ਆਸਟ੍ਰੇਲੀਆ ਵਿਚ ਭਾਰਤੀ ਕ੍ਰਿਕਟ ਟੀਮ ਅਸਤ-ਵਿਅਸਤ
ਭਾਰਤੀ ਕ੍ਰਿਕਟ ਟੀਮ ਅਸਤ-ਵਿਅਸਤ : ਗੰਭੀਰ, ਪੁਜਾਰਾ ਨੂੰ ਅਸਟ੍ਰੇਲੀਆ ਲਿਜਾਣਾ ਚਾਹੁੰਦੇ ਸੀ, ਚੋਣਕਾਰ ਨਹੀਂ ਮੰਨੇ। ਰੋਹਿਤ ਦੀ ਕਪਤਾਨੀ ਖਤਰੇ ਵਿਚ।
ਸੂਤਰਾਂ ਮੁਤਾਬਿਕ ਪੰਜਵੇਂ ਟੈਸਟ ਮੈਚ ਤੋਂ ਪਹਿਲਾਂ ਆ ਰਹੀਆਂ ਰਿਪੋਰਟਾਂ ਮੁਤਾਬਿਕ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਅਤੇ ਟੀਮ ਪ੍ਰਬੰਧਨ ਟੀਮ ਦੇ ਚੋਣ ਬਾਰੇ ਸਹਿਮਤ ਨਹੀਂ ਹਨ। ਜਿਕਰਯੋਗ ਹੈ ਕਿ ਭਾਰਤੀ ਟੀਮ ਨੂੰ ਬਾਰਡਰ-ਗਾਵਸਕਰ ਟਰਾਫੀ ਦੇ ਚੌਥੇ ਟੈਸਟ ਵਿੱਚ ਹਾਰ ਤੋਂ ਬਾਅਦ ਵਧ ਰਹੀ ਅਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਇੱਕ ਰਿਪੋਰਟ ਸਾਹਮਣੇ ਆਈ ਹੈ ਕਿ ਗੌਤਮ ਗੰਭੀਰ ਅਤੇ ਟੀਮ ਪ੍ਰਬੰਧਨ ਦੇ ਵਿਚਕਾਰ ਦੂਰੀਆਂ ਵੱਧ ਰਹੀਆਂ ਹਨ।
ਗੰਭੀਰ ਟੀਮ ਦੇ ਨਿਰਾਸ਼ਾਜਨਕ ਪ੍ਰਦਰਸ਼ਨਾਂ ਤੋਂ ਬਹੁਤ ਨਾਰਾਜ਼ ਹਨ। ਉਹਨਾਂ ਪਹਿਲਾਂ ਹੀ ਬੱਲੇਬਾਜ ਚੇਤੇਸ਼ਵਰ ਪੁਜਾਰਾ ਨੂੰ ਟੀਮ ਵਿਚ ਸ਼ਾਮਲ ਕਰਨ ਲਈ ਜ਼ੋਰ ਦਿੱਤਾ ਸੀ ਪਰ ਚੋਣਕਾਰਾਂ ਨੇ ਉਨ੍ਹਾਂ ਦੀ ਸਿਫਾਰਸ਼ ਨੂੰ ਨਹੀਂ ਮੰਨਿਆ।
ਚੇਤੇਸ਼ਵਰ ਪੁਜਾਰਾ 2023 ਦੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਤੋਂ ਬਾਅਦ ਟੀਮ ਤੋਂ ਬਾਹਰ ਹਨ। ਉਹ ਮਧਕ੍ਰਮ ਵਿਚ ਖੇਡਦੇ ਹੋਏ ਭਾਰਤੀ ਟੈਸਟ ਬੱਲੇਬਾਜ਼ੀ ਦਾ ਮੁੱਖ ਸਤੰਭ ਰਹੇ ਹਨ। ਹਾਲਾਂਕਿ ਉਹ WTC ਫਾਈਨਲ ਵਿੱਚ 14 ਅਤੇ 27 ਦੇ ਸਕੋਰਾਂ ਨਾਲ ਸਫਲ ਨਹੀਂ ਹੋ ਸਕੇ ਸਨ ਪਰ ਆਸਟ੍ਰੇਲੀਆ ਖਿਲਾਫ਼ ਉਨ੍ਹਾਂ ਦਾ ਸਮੁੱਚਾ ਰਿਕਾਰਡ (11 ਟੈਸਟਾਂ - 993 ਦੌੜਾਂ - ਔਸਤ 47.28) ਸ਼ਾਨਦਾਰ ਹੈ।
ਮੁੱਖ ਕੋਚ ਗੌਤਮ ਗੰਭੀਰ ਦਾ ਪੁਜਾਰਾ ਨੂੰ ਵਾਪਸ ਲਿਆਂਉਣ ਦੀ ਕੋਸ਼ਿਸ਼ ਕਰਨਾ ਇਹ ਦਰਸਾਉਂਦਾ ਹੈ ਕਿ ਭਾਰਤੀ ਟੀਮ ਦੇ ਨਾਜ਼ੁਕ ਮਧਲੇ ਕ੍ਰਮ ਨੂੰ ਲੈ ਕੇ ਚਿੰਤਾ ਵੱਧ ਰਹੀ ਹੈ। ਸੂਤਰਾਂ ਮੁਤਾਬਿਕ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਰੋਹਿਤ ਸ਼ਰਮਾ ਤੋਂ ਕਪਤਾਨੀ ਲੈਣ ਦੀ ਵੀ ਤਿਆਰੀ ਹੈ।
ਚੌਥੇ ਟੈਸਟ ਵਿੱਚ ਨਿਰਾਸ਼ਜਨਕ ਪ੍ਰਦਰਸ਼ਨ ਅਤੇ ਭਾਰਤੀ ਟੀਮ ਦੀ ਹਾਰ ਤੋਂ ਬਾਅਦ ਗੰਭੀਰ ਨੇ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਲੈ ਕੇ ਤਿੱਖੀ ਟਿੱਪਣੀ ਅਤੇ ਅਲੋਚਨਾ ਕੀਤੀ ਹੈ। ਟੀਮ ਦੇ ਪ੍ਰਦਰਸ਼ਨ ਵਿਚ ਲਗਾਤਾਰ ਗਿਰਾਵਟ ਕਾਰਨ ਖੇਡ ਮਾਹਿਰਾਂ ਦੀ ਇਹ ਸਲਾਹ ਹੈ ਕਿ ਟੀਮ ਮੈਨੇਜਮੈਂਟ, ਪੰਜਵੇਂ ਟੈਸਟ ਮੈਚ ਵਿਚ ਵਿਰਾਟ ਕੋਹਲੀ ਨੂੰ ਨੰ. 5 ਅਤੇ ਨਵੇਂ ਖਿਡਾਰੀ ਨਿਤੀਸ਼ ਕੁਮਾਰ ਰੈੱਡੀ ਨੂੰ ਉਪਰ ਲਿਆਉਣ 'ਤੇ ਵਿਚਾਰ ਕਰਨ ਕਿਉਂਕਿ ਕੋਹਲੀ ਬਾਹਰੀ ਗੇਂਦਾਂ ਨੂੰ ਖੇਡਣ ਵਿੱਚ ਨਾਕਾਮ ਰਹੇ ਹਨ।
