ਕੋਲਕਾਤਾ, ਆਰ ਜੀ ਕਾਰ ਕਾਂਡ ਵਿਚ ਦੋਸ਼ੀ ਸੰਜੇ ਰਾਇ ਨੂੰ ਉਮਰ ਕੈਦ ਦੀ ਸਜ਼ਾ

ਕੋਲਕਾਤਾ, ਆਰ ਜੀ ਕਾਰ ਕਾਂਡ ਵਿਚ ਦੋਸ਼ੀ ਸੰਜੇ ਰਾਇ ਨੂੰ ਉਮਰ ਕੈਦ ਦੀ ਸਜ਼ਾ, punjabisamachar.in
ਸੰਜੇ ਰਾਇ, ਦੋਸ਼ੀ ਬਲਾਤਕਾਰ ਅਤੇ ਹੱਤਿਆ ਕਾਂਡ ਨੂੰ
ਕੋਲਕਾਤਾ ਅਦਾਲਤ ਵਲੋਂ ਉਮਰ ਕੈਦ ਦੀ ਸਜ਼ਾ 


ਕੋਲਕਾਤਾ ਦੀ ਇਕ ਖਾਸ ਅਦਾਲਤ ਨੇ ਬੀਤੇ ਕੱਲ, ਸੋਮਵਾਰ ਨੂੰ ਸਰਕਾਰੀ ਆਰ.ਜੀ. ਕਾਰ ਮੈਡਿਕਲ ਕਾਲਜ ਅਤੇ ਹਸਪਤਾਲ ਦੀ ਇਕ ਮਹਿਲਾ ਡਾਕਟਰ ਦੇ ਬਲਾਤਕਾਰ ਅਤੇ ਕਤਲ ਦੇ ਕੇਸ ਵਿੱਚ ਦੋਸ਼ੀ ਸੰਜੇ ਰਾਇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।


CBI ਦੇ ਵਕੀਲ ਨੇ ਦੋਸ਼ੀ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ ਪਰ ਸਜ਼ਾ ਦਾ ਐਲਾਨ ਕਰਦੇ ਹੋਏ ਖਾਸ ਅਦਾਲਤ ਦੇ ਜੱਜ ਅਨਿਰਬਨ ਦਾਸ ਨੇ ਇਹ ਸਪਸ਼ਟ ਕੀਤਾ ਕਿ ਕੇਂਦਰੀ ਜਾਂਚ ਬਿਊਰੋ (CBI) ਦੀ ਇਹ ਦਲੀਲ ਕਿ ਸੰਜੇ ਰਾਇ ਦਾ ਜੁਰਮ "ਸਭ ਤੋਂ ਵਿਰਲ ਅਪਰਾਧਾਂ" ਦੇ ਸ਼੍ਰੇਣੀ ਵਿੱਚ ਆਉਂਦਾ ਹੈ ਅਦਾਲਤ ਨੂੰ ਮਨਜ਼ੂਰ ਨਹੀਂ ਹੈ। ਇਸ ਲਈ “ਮੌਤ ਦੀ ਸਜ਼ਾ” ਦੇ ਬਦਲੇ ਦੋਸ਼ੀ ਨੂੰ “ਉਮਰ ਕੈਦ” ਦੀ ਸਜ਼ਾ ਸੁਣਾਈ ਗਈ। ਸੰਜੇ ਰਾਇ ਨੂੰ 50,000 ਰੁਪਏ ਦਾ ਆਰਥਿਕ ਜੁਰਮਾਨਾ ਵੀ ਲਾਇਆ ਗਿਆ। ਇਸਦੇ ਨਾਲ ਹੀ ਅਦਾਲਤ ਨੇ ਪੱਛਮ ਬੰਗਾਲ ਸਰਕਾਰ ਨੂੰ ਹੁਕਮ ਦਿੱਤਾ ਕਿ ਉਹ ਪੀੜਿਤ ਦੇ ਪਰਿਵਾਰ ਨੂੰ 17 ਲੱਖ ਰੁਪਏ ਮੁਆਵਜ਼ੇ ਦੇ ਤੌਰ 'ਤੇ ਵੀ ਜਾਰੀ ਕਰੇ ।


