ਪੰਜਾਬ ਨੇ ਨਵੇਂ ਸਾਲ ਦਾ ਸਵਾਗਤ ਕੜਾਕੇ ਦੀ ਠੰਡ ਨਾਲ ਕੀਤਾ

ਦਿੱਲੀ, ਹਰਿਆਣਾ, ਪੰਜਾਬ ਨੇ ਨਵੇਂ ਸਾਲ ਦਾ ਸਵਾਗਤ ਕੜਾਕੇ ਦੀ ਠੰਡ ਨਾਲ ਕੀਤਾ; 4-6 ਜਨਵਰੀ ਤੱਕ ਹਲਕੀ ਬਾਰਿਸ਼ ਨਾਲ ਰਾਹਤ ਦੀ ਸੰਭਾਵਨਾ


ਮੌਸਮ ਵਿਭਾਗ, ਮੌਸਮ ਵਿਗਿਆਨ, ਉੱਤਰ ਭਾਰਤ ਵਿਚ ਮੌਸਮ, ਪੰਜਾਬ ਵਿਚ ਕੜਾਕੇ ਦੀ ਠੰਡ, punjabisamachar.in
ਮੌਸਮ ਵਿਭਾਗ ਵਲੋਂ ਸਾਵਧਾਨੀ ਵਰਤਣ ਦੀ ਸਲਾਹ 


ਨਵੇਂ ਸਾਲ ਦੀ ਸ਼ੁਰੂਆਤ ਉੱਤਰੀ ਪੱਛਮੀ ਭਾਰਤ ਵਿਚ ਕੜਾਕੇ ਦੀ ਠੰਡ ਨਾਲ ਹੋਈ ਹੈ। ਜੰਮੂ-ਕਸ਼ਮੀਰ ਅਤੇ ਹਿਮਾਚਲ ਵਿਚ ਹੋਈ ਬਰਫਬਾਰੀ ਅਤੇ ਹਰਿਆਣਾ, ਪੰਜਾਬ ਅਤੇ ਦਿੱਲੀ ਵਿੱਚ ਗੜੇਮਾਰ ਮੀਂਹ ਅਤੇ ਤੇਜ ਹਵਾਵਾਂ ਦੇ ਚਲਦਿਆਂ ਤਾਪਮਾਨ ਆਮ ਤੋਂ ਕਈ ਡਿਗਰੀ ਹੇਠਾਂ ਡਿੱਗ ਗਿਆ ਅਤੇ ਕੜਾਕੇ ਦੀ ਠੰਡ ਵਿੱਚ ਕੰਬ ਰਹੇ ਬਹੁਤੇ ਲੋਕ ਹੀਟਰ ਅਤੇ ਅੱਗ ਬਾਲ ਕੇ ਸੇਕਣ ਲਈ ਮਜਬੂਰ ਹੋ ਗਏ ਹਨ।



ਹਰਿਆਣਾ ਵਿਚ ਸਭ ਤੋਂ ਘੱਟ ਤਾਪਮਾਨ ਨਰਣੌਲ ਵਿਖੇ 4.5°C ਦਰਜ ਕੀਤਾ ਜੋ ਕਿ ਮੌਸਮੀ ਔਸਤ ਤੋਂ ਦੋ ਡਿਗਰੀ ਹੇਠਾਂ ਸੀ। ਹਿਸਾਰ, ਭਿਵਾਨੀ, ਅਤੇ ਸਿਰਸਾ ਵਿੱਚ ਤਾਪਮਾਨ 6.7°C ਤੋਂ 7.4°C ਦੇ ਵਿਚਕਾਰ ਰਿਹਾ, ਜਦਕਿ ਅੰਬਾਲਾ 9.1°C ਦਰਜ ਕੀਤਾ ਗਿਆ ਹੈ।



ਪੰਜਾਬ ਵਿੱਚ ਬਠਿੰਡਾ 5°C ਦੇ ਤਾਪਮਾਨ ਨਾਲ ਸਭ ਤੋਂ ਠੰਡੀ ਜਗ੍ਹਾ ਰਹੀ। ਲੁਧਿਆਣਾ ਅਤੇ ਪਟਿਆਲਾ ਵਰਗੇ ਹੋਰ ਸ਼ਹਿਰਾਂ ਵਿੱਚ ਵੀ ਕੜਾਕੇ ਦੀ ਠੰਡ ਦੇ ਹਾਲਾਤ ਬਣੇ ਹੋਏ ਹਨ ਜਿੱਥੇ ਘੱਟੋ-ਘੱਟ ਤਾਪਮਾਨ 7°C ਤੋਂ 9°C ਦੇ ਵਿਚਕਾਰ ਰਿਹਾ। ਮੌਸਮ ਵਿਗਿਆਨੀਆਂ ਦੀ ਰਾਏ ਮੁਤਾਬਕ ਇਹ ਠੰਡ ਹਿਮਾਲਿਆ ਤੋਂ ਆ ਰਹੀਆਂ ਠੰਡੀ ਪੱਛਮੀਆਂ ਹਵਾਵਾਂ ਦੇ ਕਾਰਨ ਹੋ ਰਹੀ ਹੈ।



