ਬਿਨਾਂ ਚੋਣਾਂ ਤੋਂ ਹੀ, ਛੇਤੀ ਮਿਲੇਗਾ ਪੰਜਾਬ ਭਾਜਪਾ ਨੂੰ ਨਵਾਂ ਪ੍ਰਧਾਨ
ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਦੀ ਨਿਯੁਕਤੀ ਬਿਨਾਂ ਚੋਣਾਂ ਤੋਂ ਹੋਵੇਗੀ, ਸਾਬਕਾ ਕਾਂਗਰਸੀ ਨੇਤਾ ਦੌੜ 'ਚ ਅੱਗੇ
![]() |
| ਬਿਨਾਂ ਚੋਣਾਂ ਤੋਂ ਹੀ ਛੇਤੀ ਮਿਲੇਗਾ ਪੰਜਾਬ ਭਾਜਪਾ ਨੂੰ ਨਵਾਂ ਪ੍ਰਧਾਨ |
ਭਰੋਸੇਯੋਗ ਸੂਤਰਾਂ ਮੁਤਾਬਿਕ ਇਸ ਵਾਰ ਪੰਜਾਬ ਭਾਜਪਾ ਮੁਖੀ ਬਿਨਾਂ ਚੋਣਾਂ ਤੋਂ ਹੀ ਨਿਯੁਕਤ ਕੀਤੇ ਜਾਣ ਦੀ ਸੰਭਾਵਨਾ ਹੈ ਅਤੇ ਜਨਵਰੀ ਦੇ ਅੰਤ ਤੱਕ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਦੇ ਚੁਣਾਅ ਤੋਂ ਬਾਅਦ ਕੀਤਾ ਜਾਵੇਗਾ।
ਇਹ ਗੱਲ ਇਸ ਲਈ ਉੱਭਰ ਕੇ ਸਾਹਮਣੇ ਆ ਰਹੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਆਪਣੀ ਸਦੱਸਤਾ ਮੁਹਿੰਮ ਨੂੰ ਪੂਰਾ ਕਰਨ ਵਿੱਚ ਅਸਫਲ ਰਹੀ ਹੈ ਜੋ ਕਿ ਅੰਦਰੂਨੀ ਚੋਣਾਂ ਹੋਣ ਤੋਂ ਪਹਿਲਾਂ ਪੂਰੀ ਹੋਣੀ ਚਾਹੀਦੀ ਹੈ । ਭਾਜਪਾ ਦੇ ਸੂਤਰਾਂ ਮੁਤਾਬਿਕ ਅੰਦਰੂਨੀ ਚੋਣਾਂ ਦੀ ਗੈਰਹਾਜ਼ਰੀ ਵਿੱਚ ਰਾਸ਼ਟਰੀ ਪ੍ਰਧਾਨ ਹੀ ਰਾਜ ਪ੍ਰਧਾਨ ਦੀ ਨਿਯੁਕਤੀ ਕਰਦੇ ਹਨ।
ਭਾਰਤੀ ਜਨਤਾ ਪਾਰਟੀ ਇਸ ਮਹੀਨੇ ਦੇ ਅੰਤ ਵਿੱਚ ਜੇ.ਪੀ ਨੱਡਾ ਦੀ ਜਗ੍ਹਾ ਨਵਾਂ ਰਾਸ਼ਟਰੀ ਪ੍ਰਧਾਨ ਚੁਣਨ ਲਈ ਚੋਣਾਂ ਕਰਵਾਏਗੀ। ਪਿਛਲੇ ਸਾਲ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਪਰ ਰਾਜ ਵਿੱਚ ਚੱਲ ਰਹੀਆਂ ਵਿਧਾਨ ਸਭਾ ਉਪਚੋਣਾਂ ਅਤੇ ਨਗਰ ਨਿਗਮ ਚੋਣਾਂ ਦੇ ਕਾਰਨ ਪੰਜਾਬ ਪ੍ਰਧਾਨ ਦੀ ਨਿਯੁਕਤੀ ਵਿਚ ਦੇਰੀ ਹੋਈ ਹੈ।