ਪਿਛਲੇ ਸਾਲ 9 ਅਗਸਤ 2024 ਨੂੰ ਪੀੜਿਤਾ ਡਾਕਟਰ ਦਾ ਸ਼ਵ ਆਰ.ਜੀ. ਕਾਰ ਕੈਂਪਸ ਦੇ ਸੈਮੀਨਾਰ ਹਾਲ 'ਚੋਂ ਬਰਾਮਦ ਹੋਇਆ ਸੀ। ਸ਼ੁਰੂਆਤੀ ਜਾਂਚ ਕੋਲਕਾਤਾ ਪੁਲਿਸ ਦੀ ਇੱਕ ਵਿਸ਼ੇਸ਼ ਜਾਂਚ ਟੀਮ ਨੇ ਕੀਤੀ ਅਤੇ ਰਾਇ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਪਰੰਤੂ ਪੰਜ ਦਿਨ ਬਾਅਦ ਹੀ ਕੋਲਕਾਤਾ ਹਾਈ ਕੋਰਟ ਦੇ ਹੁਕਮ 'ਤੇ ਕੇਸ ਦੀ ਜਾਂਚ CBI ਨੂੰ ਸੌਂਪ ਦਿੱਤੀ ਗਈ ਸੀ। 


11 ਨਵੰਬਰ ਨੂੰ ਟਰਾਇਲ ਪ੍ਰਕਿਰਿਆ ਸ਼ੁਰੂ ਹੋਈ ਅਤੇ 18 ਜਨਵਰੀ ਨੂੰ ਦੋਸ਼ ਠਹਿਰਾਉਣ ਤੋਂ ਬਾਅਦ ਸੰਜੇ ਰਾਇ ਨੂੰ 18 ਜਨਵਰੀ 2025 ਨੂੰ ਭਾਰਤੀ ਨਿਆਯ ਸੰਹਿਤਾ (BNS) ਦੀ ਧਾਰਾ 64 (ਬਲਾਤਕਾਰ ਲਈ ਸਜ਼ਾ), ਧਾਰਾ 66 (ਮੌਤ ਜਾਂ ਪੀੜਿਤ ਦੀ ਲਗਾਤਾਰ ਬੇਹੋਸ਼ੀ ਦੀ ਅਵਸਥਾ ਦਾ ਕਾਰਣ ਬਣਨ ਲਈ ਸਜ਼ਾ) ਅਤੇ ਧਾਰਾ 103(I) (ਹੱਤਿਆ ਲਈ ਸਜ਼ਾ) ਦੇ ਤਹਿਤ ਦੋਸ਼ੀ ਪਾਇਆ ਗਿਆ ਸੀ।


ਜਿਕਰਯੋਗ ਹੈ ਕਿ ਜਦ ਕਿ ਮੁੱਖ ਮਾਮਲਾ ਖ਼ਤਮ ਹੋ ਗਿਆ ਹੈ ਫਿਰ ਵੀ ਸਬੂਤਾਂ ਨਾਲ ਛੇੜਛਾੜ ਦਾ ਮਾਮਲਾ ਹਾਲੇ ਵੀ ਖੁੱਲਾ ਹੈ। CBI ਨੇ ਅਦਾਲਤ ਨੂੰ ਦੱਸਿਆ ਹੈ ਕਿ ਇਸ ਸਬੰਧ ਵਿੱਚ ਸਪਲੀਮੈਂਟਰੀ ਚਾਰਜਸ਼ੀਟ ਦਾਖਲ ਕਰਨ ਦੀ ਸੰਭਾਵਨਾ ਬਣੀ ਹੋਈ ਹੈ।


ਪਿਛਲੇ ਸਾਲ ਆਰ.ਜੀ. ਕਾਰ ਦੇ ਪੂਰਵ ਪ੍ਰਿੰਸਿਪਲ ਸੰਦੀਪ ਘੋਸ਼ ਅਤੇ ਪੁਲਿਸ ਥਾਣੇ ਤਾਲਾ ਦੇ ਪੂਰਵ SHO ਅਭਿਜੀਤ ਮੰਡਲ ਨੂੰ CBI ਦੇ ਚਾਰਜਸ਼ੀਟ ਦਾਖਲ ਕਰਨ ਵਿੱਚ ਦੇਰੀ ਕਾਰਨ ਜਮਾਨਤ ਮਿਲ ਗਈ ਸੀ। ਉਹਨਾਂ ਉਪਰ ਅਪਰਾਧਿਕ ਜਾਂਚ ਵਿੱਚ ਰੁਕਾਵਟ ਪੈਦਾ ਕਰਨ ਅਤੇ ਕੇਸ ਵਿਚ ਸਬੂਤਾਂ ਨਾਲ ਛੇੜਛਾੜ ਕਰਨ ਦੇ ਦੋਸ਼ ਹਨ।