ਦਿੱਲੀ ਤਾਂ ਠੰਡ ਅਤੇ ਪ੍ਰਦੂਸ਼ਣ ਦੀ ਦੋਹਰੀ ਮਾਰ ਝੱਲ ਰਿਹਾ ਹੈ। ਦਿੱਲੀ ਨੇ ਸਾਲ 2025 ਦੀ ਸ਼ੁਰੂਆਤ 8°C ਦੇ ਘੱਟੋ-ਘੱਟ ਤਾਪਮਾਨ ਅਤੇ ਸਿਰਫ 17.7°C ਦੇ ਵੱਧ ਤੋਂ ਵੱਧ ਤਾਪਮਾਨ ਨਾਲ ਕੀਤੀ ਹੈ  ਜੋ ਆਮ ਤੋਂ ਤਿੰਨ ਡਿਗਰੀ ਹੇਠਾਂ ਹੈ। ਠੰਡੀ ਦੇ ਨਾਲ-ਨਾਲ ਦਿੱਲੀ ਵਿਚ ਹਵਾ ਦੀ ਖਰਾਬ ਗੁਣਵੱਤਾ ਦੀ ਸਮੱਸਿਆ ਵੀ ਦਰਜ ਕੀਤੀ ਗਈ ਹੈ, ਜਿਥੇ ਹਵਾ ਗੁਣਵੱਤਾ ਸੂਚਕ (AQI) 239 'ਖਰਾਬ' ਸ਼੍ਰੇਣੀ ਵਿੱਚ ਰਿਹਾ ਅਤੇ ਪੰਜਾਬੀ ਬਾਗ ਅਤੇ ਰੋਹਣੀ ਵਰਗੇ ਇਲਾਕਿਆਂ ਵਿੱਚ ਤਾਂ ਇਹ ਹੋਰ ਵੀ ਖਰਾਬ 300 AQI ਰਿਹਾ ਜੋ ਕਿ 'ਬਹੁਤ ਖਰਾਬ' ਸ਼੍ਰੇਣੀ ਵਿੱਚ ਆਉਂਦਾ ਹੈ।



ਮੌਸਮ ਵਿਭਾਗ ਮੁਤਾਬਕ ਉੱਤਰ ਪ੍ਰਦੇਸ਼, ਪੰਜਾਬ ਅਤੇ ਹਰਿਆਣਾ-ਚੰਡੀਗੜ੍ਹ ਦੇ ਜਿਆਦਾਤਰ ਹਿੱਸਿਆਂ ਵਿੱਚ ਠੰਡ ਦੇ ਹਾਲਾਤ ਬਣੇ ਰਹਿਣ ਦੀ ਉਮੀਦ ਹੈ। ਮਿਤੀ 4 ਤੋਂ 6 ਜਨਵਰੀ ਤੱਕ ਪੱਛਮੀ ਖਲਲ ਕਾਰਨ ਕੁਝ ਇਲਾਕਿਆਂ ਵਿਚ ਹਲਕੀ ਬਾਰਿਸ਼ ਹੋਣ ਅਤੇ ਤਾਪਮਾਨ ਵਿੱਚ ਹਲਕੇ ਵਾਧੇ ਨਾਲ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ ਪਰ ਇਸ ਛੋਟੀ ਜਿਹੀ ਰਾਹਤ ਤੋਂ ਬਾਅਦ ਤਾਪਮਾਨ ਤੇਜ਼ੀ ਨਾਲ ਘਟਣ ਅਤੇ ਹੋਰ ਕੜਾਕੇ ਦੀ ਠੰਡ ਪੈਣ ਦੇ ਹਾਲਾਤ ਹਨ। 



ਨਾਗਰਿਕਾਂ ਨੂੰ ਮੌਸਮ ਵਿਭਾਗ ਵਲੋਂ ਸਾਵਧਾਨ ਰਹਿਣ ਅਤੇ ਗਰਮ ਅਤੇ ਪਰਤਦਾਰ ਕੱਪੜੇ ਪਾਓਣ ਅਤੇ ਠੰਡ ਵਿਚ ਬਾਹਰ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਹੈ। ਠੰਡ ਤੋਂ ਬਚਾਓ ਲਈ ਹੀਟਿੰਗ ਉਪਕਰਣਾਂ ਦੀ ਜ਼ਿੰਮੇਵਾਰੀ ਨਾਲ ਵਰਤੋਂ ਕਰਨ ਦੀ ਸਿਫਾਰਸ਼ ਕੀਤੀ ਗਈ ਹੈ।