ਜਿਕਰਯੋਗ ਹੈ ਕਿ ਜਾਖੜ ਦੀ ਜਗ੍ਹਾ ਲੈਣ ਲਈ ਤਿੰਨ ਸਾਬਕਾ ਕਾਂਗਰਸੀ ਨੇਤਾਵਾਂ ਦੇ ਨਾਮ ਚਰਚਾ ਵਿਚ ਹੈ। ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਜਿਨ੍ਹਾਂ ਨੂੰ ਕੇਂਦਰੀ ਵਪਾਰ ਅਤੇ ਉਦਯੋਗ ਮੰਤਰੀ ਪਿਯੂਸ਼ ਗੋਯਲ ਦਾ ਸਮਰਥਨ ਮਿਲ ਰਿਹਾ ਹੈ। ਬਰਨਾਲਾ ਦੇ ਸਾਬਕਾ ਵਿਧਾਇਕ ਕੇਵਲ ਢਿੱਲੋਂ ਜਿਨ੍ਹਾਂ ਨੂੰ ਪੰਜਾਬ ਦੇ ਜਨਰਲ ਸੈਕਟਰੀ (ਸੰਗਠਨ) ਐਮ.ਸ਼੍ਰੀਨਿਵਾਸੁਲੁ ਦਾ ਸਮਰਥਨ ਹੈ ਅਤੇ ਪੰਜਾਬ ਦੇ ਸਾਬਕਾ ਮੰਤਰੀ ਰਾਣਾ ਗੁਰਮੀਤ ਸੋਢੀ ਜਿਨ੍ਹਾਂ ਨੂੰ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਸਮਰਥਨ ਹੈ।
ਸਾਬਕਾ ਭਾਜਪਾ ਨੇਤਾਵਾਂ ਅਵਿਨਾਸ਼ ਰਾਇ ਖੰਨਾ, ਅਸ਼ਵਨੀ ਸ਼ਰਮਾ, ਤਰੁਣ ਚੁੱਘ ਅਤੇ ਸੁਭਾਸ਼ ਸ਼ਰਮਾ ਦੇ ਨਾਮ ਵੀ ਭਾਜਪਾ ਦਾ ਆਗੂ ਬਣਨ ਲਈ ਚਰਚਾ ਵਿੱਚ ਹਨ। ਦੱਸਣਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਸ਼ਿਰੋਮਣੀ ਪਹਿਲਾਂ ਸ਼ਿਰੋਮਣੀ ਅਕਾਲੀ ਦਲ ਦੀ ਸਹਿਯੋਗੀ ਪਾਰਟੀ ਸੀ ਪਰ ਤਿੰਨ ਦਹਾਕਿਆਂ ਦੇ ਰਿਸ਼ਤੇ ਖਤਮ ਕਰਨ ਦੇ ਤਿੰਨ ਸਾਲ ਬਾਅਦ ਵੀ ਭਾਜਪਾ ਪੰਜਾਬ ਵਿੱਚ ਆਪਣਾ ਅਧਾਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਇਸ ਸਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਈ ਪ੍ਰਮੁੱਖ ਕਾਂਗਰਸੀ ਨੇਤਾਵਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਦ ਲੋਕ ਸਭਾ ਚੋਣਾਂ ਵਿਚ ਪਾਰਟੀ ਦੇ ਵੋਟ ਸ਼ੇਅਰ ਵਿੱਚ ਵਾਧਾ ਦੇਖਣ ਨੂੰ ਮਿਲਿਆ ਸੀ। 2019 ਵਿਚ ਪਾਰਟੀ ਦੀ ਵੋਟਾਂ ਵਿੱਚ ਹਿੱਸੇਦਾਰੀ 9.65 ਫੀਸਦੀ ਸੀ ਜੋ 2024 ਵਿਚ ਵੱਧ ਕੇ 18.56 ਫੀਸਦੀ ਹੋ ਗਈ। ਹਾਲਾਂਕਿ ਪਾਰਟੀ ਪੰਜਾਬ ਦੀਆਂ 13 ਵਿਚੋਂ ਕੋਈ ਵੀ ਸੀਟ ਜਿੱਤਣ ਵਿੱਚ ਨਾਕਾਮ ਰਹੀ ਸੀ।
