ਪੰਜਾਬ ਪੁਲਿਸ ਵਲੋਂ 5 ਕਿਲੋਗ੍ਰਾਮ ਹੈਰੋਇਨ ਨਾਲ ਗਿਰੋਹ ਦਾ ਮੁੱਖੀ ਗ੍ਰਿਫਤਾਰ

ਪੰਜਾਬ ਪੁਲਿਸ ਵਲੋਂ ਤਰਨਤਾਰਨ 'ਚ 5 ਕਿਲੋਗ੍ਰਾਮ ਹੈਰੋਇਨ ਨਾਲ ਡਰੱਗ ਤਸਕਰੀ ਗਿਰੋਹ ਦਾ ਮੁੱਖ ਸੂਤਰਧਾਰ ਗ੍ਰਿਫਤਾਰ

ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਪੰਜਾਬ ਪੁਲਿਸ ਨੇ ਤਰਨਤਾਰਨ ਵਿਖੇ ਬੁਧਵਾਰ ਨੂੰ ਪਾਕਿਸਤਾਨ ਦੇ ਸਮਰਥਨ ਵਾਲੇ ਡਰੱਗ ਤਸਕਰੀ ਗਿਰੋਹ ਨੂੰ ਬੇਨਕਾਬ ਕਰਦਿਆਂ ਮੁੱਖ ਆਰੋਪੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਸ ਦੇ ਕਬਜ਼ੇ ਵਿੱਚੋਂ 5 ਕਿਲੋਗ੍ਰਾਮ ਹੈਰੋਇਨ ਜਬਤ ਕਰ ਕੇ ਥਾਣਾ ਸਦਰ ਪੱਟੀ ਵਿੱਚ ਐਨਡੀਪੀਐਸ ਐਕਟ ਦੀ ਧਾਰਾ 21(ਸੀ) ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।


ਗ੍ਰਿਫਤਾਰ ਸ਼ਖ਼ਸ ਦੀ ਪਹਿਚਾਣ ਰਸ਼ਪਾਲ ਸਿੰਘ ਵਜੋਂ ਹੋਈ ਹੈ, ਜੋ ਤਰਨ ਤਾਰਨ ਦੇ ਭਾਈ ਲੱਧੂ ਪਿੰਡ ਦਾ ਰਹਿਣ ਵਾਲਾ ਹੈ। ਹੈਰੋਇਨ ਦੀ ਬਰਾਮਦਗੀ ਤੋਂ ਇਲਾਵਾ ਪੁਲਿਸ ਨੇ ਉਸ ਦੀ ਮੋਟਰਸਾਈਕਲ ਵੀ ਜ਼ਬਤ ਕਰ ਲਈ ਹੈ। ਡੀਜੀਪੀ ਨੇ ਕਿਹਾ ਕਿ ਦੋਸ਼ੀ ਪਾਕਿਸਤਾਨ ਅਧਾਰਿਤ ਕਈ ਤਸਕਰਾਂ ਨਾਲ ਸਿੱਧੇ ਸੰਪਰਕ ਵਿੱਚ ਸੀ ਅਤੇ ਉਹ ਡਰੋਨ ਰਾਹੀਂ ਨਸ਼ਿਆਂ ਦੀਆਂ ਖੇਪ ਪ੍ਰਾਪਤ ਕਰ ਰਿਹਾ ਸੀ।


ਤਰਨ ਤਾਰਨ ਦੇ ਸੀਨੀਅਰ ਕਪਤਾਨ ਪੁਲਿਸ (ਐਸਐਸਪੀ) ਅਭਿਮਨਯੁ ਰਾਣਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇੱਕ ਭਰੋਸੇਯੋਗ ਜਾਣਕਾਰੀ ਦੇ ਆਧਾਰ 'ਤੇ ਤਰਨਤਾਰਨ ਪੁਲਿਸ ਵਲੋਂ “ਟਾਰਗਿਟਡ ਆਪਰੇਸ਼ਨ” ਕੀਤਾ ਗਿਆ ਸੀ ਅਤੇ ਰਸ਼ਪਾਲ ਸਿੰਘ ਵਾਸੀ ਭਾਈ ਲੱਧੂ ਨੂੰ 5 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ। 


ਐਸਐਸਪੀ ਨੇ ਇਹ ਵੀ ਕਿਹਾ ਕਿ ਸਪਲਾਇਰਾਂ, ਡੀਲਰਾਂ, ਅਤੇ ਖਰੀਦਦਾਰਾਂ ਦੇ ਪੂਰੇ ਨੈਟਵਰਕ ਦਾ ਖੁਲਾਸਾ ਕਰਨ ਅਤੇ ਗ੍ਰਿਫਤਾਰ ਵਿਅਕਤੀ ਵੱਲੋਂ ਹੁਣ ਤੱਕ ਖਰੀਦੇ ਗਏ ਨਸ਼ਿਆਂ ਦੀ ਕੁੱਲ ਮਾਤਰਾ ਦਾ ਪਤਾ ਲਗਾਉਣ ਦੀ ਕੋਸ਼ਿਸ਼ ਜਾਰੀ ਹੈ। ਇਸ ਮਾਮਲੇ ਵਿਚ ਦੋਸ਼ੀ ਦੇ ਪਿਛਲੇ ਅਤੇ ਅਗਲੇ ਸੰਬੰਧ ਸਥਾਪਿਤ ਕਰਨ ਲਈ ਵੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।