ਸੈਫ ਅਲੀ ਖਾਨ ਉੱਤੇ ਆਪਣੇ ਹੀ ਘਰ ਵਿਚ ਚਾਕੂ ਨਾਲ ਹਮਲਾ, ਸ਼ਰੀਰ ਤੇ 6 ਗੰਭੀਰ ਜਖਮ, ਇਲਾਜ ਲਈ ਹਸਪਤਾਲ ਦਾਖਲ
ਸੂਤਰਾਂ ਮੁਤਾਬਿਕ ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਨੂੰ ਵੀਰਵਾਰ ਮੁੰਬਈ ਦੇ ਸ਼ਾਹੀ ਬੈਂਡਰਾ ਵੈਸਟ ਇਲਾਕੇ ਵਿੱਚ ਉਸਦੇ ਆਪਣੇ ਹੀ ਘਰ ਵਿਚ ਇਕ ਹਮਲਾਵਰ ਵਲੋਂ ਛੁਰਾ ਮਾਰ ਕੇ 2 ਘਰੇਲੂ ਨੌਕਰਾਂ ਸਮੇਤ ਗੰਭੀਰ ਜਖਮੀ ਕਰ ਦਿੱਤਾ ਗਿਆ।
![]() |
| ਸੈਫ ਅਲੀ ਖਾਨ ਉਪਰ ਹਮਲਾ, ਗੰਭੀਰ ਜਖਮੀ ਹਸਪਤਾਲ ਵਿਚ ਇਲਾਜ ਲਈ ਦਾਖਲ |
ਇਸ ਹਮਲੇ ਵਿੱਚ ਕੁੱਲ ਤਿੰਨ ਲੋਕ - ਸੈਫ ਅਲੀ ਖਾਨ (54), ਉਸ ਦੇ ਛੋਟੇ ਬੇਟੇ ਦੀ ਨਰਸ ਅਤੇ ਇੱਕ ਹੋਰ ਸਟਾਫ ਮੈਂਬਰ ਜ਼ਖਮੀ ਹੋਏ ਦੱਸੇ ਜਾਂਦੇ ਹਨ। ਸੂਤਰਾਂ ਨੇ ਦੱਸਿਆ ਕਿ ਸੈਫ ਅਲੀ ਖਾਨ ਨੂੰ ਛੇ ਵਾਰ ਛੁਰਾ ਮਾਰਿਆ ਗਿਆ ਜਿਸ ਕਾਰਨ ਉਸਦੀ ਰੀੜ੍ਹ ਦੀ ਹੱਡੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਉਸਨੂੰ ਉਸ ਦੇ ਪੁੱਤਰ ਇਬਰਾਹੀਮ ਨੇ ਆਟੋ-ਰਿਕਸ਼ਾ ਰਾਹੀਂ ਸ਼ਹਿਰ ਦੇ ਲੀਲਾਵਤੀ ਹਸਪਤਾਲ ਪਹੁੰਚਾਇਆ, ਕਿਉਂਕਿ ਕਾਰ ਦੇ ਆਉਣ ਵਿੱਚ ਦੇਰ ਹੋ ਰਹੀ ਸੀ। ਡਾਕਟਰਾਂ ਦੇ ਅਨੁਸਾਰ ਸੈਫ ਦੀ ਮੈਡੀਕਲ ਹਾਲਤ ਹੁਣ ਸਥਿਰ ਹੈ।
ਸੈਫ ਅਤੇ ਉਸ ਦਾ ਪਰਿਵਾਰ - ਉਸ ਦੀ ਪਤਨੀ ਅਤੇ ਅਦਾਕਾਰਾ ਕਰੀਨਾ ਕਪੂਰ ਖਾਨ ਅਤੇ ਉਨ੍ਹਾਂ ਦੇ ਪੁੱਤਰ - ਬੈਂਡਰਾ ਵੈਸਟ ਦੇ ਇੱਕ 12-ਮੰਜ਼ਿਲਾ ਇਮਾਰਤ ਦੇ ਚਾਰ ਮੰਜ਼ਿਲਾਂ ਵਿੱਚ ਫੈਲੇ ਫਲੈਟ ਵਿੱਚ ਰਹਿੰਦੇ ਹਨ। ਮੁੰਬਈ ਪੁਲਿਸ ਦਾ ਕਹਿਣਾ ਹੈ ਸੀਸੀਟੀਵੀ ਫੁਟੇਜ ਚੈੱਕ ਕਰਨ ਤੇ ਹਮਲਵਾਰ ਘਰ ਦੇ ਸੀੜ੍ਹੀਆਂ ਵਿੱਚ ਲੱਗੇ ਕੈਮਰੇ ਵਿਚ ਦੇਖਿਆ ਗਿਆ। ਉਹ ਘਰ ਲੁੱਟਣ ਦੀ ਨੀਯਤ ਨਾਲ ਨਜਦੀਕ ਦੀ ਇੱਕ ਹੋਰ ਇਮਾਰਤ ਰਾਹੀਂ ਸੈਫ ਅਲੀ ਖਾਨ ਦੀ ਰਿਹਾਇਸ਼ ਵਾਲੀ ਇਮਾਰਤ ਵਿਚ ਦਾਖਲ ਹੋਇਆ ਸੀ।
