ਤੁਰਕੀ ਦੇ 12 ਮੰਜ਼ਿਲਾ ਹੋਟਲ ਵਿੱਚ ਭਿਆਨਕ ਅੱਗ, 76 ਮੌਤਾਂ, 51 ਜਖਮੀ
![]() |
| ਤੁਰਕੀ 12 ਮੰਜ਼ਿਲਾ ਹੋਟਲ ਵਿੱਚ ਭਿਆਨਕ ਅੱਗ, 76 ਮੌਤਾਂ, 51 ਜਖਮੀ |
ਉੱਤਰ-ਪੱਛਮੀ ਤੁਰਕੀ ਦੇ ਇੱਕ ਪ੍ਰਸਿੱਧ ਸਕੀਅ ਰਿਜ਼ੋਰਟ ਦੇ 12-ਮੰਜ਼ਿਲਾ ਹੋਟਲ ਵਿੱਚ ਮੰਗਲਵਾਰ ਸਵੇਰੇ ਸਕੂਲੀ ਛੁੱਟੀਆਂ ਦੇ ਦੌਰਾਨ ਅੱਗ ਲੱਗਣ ਨਾਲ ਘੱਟੋ-ਘੱਟ 76 ਲੋਕਾਂ ਦੀ ਮੌਤ ਹੋ ਗਈ ਅਤੇ 51 ਲੋਕ ਜਖਮੀ ਹੋ ਗਏ। ਮ੍ਰਿਤਕਾਂ ਵਿੱਚ ਦੋ ਉਹ ਲੋਕ ਵੀ ਸ਼ਾਮਲ ਹਨ ਜੋ ਅੱਗ ਤੋਂ ਬਚਣ ਲਈ ਇਮਾਰਤ ਤੋਂ ਛਾਲ ਮਾਰਦੇ ਹੋਏ ਜਾਨ ਗਵਾ ਬੈਠੇ।
ਸਥਿਤੀ ਦਾ ਜਾਇਜ਼ਾ ਲੈਣ ਆਏ ਗ੍ਰਹਿ ਮੰਤਰੀ ਅਲੀ ਯਰਲਿਕਾਇਆ ਨੇ ਦੱਸਿਆ ਕਿ ਘਟਨਾ ਕਾਰਟਲਕਾਇਆ ਵਿੱਚ ਹੋਟਲ ਗ੍ਰੈਂਡ ਕਾਰਟਾਲ ਵਿੱਚ ਹੋਈ। ਉਕਤ ਹੋਟਲ ਬੋਲੂ ਪ੍ਰਾਂਤ ਦੇ ਕੋਰੋਗਲੂ ਪਹਾੜਾਂ ਵਿੱਚ ਸਥਿਤ ਹੈ। ਸਕੂਲਾਂ ਵਿੱਚ ਦੋ ਹਫਤਿਆਂ ਦੀ ਸਰਦੀ ਦੇ ਛੁੱਟੀਆਂ ਹੋਣ ਕਾਰਨ ਅੱਗ ਲੱਗਣ ਸਮੇਂ ਹੋਟਲ ਮੁਕੰਮਲ ਤੌਰ 'ਤੇ ਭਰਿਆ ਹੋਇਆ ਸੀ।
ਅੱਗ ਵਿੱਚ 66 ਲੋਕਾਂ ਦੀ ਮੌਤ ਹੋਈ, ਜਦਕਿ ਘੱਟੋ-ਘੱਟ 51 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚੋਂ 17 ਲੋਕਾਂ ਨੂੰ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ, ਜਦਕਿ ਇੱਕ ਜ਼ਖਮੀ ਦੀ ਹਾਲਤ ਗੰਭੀਰ ਹੈ।
ਸੂਤਰਾਂ ਮੁਤਾਬਿਕ ਅੱਗ ਸਵੇਰੇ 3:27 ਵਜੇ ਸ਼ੁਰੂ ਹੋਈ, ਪਰ ਅੱਗ ਬੁਝਾਉਣ ਵਾਲੀ ਟੀਮ ਸਥਾਨ 'ਤੇ 4:15 ਵਜੇ ਪਹੁੰਚੀ। ਹੋਟਲ ਵਿੱਚ 238 ਮਹਿਮਾਨ ਰਜਿਸਟਰਡ ਸਨ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਅਜੇ ਚੱਲ ਰਹੀ ਹੈ ਪਰ ਐਸਾ ਮੰਨਿਆ ਜਾ ਰਿਹਾ ਹੈ ਕਿ ਅੱਗ ਹੋਟਲ ਦੇ ਰੈਸਟੋਰੈਂਟ ਵਾਲੇ ਹਿੱਸੇ ਤੋਂ ਸ਼ੁਰੂ ਹੋਈ ਸੀ।
