਦੇ ਉਲਟ ਹੈ। ਉਹਨਾਂ ਨੇ ਤ੍ਰਿਪਾਠੀ ਨੂੰ ਵੀ ਨਿਯਮ ਤੋੜਣ ਅਤੇ ਗੱਦਾਰੀ ਕਰਨ ਦਾ ਦੋਸ਼ ਲਗਾਓੰਦੇ ਹੋਏ ਪਦ ਹਟਾਉਣ ਦਾ ਦਾਅਵਾ ਕੀਤਾ ਹੈ ਅਤੇ ਅਖਾੜੇ ਦੀ ਪੁਨਰਸੰਰਚਨਾ ਕਰਨ ਦੀ ਯੋਜਨਾ ਦਾ ਵੀ ਐਲਾਨ ਕੀਤਾ। ਉਹਨਾਂ ਇਸ ਸੰਬੰਧੀ ਸ਼ੋਸ਼ਲ ਮਿਡਿਆ ‘X’ ਤੇ ਪੋਸਟ ਪਾਉਂਦੇ ਹੋਏ ਇਕ ਚਿੱਠੀ ਵੀ ਜਾਰੀ ਕੀਤੀ।
![]() |
| ਸ਼ੋਸ਼ਲ ਮਿਡਿਆ ‘X’ ਤੇ ਜਾਰੀ ਚਿੱਠੀ ਦੀ ਪ੍ਰਤੀਲਿਪੀ |
ਸੂਤਰਾਂ ਦਾ ਕਹਿਣਾ ਹੈ ਕਿ ਸੰਨਿਆਸ ਲੈਣ ਤਕ ਤਾਂ ਠੀਕ ਹੈ ਪਰ ਮਹਾਮੰਡਲੇਸ਼ਵਰ ਵਜੋਂ ਮਮਤਾ ਕੁਲਕਰਣੀ ਦੀ ਨਿਯੁਕਤੀ ਬਹੁਤ ਸਾਰੇ ਲੋਕਾਂ ਨੂੰ ਪਸੰਦ ਨਹੀਂ ਆਈ ਸੀ ਅਤੇ ਤਿੱਖੀ ਪ੍ਰਤੀਕਿਰਿਆ ਵੇਖਣ ਵਿਚ ਆਈ ਸੀ। ਯੋਗ ਗੁਰੂ ਬਾਬਾ ਰਾਮਦੇਵ ਵੀ ਉਹਨਾਂ ਵਿੱਚੋਂ ਇੱਕ ਹਨ। ਉਹਨਾਂ ਨੇ ਇਸ ਪ੍ਰਕਾਰ ਤੇਜ਼ ਨਿਯੁਕਤੀ 'ਤੇ ਟਿੱਪਣੀ ਕਰਦੇ ਹੋਏ ਕਿਹਾ ਸੀ ਕਿ ਕੋਈ ਵੀ ਵਿਅਕਤੀ ਇੱਕ ਦਿਨ ਵਿੱਚ ਸੰਤ ਜਾਂ ਮਹਾਮੰਡਲੇਸ਼ਵਰ ਨਹੀਂ ਬਣ ਸਕਦਾ।
ਬਾਗਪਤ ਧਾਮ ਵਾਾਲੇ ਧੀਰੇਂਦਰ ਸ਼ਾਸਤਰੀ ਨੇ ਵੀ ਇਸ ਮਾਮਲੇ ਤੇ ਕਿਹਾ ਸੀ ਕਿ ਕੀ ਕਿਸੇ ਬਾਹਰੀ ਪ੍ਰਭਾਵ ਹੇਠ ਆ ਕੇ ਕਿਸੇ ਨੂੰ ਸੰਤ ਜਾਂ ਮਹਾਂਮੰਡਲੇਸ਼ਵਰ ਕਿਵੇਂ ਬਣਾਇਆ ਜਾ ਸਕਦਾ ਹੈ? ਉਹ ਖੁਦ ਕਿੰਨੇ ਸਾਲ ਤੋਂ ਸੰਨਿਆਸੀ ਹਨ ਪਰ ਅਜੇ ਤੱਕ ਮਹਾਮੰਡਲੇਸ਼ਵਰ ਨਹੀਂ ਬਣ ਸਕੇ ਹਨ।
