ਅਸਟ੍ਰੇਲੀਆ 4ਥਾ ਟੈਸਟ ਮੈਚ ਜਿੱਤਿਆ, ਸ਼੍ਰਿੰਖਲਾ ਵਿਚ 2-1 ਨਾਲ ਬੜ੍ਹਤ ਲਈ
ਆਸਟ੍ਰੇਲੀਆ ਕ੍ਰਿਕਟ ਟੀਮ ਵਲੋਂ ਭਾਰਤੀ ਟੀਮ ਨੂੰ ਮੇਲਬੋਰਨ ਕ੍ਰਿਕਟ ਮੈਦਾਨ ਵਿਚ ਚੱਲ ਰਹੇ ਚੌਥੇ ਟੈਸਟ ਮੈਚ ਵਿਚ 184 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ ਗਈ ਹੈ ਅਤੇ ਹੁਣ ਪੰਜ-ਮੈਚਾਂ ਦੀ ਲੜੀ ਵਿੱਚ ਆਸਟ੍ਰੇਲੀਆ ਨੇ 2-1 ਨਾਲ ਬੜ੍ਹਤ ਬਣਾ ਲਈ ਹੈ।
![]() |
| ਅਸਟ੍ਰੇਲੀਆਈ ਖਿਡਾਰੀ ਮੈਲਬੌਰਨ ਟੈਸਟ ਮੈਚ ਜਿੱਤਣ ਤੋਂ ਬਾਅਦ ਖੁਸ਼ੀ ਮਨਾਉਂਦੇ ਹੋਏ |
ਭਾਰਤੀ ਕ੍ਰਿਕਟ ਟੀਮ ਨੂੰ ਮੈਚ ਦੇ ਪੰਜਵੇਂ ਦਿਨ ਅਸਟ੍ਰੇਲੀਆ ਵਲੋਂ 340 ਦਾ ਲਕਸ਼ ਦਿੱਤਾ ਗਿਆ ਸੀ ਪਰ ਭਾਰਤੀ ਟੀਮ ਚੌਥੀ ਪਾਰੀ ਵਿਚ ਕੇਵਲ 155 ਦੌੜਾਂ 'ਤੇ ਹੀ ਸਿਮਟ ਗਈ। ਭਾਰਤ ਨੂੰ ਹੁਣ ਲੜੀ ਬਰਾਬਰ ਕਰਨ ਅਤੇ ਬਾਰਡਰ-ਗਾਵਸਕਰ ਟਰਾਫੀ ਬਚਾਉਣ ਲਈ ਸ਼ੁੱਕਰਵਾਰ ਨੂੰ ਸਿਡਨੀ ਵਿੱਚ ਆਖਰੀ ਟੈਸਟ ਮੈਚ ਜਿੱਤਣਾ ਲਾਜ਼ਮੀ ਹੋਵੇਗਾ।
ਭਾਰਤੀ ਟੀਮ ਦੀ ਦੂਸਰੀ ਪਾਰੀ ਵਿਚ ਪੰਜਵੇਂ ਦਿਨ ਦੀ ਖੇਡ ਸ਼ੁਰੂ ਹੋਣ ਦੇ ਪਹਿਲੇ ਹੀ ਸੈਸ਼ਨ ਵਿੱਚ ਰੋਹਿਤ ਸ਼ਰਮਾ, ਕੇ.ਐਲ. ਰਾਹੁਲ ਅਤੇ ਵਿਰਾਟ ਕੋਹਲੀ ਦੇ ਇਕ ਅੰਕ ਵਾਲੇ ਨਿਜੀ ਸਕੋਰਾਂ ਤੇ ਵਾਪਸ ਪਵੇਲਿਅਨ ਜਾਣ ਨਾਲ ਜਿੱਤ ਦੀ ਉਮੀਦ ਘੱਟ ਗਈ ਸੀ।