ਨਿਆਂ ਮੰਤਰੀ ਯਿਲਮਾਜ ਤੁੰਚ ਨੇ ਦੱਸਿਆ ਕਿ ਹੋਟਲ ਦੇ ਮਾਲਕ ਸਮੇਤ ਚਾਰ ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਸਰਕਾਰ ਵਲੋਂ ਇਸ ਘਟਨਾ ਜਾਂਚ ਲਈ 6 ਪ੍ਰੋਸੈਕਿਊਟਰ ਨਿਯੁਕਤ ਕੀਤੇ ਗਏ ਹਨ।
ਸੂਤਰਾਂ ਮੁਤਾਬਿਕ ਮੌਕੇ ਤੇ ਹਾਜ਼ਰ ਅਤੇ ਅੱਗ ਲੱਗਣ ਤੋਂ ਬਾਅਦ ਬਚਣ ਵਿਚ ਕਾਮਯਾਬ ਰਹੇ ਲੋਕਾਂ ਵਿਚੋਂ ਇਕ, ਅਤਾਕਾਨ ਯੇਲਕੋਵਾਨ ਹੋਟਲ ਦੇ ਤੀਜੇ ਮਾਲੇ 'ਤੇ ਰਹਿ ਰਹੇ ਸਨ, ਨੇ ਦੱਸਿਆ ਕਿ ਉੱਚ ਮੰਜ਼ਲਾਂ 'ਤੇ ਲੋਕ ਕਾਗਜ਼ ਅਤੇ ਚਾਦਰਾਂ ਦੀ ਮਦਦ ਨਾਲ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ। ਯੇਲਕੋਵਾਨ ਨੇ ਦੱਸਿਆ ਕਿ ਉਸ ਦੀ ਪਤਨੀ ਨੇ ਧੂੰਆਂ ਮਹਿਸੂਸ ਕੀਤਾ ਪਰ ਹੋਟਲ ਵਿਚ ਅੱਗ ਦੀ ਚੇਤਾਵਨੀ ਦੇਣ ਵਾਲਾ ਅਲਾਰਮ ਨਹੀਂ ਵੱਜਿਆ ਸੀ। ਅੱਗ ਨਾਲ ਹੋਟਲ ਧੂੰਏ ਨਾਲ ਭਰ ਗਿਆ, ਜਿਸ ਕਰਕੇ ਹੋਟਲ ਦੇ ਮਹਿਮਾਨਾਂ ਨੂੰ ਹਾਦਸੇ ਸਮੇਂ ਵਰਤਿਆ ਜਾਣ ਵਾਲਾ ਰਾਹ “ਫਾਇਰ ਐਸਕੇਪ” ਲਭਣ ਵਿੱਚ ਮੁਸ਼ਕਲ ਆ ਰਹੀ ਸੀ। ਗਵਾਹਾਂ ਦਾ ਕਹਿਣਾ ਹੈ ਕਿ ਹੋਟਲ ਦੇ ਫਾਇਰ ਡਿਟੈਕਸ਼ਨ ਸਿਸਟਮ ਨੇ ਕੰਮ ਨਹੀਂ ਕੀਤਾ।
ਇਹ ਇਕ ਸਕੀਅ ਰਿਸੋਰਟ ਹੈ। ਇੱਥੇ ਦੇ ਸਕੀਅ ਇੰਸਟਰੱਕਟਰ ਨੇਕਮੀ ਕੇਪਚੇਤੁਤਾਨ ਨੇ ਦੱਸਿਆ ਕਿ ਉਸਨੇ ਖੁਦ 20 ਮਹਿਮਾਨਾਂ ਨੂੰ ਸੁਰੱਖਿਅਤ ਬਾਹਰ ਕੱਢਣ ਵਿੱਚ ਮਦਦ ਕੀਤੀ ਹੈ ਪਰ ਉਸਦੇ ਕੁਝ ਸਕੀਅ ਸਿਖਿਆਰਥੀ ਉਸ ਨੂੰ ਨਹੀਂ ਮਿਲ ਰਹੇ ਹਨ, ਉਸ ਨੂੰ ਉਹਨਾਂ ਦੀ ਚਿੰਤਾ ਹੋ ਰਹੀ ਹੈ।
ਇਸ ਦੁਰਘਟਨਾ ਨੇ ਤੁਰਕੀ ਦੇ ਹੋਟਲਾਂ ਵਿੱਚ ਵਰਤੀ ਜਾ ਰਹੀ ਸੁਰੱਖਿਆ ਪ੍ਰਣਾਲੀ ਦੀ ਕਮਜ਼ੋਰੀਆਂ ਨੂੰ ਸਵਾਲਾਂ ਦੇ ਘੇਰੇ ਵਿੱਚ ਲੈ ਆਂਦਾ ਹੈ।