ਇਸ ਤਰ੍ਹਾਂ ਹੀ ਕਿੰਨਰ ਕਥਾਵਾਚਕ ਜਗਤਗੁਰੂ ਹਿਮਾਂਗੀ ਸਖੀ ਮਾਂ ਨੇ ਵੀ ਮਮਤਾ ਕੁਲਕਰਣੀ ਦੀ ਨਿਯੁਕਤੀ 'ਤੇ ਸਵਾਲ ਉਠਾਏ ਸੀ ਅਤੇ ਕਿਹਾ ਸੀ ਕਿ ਕਿੰਨਰ ਅਖਾੜੇ ਵਲੋਂ ਐਸਾ ਸਿਰਫ ਪ੍ਰਚਾਰ ਲਈ ਕੀਤਾ ਗਿਆ ਲਗਦਾ ਹੈ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਕੇਸ ਵਿੱਚ ਗ੍ਰਿਫਤਾਰ ਹੋਣ ਵਾਲੀ ਮਮਤਾ ਕੁਲਕਰਣੀ ਨੂੰ ਅਚਾਨਕ ਮਹਾਮੰਡਲੇਸ਼ਵਰ ਕਿਵੇਂ ਬਣਾਇਆ ਗਿਆ ਇਸਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।
1990 ਦੇ ਦਹਾਕੇ ਵਿੱਚ ਮਮਤਾ ਕੁਲਕਰਣੀ ਨੇ ਬਾਲੀਵੁੱਡ ਅਤੇ ਦੱਖਣੀ ਭਾਰਤੀ ਫਿਲਮਾਂ ਵਿੱਚ ਕਈ ਹਿੱਟ ਫਿਲਮਾਂ ਦਿੱਤੀਆਂ ਸਨ। ਉਸ ਨੇ 1992 ਦੀ ਫਿਲਮ 'ਤਿਰੰਗਾ' ਨਾਲ ਨਾਨਾ ਪਾਟੇਕਰ ਅਤੇ ਰਾਜ ਕੁਮਾਰ ਦੇ ਸੰਗ ਆਪਣੀ ਬਾਲੀਵੁੱਡ ਯਾਤਰਾ ਸ਼ੁਰੂ ਕੀਤੀ ਸੀ । ਉਹਨਾਂ ਦੀ ਪ੍ਰਸਿੱਧ ਫਿਲਮਾਂ ਵਿੱਚ 'ਆਸ਼ਿਕ ਅਵਾਰਾ' (1993), 'ਕ੍ਰਾਂਤੀਵੀਰ' (1994), 'ਕਰਨ ਅਰਜੁਨ' (1995), ਅਤੇ 'ਚਾਈਨਾ ਗੇਟ' (2001) ਸ਼ਾਮਲ ਹਨ।
ਸਾਲ 2016 ਵਿੱਚ ਠਾਣੇ ਪੁਲਿਸ ਨੇ ਮਮਤਾ ਕੁਲਕਰਣੀ ਅਤੇ ਉਨ੍ਹਾਂ ਦੇ ਸਾਥੀ ਵਿਕੀ ਗੋਸਵਾਮੀ ਨੂੰ ₹2,000 ਕਰੋੜ ਦੀ ਨਸ਼ਾ ਤਸਕਰੀ ਦੇ ਕੇਸ ਵਿੱਚ ਨਾਮਜ਼ਦ ਕੀਤਾ ਸੀ। ਮਮਤਾ ਕੁਲਕਰਣੀ ਅਤੇ ਵਿਕੀ ਗੋਸਵਾਮੀ ਪਰ ਇਹ ਵੀ ਦੋਸ਼ ਸੀ ਕਿ ਹੋਰ ਕਈ ਦੋਸ਼ੀਆਂ ਸਮੇਤ ਉਹਨਾਂ ਕੀਨੀਆ ਦੇ ਵਿਚ ਇੱਕ ਅੰਤਰਰਾਸ਼ਟਰੀ ਨਸ਼ਾ ਗੈਂਗ ਦੀ ਮੀਟਿੰਗ ਵਿੱਚ ਹਿਸਾ ਵੀ ਲਿਆ ਸੀ। ਬੀਤੇ ਵਰ੍ਹੇ ਅਗਸਤ ਵਿੱਚ ਮੁੰਬਈ ਹਾਈਕੋਰਟ ਨੇ 2016 ਦੇ ਕੇਸ ਨੂੰ ਸਬੂਤਾਂ ਦੀ ਘਾਟ ਕਾਰਨ ਰੱਦ ਕਰ ਦਿੱਤਾ ਸੀ।

