ਗਿਆਨੇਸ਼ ਕੁਮਾਰ ਨਵੇਂ ਮੁੱਖ ਚੋਣ ਕਮਿਸ਼ਨਰ ਨਿਯੁਕਤ
![]() |
| ਗਿਆਨੇਸ਼ ਕੁਮਾਰ ਨਵੇਂ ਮੁੱਖ ਚੋਣ ਕਮਿਸ਼ਨਰ |
ਗਿਆਨੇਸ਼ ਕੁਮਾਰ, 1988 ਬੈਚ ਦੇ ਕੇਰਲਾ ਕੈਡਰ ਦੇ IAS ਅਧਿਕਾਰੀ ਹਨ ਜੋ ਪਿਛਲੇ ਸਾਲ ਚੋਣ ਕਮਿਸ਼ਨਰ ਬਣਣ ਤੋਂ ਪਹਿਲਾਂ ਸਹਿਕਾਰੀ ਮੰਤਰਾਲੇ ਵਿੱਚ ਸਕੱਤਰ ਰਹੇ ਹਨ, ਨੂੰ ਭਾਰਤ ਦਾ ਅਗਲਾ ਮੁੱਖ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਸੋਮਵਾਰ ਰਾਤ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ ਕੀਤੀ ਗਈ। ਗਿਆਨੇਸ਼ ਕੁਮਾਰ 2023 ਵਿੱਚ ਪਾਸ ਹੋਏ ਨਵੇਂ ਕਾਨੂੰਨ ਦੇ ਤਹਿਤ ਨਿਯੁਕਤ ਹੋਣ ਵਾਲੇ ਪਹਿਲੇ ਮੁੱਖ ਚੋਣ ਕਮਿਸ਼ਨਰ ਹਨ। ਸਰਕਾਰ ਵਲੋਂ ਜਾਰੀ ਸੂਚਨਾ ਅਨੁਸਾਰ, 1989 ਬੈਚ ਦੇ ਅਧਿਕਾਰੀ ਅਤੇ ਸਾਬਕਾ DoPT ਸਕੱਤਰ ਵਿਵੇਕ ਜੋਸ਼ੀ ਨੂੰ ਵੀ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।
ਚੋਣ ਕਮੇਟੀ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵਜੋਂ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਸ਼ਾਮਲ ਸਨ। ਵਿਰੋਧੀ ਪਾਰਟੀ ਦੀ ਅਪੱਤੀਆਂ ਦੇ ਬਾਵਜੂਦ, ਗਿਆਨੇਸ਼ ਕੁਮਾਰ ਨੂੰ ਨਵਾਂ ਮੁੱਖ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਦਾ ਦਾਅਵਾ ਹੈ ਕਿ ਮੁੱਖ ਚੋਣ ਕਮਿਸ਼ਨਰ ਨੂੰ ਚੁਣਨ ਦੀ ਪ੍ਰਕਿਰਿਆ, ਸੁਪਰੀਮ ਕੋਰਟ ਦੀ ਹਦਾਇਤਾਂ ਮੁਤਾਬਿਕ ਨਹੀਂ ਹੋਈ ਹੈ।