ਸੂਤਰਾਂ ਨੇ ਕਹਿਣਾ ਹੈ ਕਿ ਐਲੀਯਾਮਾ ਫਿਲਿਪਸ ਜੋ ਸੈਫ ਅਲੀ ਖਾਨ ਦੇ ਛੋਟੇ ਬੇਟੇ ਜਹਾਂਗੀਰ ਦੀ ਦੇਖਭਾਲ ਕਰਨ ਵਾਲੀ ਨਰਸ ਹੈ ਅਤੇ 4 ਸਾਲ ਤੋਂ ਪਰਿਵਾਰ ਨਾਲ ਹੈ ਨੇ ਹੀ ਸਭ ਤੋਂ ਪਹਿਲਾਂ ਹਮਲਾਵਰ ਨੂੰ ਦੇਖਿਆ ਸੀ। ਉਸ ਨੇ ਪੁਲਿਸ ਨੂੰ ਆਪਣੇ ਬਿਆਨ ਵਿਚ ਦੱਸਿਆ ਕਿ ਉਹ ਬੁਧਵਾਰ ਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਆਪਣੇ ਕਮਰੇ ਵਿਚ ਸੁੱਤੀ ਹੋਈ ਸੀ ਅਤੇ ਕਰੀਬ 2 ਵਜੇ ਰਾਤ ਘਰ ਵਿੱਚ ਆਉਂਦੀਆਂ ਆਵਾਜ਼ਾਂ ਸੁਣ ਕੇ ਜਾਗ ਗਈ।
ਉਸ ਨੇ ਦੇਖਿਆ ਕਿ ਜਹਾਂਗੀਰ ਦੇ ਕਮਰੇ ਦੇ ਬਾਥਰੂਮ ਦਾ ਦਰਵਾਜ਼ਾ ਖੁੱਲ੍ਹਾ ਸੀ ਅਤੇ ਬੱਤੀ ਜਗ ਰਹੀ ਸੀ। ਪਹਿਲਾਂ ਉਸ ਨੂੰ ਲੱਗਾ ਕਿ ਸ਼ਾਇਦ ਕਰੀਨਾ ਕਪੂਰ ਆਪਣੇ ਛੋਟੇ ਬੇਟੇ ਨੂੰ ਵੇਖਣ ਆਈ ਹੈ ਪਰ ਫਿਰ ਉਸ ਨੂੰ ਸ਼ਕ ਪਿਆ ਕਿ ਕੁੱਝ ਤਾਂ ਗੜਬੜ ਹੈ। ਉਹ ਚੈਕ ਕਰਨ ਨੂੰ ਉੱਠੀ ਤਾਂ ਵੇਖਿਆ ਕਿ ਇਕ ਅਣਜਾਣ ਵਿਅਕਤੀ ਜਿਸ ਦੇ ਹੱਥ ਵਿਚ ਛੁਰਾ ਸੀ, ਜਹਾਂਗੀਰ ਦੇ ਕਮਰੇ ਵਿਚ ਜਾ ਵੜਿਆ। ਉਸ ਨੇ ਹਮਲਾਵਰ ਨੂੰ ਵੰਗਾਰਿਆ ਤਾਂ ਹਮਲਾਵਰ ਨੇ ਉਸ ਨੂੰ ਚੁੱਪ ਰਹਿਣ ਲਈ ਧਮਕਾਇਆ ਅਤੇ ਸੁਰੱਖਿਅਤ ਰਹਿਣ ਲਈ 1 ਕਰੋੜ ਰੁਪਏ ਦੀ ਮੰਗ ਕੀਤੀ। ਉਸ ਨੇ ਵਿਰੋਧ ਕੀਤਾ ਤਾਂ ਹਮਲਾਵਰ ਨੇ ਚਾਕੂ ਨਾਲ ਉਸ ਤੇ ਹਮਲਾ ਕਰ ਦਿੱਤਾ ਜਿਸ ਨਾਲ ਉਸ ਦੇ ਹੱਥਾਂ 'ਤੇ ਸੱਟਾਂ ਲੱਗੀਆਂ। ਉਸ ਨੇ ਰੌਲਾ ਪਾਇਆ ਤਾਂ ਸੈਫ ਅਲੀ ਖਾਨ ਉਠ ਗਏ ਅਤੇ ਹਮਲਾਵਰ ਨਾਲ ਭਿੜ ਗਏ। ਹਮਲਾਵਰ ਨੇ ਸੈਫ਼ ਅਲੀ ਖਾਨ ਦੇ ਛੇ ਵਾਰ ਛੁਰਾ ਮਾਰਿਆ ਅਤੇ ਉਸਨੂੰ ਗੰਭੀਰ ਜਖਮੀ ਕਰ ਦਿੱਤਾ। ਇਸ ਝਗੜੇ ਦੌਰਾਨ ਛੁਰੇ ਦਾ 2.5 ਇੰਚ ਦਾ ਟੁਕੜਾ ਵੀ ਸੈਫ਼ ਦੀ ਰੀੜ੍ਹ ਦੀ ਹੱਡੀ ਵਿੱਚ ਹੀ ਫਸ ਗਿਆ। ਇਸ ਹੀ ਦੌਰਾਨ ਵਿਚ ਬਚਾਅ ਲਈ ਆਈ ਇਕ ਹੋਰ ਸਟਾਫ ਮੈਂਬਰ ਦੇ ਵੀ ਸੱਟਾਂ ਲੱਗੀਆਂ ਦੱਸਿਆਂ ਜਾ ਰਹੀਆਂ ਹਨ। ਲੀਲਾਵਤੀ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਸੈਫ਼ ਅਲੀ ਖਾਨ ਦੀ ਰੀੜ੍ਹ ਦੀ ਹੱਡੀ ਇਸ ਹਮਲੇ ਵਿਚ ਗੰਭੀਰ ਤੌਰ 'ਤੇ ਜ਼ਖਮੀ ਹੋਈ ਹੈ ਅਤੇ ਕਈ ਜ਼ਖਮਾਂ ਇਲਾਜ ਲਈ ਪਲਾਸਟਿਕ ਸਰਜਰੀ ਦਾ ਆਸਰਾ ਵੀ ਲਿਆ ਗਿਆ ਹੈ।
ਇਸ ਹਮਲੇ ਨੇ ਸੁਰੱਖਿਆ ਗਾਰਡਾਂ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਇਸ ਦੇ ਨਾਲ, ਇਸ ਘਟਨਾ ਨੇ ਰਾਜਨੀਤਕ ਤਣਾਅ ਨੂੰ ਵੀ ਜਨਮ ਦਿੱਤਾ ਹੈ। ਵਿਰੋਧੀਆਂ ਨੇ ਇਸ ਘਟਨਾ ਦੀ ਤਿੱਖੀ ਆਲੋਚਨਾ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਲੇਬਰੀਟੀਸ ਹੀ ਸੁਰੱਖਿਅਤ ਨਹੀਂ ਹਨ, ਤਾਂ ਮੁੰਬਈ ਵਿੱਚ ਹੋਰ ਕੌਣ ਸੁਰੱਖਿਅਤ ਹੋ ਸਕਦਾ ਹੈ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਜੋ ਸੂਬੇ ਦੇ ਗ੍ਰਹਿ ਮੰਤਰੀ ਵੀ ਹਨ ਨੇ ਇਸ ਹਮਲੇ ਨੂੰ "ਦੁਖਦਾਈ" ਕਿਹਾ ਪਰ ਇਹ ਸਵੀਕਾਰ ਨਹੀਂ ਕੀਤਾ ਕਿ ਮੁੰਬਈ ਅਸੁਰੱਖਿਅਤ ਹੈ। ਮੁੰਬਈ ਪੁਲਿਸ ਖਬਰ ਲਿਖੇ ਜਾਣ ਤੱਕ ਦੋਸ਼ੀ ਨੂੰ ਕਾਬੂ ਕਰਨ ਲਈ ਵਿਚ ਅਸਫਲ ਰਹੀ ਹੈ।
Tags:
ਜੁਰਮ / ਕਨੂੰਨ
