ਸੈਫ਼ ਅਲੀ ਖਾਨ 'ਤੇ ਹਮਲਾ ਕਰਨ ਵਾਲਾ ਗ੍ਰਿਫਤਾਰ, ਅਦਾਲਤ ਨੇ 5 ਦਿਨ ਦਾ ਪੁਲਸ ਰਿਮਾਂਡ ਦਿੱਤਾ
![]() |
| ਦੋਸ਼ੀ ਸ਼ਰੀਫੁਲ ਇਸਲਾਮ ਸ਼ਹਜ਼ਾਦ |
ਪੁਲਿਸ ਸੂਤਰਾਂ ਨੇ ਦੱਸਿਆ ਕਿ ਦੋਸ਼ੀ ਦਾ ਨਾਂ ਸ਼ਰੀਫੁਲ ਇਸਲਾਮ ਸ਼ਹਜ਼ਾਦ ਹੈ ਅਤੇ ਉਹ ਬੰਗਲਾਦੇਸ਼ ਦਾ ਨਾਗਰਿਕ ਹੈ। ਸ਼ਰੀਫੁਲ, ਭਾਰਤ ਵਿੱਚ ਗੈਰਕਾਨੂੰਨੀ ਤੌਰ 'ਤੇ ਬੀਜੋਯ ਦਾਸ ਦੇ ਝੂਠੇ ਨਾਂ ਨਾਲ ਰਹਿ ਰਿਹਾ ਸੀ। ਸ਼ਰੀਫੁਲ ਨੂੰ ਅਦਾਕਾਰ ਸੈਫ ਅਲੀ ਖਾਨ ਦੇ ਘਰ ਵਿੱਚ ਚੋਰੀ ਕਰਨ ਦੀ ਨੀਅਤ ਨਾਲ ਦਾਖਲ ਹੋਣ ਅਤੇ ਚੋਰੀ ਦੇ ਯਤਨ ਦੌਰਾਨ ਸੈਫ਼ ਅਲੀ ਖਾਨ ਅਤੇ ਉਸਦੇ ਸਟਾਫ ਦੇ ਹਮਲਾ ਕਰਨ ਅਤੇ ਸੱਟਾਂ ਮਾਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਵੀ ਪੜੋ : ਸੈਫ ਅਲੀ ਖਾਨ ਉੱਤੇ ਆਪਣੇ ਹੀ ਘਰ ਵਿਚ ਹਮਲਾ, ਗੰਭੀਰ ਜਖਮੀ ਹਸਪਤਾਲ ਵਿਚ ਦਾਖਲ
ਪੁਲਿਸ ਵਲੋਂ ਦੋਸ਼ੀ ਸ਼ਰੀਫੁਲ ਦੀ ਖੋਜ ਖਬਰ ਕੱਢਣ ਲਈ 30 ਟੀਮਾਂ ਬਣਾਈਆਂ ਗਈਆਂ ਸਨ, ਜਿਨ੍ਹਾਂ ਨੇ ਪਹਿਲਾਂ ਸੈਫ਼ ਅਲੀ ਖਾਨ ਦੇ ਬਾਂਦਰਾ ਵਿੱਚ ਸਥਿਤ ਘਰ ਵਾਲੀ ਇਮਾਰਤ ਦੀ ਸੀਸੀਟੀਵੀ ਫੁਟੇਜ ਖੰਗਾਲੀ ਅਤੇ ਉਹਨਾਂ ਨੇ ਇਕ ਫੁਟੇਜ 'ਚ ਸ਼ੱਕੀ ਨੂੰ ਹਮਲੇ ਤੋਂ ਬਾਅਦ ਇਮਾਰਤ ਛੱਡਦੇ ਦੇਖਿਆ ਗਿਆ ਤਾਂ ਉਸ ਦੀ ਪਛਾਣ ਕਰਨ ਤੋਂ ਬਾਅਦ ਪੁਲਿਸ ਨੇ ਸ਼ਹਿਰ ਭਰ ਦੀ ਫੁਟੇਜ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ। ਕਈ ਘੰਟਿਆਂ ਦੀ ਮੇਹਨਤ ਤੋਂ ਬਾਅਦ ਡੀ.