ਪਰ ਫਿਰ ਵੀ ਚਾਹ ਪੀਣ ਦੇ ਸਮੇਂ ਤੱਕ ਭਾਰਤ ਵਲੋਂ ਮੈਚ ਨੂੰ ਬਰਾਬਰੀ ਤੇ ਰੋਕ ਲੈਣ ਲਈ ਦਾਅਵਾ ਮਜ਼ਬੂਤ ਲਗਦਾ ਸੀ। ਯਸ਼ਸਵੀ ਅਤੇ ਰਿਸ਼ਭ ਪੰਤ ਪਿੱਚ ਤੇ ਟਿਕੇ ਹੋਏ ਸਨ ਅਤੇ ਸਕੋਰ 112/3 ਤੇ ਪਹੁੰਚ ਚੁੱਕਾ ਸੀ ਪਰ ਪੰਤ ਦੇ 30 ਦੌੜਾਂ ਦੇ ਸਕੋਰ ਤੇ ਇੱਕ ਖਰਾਬ ਸ਼ਾਟ 'ਤੇ ਕੈਚ ਆਉਟ ਹੋਣ ਨਾਲ ਭਾਰਤੀ ਟੀਮ ਢਹਿ ਢੇਰੀ ਹੋ ਗਈ।
ਭਾਰਤੀ ਟੀਮ ਨੇ ਆਖਰੀ ਸੱਤ ਵਿਕਟਾਂ 20.3 ਓਵਰਾਂ ਵਿੱਚ ਕੇਵਲ 34 ਦੌੜਾਂ ਉਤੇ ਗੁਆ ਲਈਆਂ। ਰਵਿੰਦਰ ਜਡੇਜਾ ਅਤੇ ਪਹਿਲੀ ਪਾਰੀ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸ਼ਤਕ ਲਗਾਓਣ ਵਾਲੇ ਨੀਤਿਸ਼ ਰੈਡੀ ਛੇਤੀ ਆਉਟ ਹੋ ਗਏ। ਯਸ਼ਸਵੀ ਨੂੰ ਪੈਟ ਕਮਿੰਸ ਨੇ ਵਾਪਸ ਭੇਜਿਆ ਜੋ ਕਿ ਥੋੜਾ ਵਿਵਾਦਪੂਰਨ ਸੀ। 23 ਸਾਲਾਂ ਦੇ ਖਿਡਾਰੀ ਨੂੰ ਹੁੱਕ ਸ਼ਾਟ ਖੇਡਦੇ ਹੋਏ ਤੀਸਰੇ ਅੰਪਾਇਰ ਵਲੋਂ ਵੀਡੀਓ ਸਬੂਤ ਦੇ ਆਧਾਰ 'ਤੇ ਕੈਚ ਆਉਟ ਕਰਾਰ ਦਿੱਤਾ ਗਿਆ ਹਾਲਾਂਕਿ ਪਹਿਲਾਂ ਮੈਦਾਨ ਵਿਚ ਮੌਜੂਦ ਅੰਪਾਇਰ ਵਲੋਂ ਨਾਟ ਆਉਟ ਦਿੱਤਾ ਗਿਆ ਸੀ। ਅਕਾਸ਼ਦੀਪ, ਜਸਪ੍ਰੀਤ ਬੁਮਰਾਹ ਅਤੇ ਮੋਹੰਮਦ ਸਿਰਾਜ ਛੇਤੀ ਹੀ ਆਉਟ ਹੋ ਗਏ। ਵਾਸ਼ਿੰਗਟਨ ਸੁੰਦਰ ਅਖੀਰ ਤੱਕ 45 ਗੇਂਦਾਂ ਤੇ 5 ਦੌੜਾਂ ਨਾਲ ਨਾਟ ਆਉਟ ਰਹੇ।
ਪੈਟ ਕਮਿੰਸ ਨੇ ਦੂਸਰੀ ਪਾਰੀ ਵਿਚ 3/38 ਵਿਕਟਾਂ ਲੈ ਕੇ, ਟੈਸਟ ਵਿੱਚ ਕੁੱਲ 6 ਵਿਕਟਾਂ ਹਾਸਲ ਕੀਤੀਆਂ। ਉਸ ਨੇ 90 ਦੌੜਾਂ ਵੀ ਬਣਾਈਆਂ ਜੋ ਕਿ ਉਹਨਾਂ ਦੇ ਕਰੀਅਰ ਦਾ ਸਭ ਤੋਂ ਵਧੀਆ ਬੱਲੇਬਾਜ਼ੀ ਪ੍ਰਦਰਸ਼ਨ ਹੈ।