ਇਹ ਪ੍ਰਕਿਰਿਆ ਸੁਪਰੀਮ ਕੋਰਟ ਵਲੋਂ ਨਵੇਂ ਕਾਨੂੰਨ ਵਿਰੁੱਧ ਦਾਇਰ ਅਰਜ਼ੀਆਂ ਦੀ ਸੁਣਵਾਈ ਤੋਂ ਇੱਕ ਦਿਨ ਪਹਿਲਾਂ ਹੀ ਪੂਰੀ ਕਰ ਲਈ ਗਈ ਹੈ। ਪ੍ਰਕਿਰਿਆ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਕਨੂੰਨ ਕੇਂਦਰ ਸਰਕਾਰ ਨੂੰ ਚੋਣ ਕਮਿਸ਼ਨ ਦੀ ਨਿਯੁਕਤੀ ‘ਚ ਵਧੇਰੇ ਅਧਿਕਾਰ ਦਿੰਦਾ ਹੈ।
![]() |
| ਰਾਜੀਵ ਕੁਮਾਰ, ਸਾਬਕਾ ਮੁੱਖ ਚੋਣ ਕਮਿਸ਼ਨਰ |
ਰਾਜੀਵ ਕੁਮਾਰ ਨੇ ਅੱਜ ਆਪਣਾ ਅਹੁਦਾ ਛੱਡ ਦਿੱਤਾ ਹੈ। ਉਹ ਮਈ 2022 ਵਿੱਚ CEC ਨਿਯੁਕਤ ਹੋਏ ਸਨ। ਉਹਨਾਂ ਨੇ ਆਪਣੇ ਕਾਰਜਕਾਲ ਦੌਰਾਨ ਕਈ ਮਹੱਤਵਪੂਰਨ ਚੋਣ ਪ੍ਰਕਿਰਿਆਵਾਂ ਦੀ ਦੇਖਭਾਲ ਕੀਤੀ ਜਿਸ ਵਿਚ ਪਿਛਲੇ ਸਾਲ ਅਪ੍ਰੈਲ-ਜੂਨ ਵਿੱਚ ਹੋਈ ਲੋਕ ਸਭਾ ਚੋਣ ਅਤੇ ਇਕ ਦਹਾਕੇ ਬਾਦ ਹੋਈ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣ ਸ਼ਾਮਲ ਹੈ। ਇਸ ਤੋਂ ਇਲਾਵਾ ਉਹਨਾਂ 2022 ਵਿੱਚ ਰਾਸ਼ਟਰਪਤੀ ਚੋਣਾਂ ਅਤੇ 2023 ਵਿੱਚ ਕਰਨਾਟਕ ਅਤੇ ਤੇਲੰਗਾਨਾ ਚੋਣਾਂ ਦੀ ਦੇਖਰੇਖ ਕੀਤੀ ਜਿੱਥੇ ਕਿ ਕਾਂਗਰਸ ਨੂੰ ਜਿੱਤ ਮਿਲੀ। ਉਹਨਾਂ ਨੇ ਮਧ ਪ੍ਰਦੇਸ਼ ਅਤੇ ਰਾਜਸਥਾਨ ਚੋਣਾਂ ਦਾ ਵੀ ਪ੍ਰਬੰਧਨ ਕੀਤਾ ਜਿੱਥੇ ਭਾਜਪਾ ਨੇ ਜਿੱਤ ਹਾਸਲ ਕੀਤੀ ਸੀ। ਉਹਨਾਂ ਨੇ ਆਪਣੇ ਕਾਰਜਕਾਲ ਦੀ ਸਮਾਪਤੀ ਪਿਛਲੇ ਹਫ਼ਤੇ ਹੋਈ ਦਿੱਲੀ ਚੋਣ ਨਾਲ ਕੀਤੀ।
ਰਾਜੀਵ ਕੁਮਾਰ ਦਾ ਕਹਿਣਾ ਹੈ ਕਿ ਉਹ ਅਗਲੇ ਚਾਰ-ਪੰਜ ਮਹੀਨੇ ਲਈ ਚਮਕ-ਦਮਕ ਤੋਂ ਦੂਰ ਰਹਿਣਾ ਚਾਹੁੰਦੇ ਹਨ। ਉਹਨਾਂ ਨੂੰ ਇਕਾਂਤ ਦੀ ਲੋੜ ਹੈ ਅਤੇ ਫਿਰ ਬਾਦ ਵਿਚ ਉਹ ਗਰੀਬ ਬੱਚਿਆਂ ਨੂੰ ਪੜ੍ਹਾਉਣਾ ਚਾਹੁਣਗੇ।