ਐਨ. ਨਗਰ, ਅੰਧੇਰੀ ਦੇ ਇਕ ਸੀਸੀਟੀਵੀ ਦੀ ਫੁਟੇਜ ਮਿਲੀ ਜਿੱਥੇ ਦੋਸ਼ੀ ਇਕ ਬਾਈਕ ਤੋਂ ਉਤਰਦਾ ਵੇਖਿਆ ਗਿਆ। ਫਿਰ ਪੁਲਿਸ ਨੇ ਉਸ ਬਾਈਕ ਦੇ ਰਜਿਸਟ੍ਰੇਸ਼ਨ ਨੰਬਰ ਦੀ ਵਰਤੋਂ ਕਰਕੇ ਉਸ ਦੇ ਮਾਲਕ ਦਾ ਪਤਾ ਲਗਾਇਆ। ਬਾਈਕ ਮਾਲਕ ਅਤੇ ਸਥਾਨਕ ਲੋਕਾਂ ਦੀ ਪੁੱਛਗਿੱਛ ਦੇ ਅਧਾਰ ਤੇ ਪੁਲਿਸ ਨੇ ਵਰਲੀ ਦੇ ਕੋਲੀਵਾਡਾ ਵਿੱਚ ਇਕ ਰਿਹਾਇਸ਼ੀ ਮਕਾਨ ਦੀ ਨਿਸ਼ਾਨਦੇਹੀ ਕੀਤੀ ਜਿੱਥੇ ਦੋਸ਼ੀ ਤਿੰਨ ਹੋਰ ਲੋਕਾਂ ਦੇ ਨਾਲ ਕਿਰਾਏ ਰਹਿੰਦਾ ਸੀ।
ਪੁਲਿਸ ਟੀਮ ਵਲੋਂ ਇਸ ਮਕਾਨ 'ਤੇ ਜਾ ਕੇ ਲੋਕਾਂ ਤੋਂ ਪੁੱਛਗਿੱਛ ਕੀਤੀ ਅਤੇ ਦੋਸ਼ੀ ਬਾਰੇ ਪੱਕੀ ਜਾਣਕਾਰੀ ਅਤੇ ਫੋਨ ਨੰਬਰ ਹਾਸਲ ਕੀਤਾ । ਦੋਸ਼ੀ ਦਾ ਫੋਨ ਨੰਬਰ ਤੋਂ ਦੋਸ਼ੀ ਦੀ ਲੋਕੇਸ਼ਨ ਦਾ ਪਤਾ ਲਾਇਆ ਗਿਆ। ਪੁਲਿਸ ਸੂਤਰਾਂ ਮੁਤਾਬਿਕ ਦੋਸ਼ੀ ਠਾਣੇ ਦੇ ਇਲਾਕੇ ਵਿਚ ਇੱਕ ਸੁਨੰਸਾਨ ਸੜਕ ਦੇ ਨਜਦੀਕ ਜੰਗਲਾਤ ਵਿੱਚ ਛੁਪਿਆ ਹੋਇਆ ਸੀ। ਪੁਲਿਸ ਨੇ ਪਹਿਲਾਂ ਉਸ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ ਅਤੇ ਫਿਰ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਸ਼ਰੀਫੁਲ ਕੋਲੋਂ ਕੋਈ ਭਾਰਤੀ ਦਸਤਾਵੇਜ਼ ਨਹੀਂ ਮਿਲਿਆ ਪਰ ਸਬੂਤ ਮਿਲੇ ਹਨ ਜੋ ਇਹ ਸਾਬਤ ਕਰਦੇ ਹਨ ਕਿ ਉਹ ਇੱਕ ਬੰਗਲਾਦੇਸ਼ੀ ਨਾਗਰਿਕ ਹੈ ਜਿਸ ਨੇ ਗੈਰਕਾਨੂੰਨੀ ਤੌਰ 'ਤੇ ਸੀਮਾ ਪਾਰ ਕੀਤੀ ਅਤੇ ਇਥੇ ਨਾਂ ਬਦਲ ਕੇ ਰਹਿਣ ਲੱਗ ਪਿਆ ।
ਸੂਤਰਾਂ ਮੁਤਾਬਿਕ ਪੁੱਛਗਿੱਛ ਦੌਰਾਨ, ਸ਼ਰੀਫੁਲ ਨੇ ਦੱਸਿਆ ਕਿ ਉਹ ਬੰਗਲਾਦੇਸ਼ ਵਿਚ ਕੌਮੀ ਪੱਧਰ ਤੇ ਭਲਵਾਨੀ ਕਰਦਾ ਰਿਹਾ ਹੈ ਅਤੇ ਇਸ ਹੀ ਕਾਰਨ ਉਹ ਸੈਫ਼ ਅਲੀ ਖਾਨ ਤੇ ਉਸ ਰਾਤ ਭਾਰੀ ਪਿਆ ਸੀ ਅਤੇ ਉਸ ਦੇ ਕੋਈ ਸੱਟ ਨਹੀਂ ਲੱਗੀ ਸੀ। ਉਸ ਨੇ ਹਮਲੇ ਤੋਂ ਬਾਅਦ ਆਪਣੀਆਂ ਤਸਵੀਰਾਂ ਨਿਊਜ਼ 'ਤੇ ਦੇਖੀਆਂ ਤਾਂ ਉਹ ਠਾਣੇ ਚਲਾ ਗਿਆ ਸੀ। ਉਸ ਨੇ ਆਪਣਾ ਫ਼ੋਨ ਬੰਦ ਕਰ ਲਿਆ ਅਤੇ ਠਾਣੇ ਵਿੱਚ ਇੱਕ ਮਜ਼ਦੂਰ ਕੈਂਪ ਦੇ ਨੇੜੇ ਲੁਕ ਗਿਆ। ਪੁਲਿਸ ਨੇ ਉਸਦੇ ਫੋਨ ਦੀ ਆਖਰੀ ਸਥਿਤੀ ਦਾ ਪਤਾ ਲਗਾ ਕੇ ਉਸ ਤੱਕ ਪਹੁੰਚ ਕੀਤੀ ਅਤੇ ਕਾਬੂ ਕਰ ਲਿਆ।
ਦੋਸ਼ੀ ਨੇ ਇਹ ਵੀ ਦੱਸਿਆ ਕਿ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਹ ਸੈਫ ਅਲੀ ਖਾਨ ਦੇ ਘਰ ਵਿੱਚ ਦਾਖਲ ਹੋ ਰਿਹਾ ਹੈ। ਹਾਲਾਂਕਿ ਪੁਲਿਸ ਇਸ ਗੱਲ ਨਾਲ ਸਹਿਮਤ ਨਹੀਂ ਹੈ ਅਤੇ ਪੁਲਿਸ ਨੂੰ ਸ਼ੱਕ ਹੈ ਕਿ ਉਸ ਨੇ ਘਰ ਦੀ ਚੋਣ ਵੱਡਾ ਹੱਥ ਮਾਰਨ ਦੀ ਨੀਅਤ ਨਾਲ ਹੀ ਕੀਤੀ ਸੀ।
ਦੋਸ਼ੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਇਮਾਰਤ ਵਿੱਚ ਦਾਖਲ ਹੋਣ ਲਈ ਇਮਾਰਤ ਦੀ ਪਿਛਲੀ ਪੌੜੀਆਂ ਅਤੇ ਏਅਰ-ਕੰਡੀਸ਼ਨਿੰਗ ਡੱਕਟ ਦੀ ਵਰਤੋਂ ਕੀਤੀ ਸੀ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਦੋਸ਼ੀ ਦੀ ਪੁਖਤਾ ਪੁੱਛਗਿੱਛ ਅਤੇ ਸਬੂਤਾਂ ਲਈ ਪੁਲਿਸ ਦੋਸ਼ੀ ਨੂੰ ਨਾਲ ਲੈ ਕੇ ਘਟਨਾ ਸਥਾਨ ਤੇ ਜਾਵੇਗੀ ਅਤੇ ਸਾਰਾ ਕਾਂਡ ਦੁਬਾਰਾ ਦੋਹਰਾਵੇਗੀ।
ਜਿਕਰਯੋਗ ਹੈ ਕਿ ਅਦਾਕਾਰ ਸੈਫ਼ ਅਲੀ ਖਾਨ ਜਿਸ ਨੂੰ ਬੁੱਧਵਾਰ ਰਾਤ ਲੀਲਾਵਤੀ ਹਸਪਤਾਲ 'ਚ ਜਖਮੀ ਹਾਲਤ ਵਿਚ ਦਾਖਲ ਕਰਾਇਆ ਗਿਆ ਸੀ, ਹੁਣ ਪਹਿਲਾਂ ਨਾਲੋਂ ਬੇਹਤਰ ਅਤੇ ਤੰਦਰੁਸਤ ਹੈ।
