ਮਨੁ ਭਾਕਰ ਸਮੇਤ ਚਾਰ ਖਿਡਾਰੀਆਂ ਨੂੰ ਧਿਆਨ ਚੰਦ ਖੇਲ ਰਤਨ ਅਵਾਰਡ
ਮਨੁ ਭਾਕਰ, ਡੀ ਗੁਕੇਸ਼ ਸਮੇਤ ਚਾਰ ਖਿਡਾਰੀਆਂ ਨੂੰ ਧਿਆਨ ਚੰਦ ਖੇਲ ਰਤਨ ਅਵਾਰਡ
![]() |
| ਮਨੂ ਭਾਕਰ ਅਪਣੇ ਓਲੰਪਿਕ ਮੈਡਲ ਨਾਲ |
ਮਨੁ ਭਾਕਰ ਦੋਹਰਾ ਓਲੰਪਿਕ ਮੈਡਲ ਜੇਤੂ, ਨੌਜਵਾਨ ਸ਼ਤਰੰਜ ਪ੍ਰਤਿਭਾ ਡੀ.ਗੁਕੇਸ਼, ਪੁਰਸ਼ਾਂ ਦੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਪੈਰਾਲੰਪਿਕ ਸੋਨੇ ਦੇ ਮੈਡਲ ਜੇਤੂ ਪ੍ਰਵੀਣ ਕੁਮਾਰ ਨੂੰ ਧਿਆਨ ਚੰਦ ਖੇਲ ਰਤਨ ਅਵਾਰਡ ਦੇਣ ਦਾ ਐਲਾਨ ਅੱਜ ਖੇਡ ਮੰਤਰਾਲਾ ਵਲੋਂ ਕੀਤਾ ਗਿਆ। ਖੇਡ ਮੰਤਰਾਲੇ ਵਲੋਂ ਅਰਜੁਨ ਅਵਾਰਡ ਲਈ ਵੀ 32 ਖਿਡਾਰੀਆਂ ਦੇ ਨਾਮ ਜਾਰੀ ਕੀਤੇ ਗਏ ਹਨ, ਜਿਸ ਵਿੱਚ 17 ਪੈਰਾ-ਅਥਲੀਟ ਸ਼ਾਮਲ ਹਨ।
ਪਿਛਲੇ ਦਿਨੀਂ ਕਈ ਖਬਰਾਂ ਰਾਹੀਂ ਦਾਅਵਾ ਕੀਤਾ ਗਿਆ ਸੀ ਕਿ ਖੇਲ ਰਤਨ ਲਈ ਸੂਚੀ ਵਿੱਚ ਮਨੁ ਭਾਕਰ ਦਾ ਨਾਮ ਨਹੀਂ ਹੈ। ਇਸ ਖਬਰ ਤੋਂ ਬਾਅਦ ਇਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਸੀ। ਮਨੁ ਦੇ ਪਿਤਾ ਰਾਮ ਕਿਸ਼ਨ ਅਤੇ ਕੋਚ ਜਸਪਾਲ ਰਾਣਾ ਇਸ ਗੱਲ 'ਤੇ ਕਾਫੀ ਗੁੱਸੇ ਵਿੱਚ ਸਨ ਅਤੇ ਉਨ੍ਹਾਂ ਦੇ ਇਸ ਸੰਬੰਧੀ ਵੱਖ-ਵੱਖ ਮਿਡਿਆ ਤੇ ਬਿਆਨ ਵੀ ਆਏ ਸਨ। ਹਾਲਾਂਕਿ ਮਨੁ ਭਾਕਰ ਨੇ ਸਵੀਕਾਰਿਆ ਸੀ ਕਿ ਨਾਮਜ਼ਦਗੀ ਦਾਇਰ ਕਰਨ ਸਮੇਂ ਸ਼ਾਇਦ ਉਸ ਤੋਂ ਕੋਈ ਗਲਤੀ ਹੋ ਗਈ ਹੋਵੇਗੀ।
22 ਸਾਲਾਂ ਮਨੂ ਭਾਕਰ ਨੇ ਅਗਸਤ 2024 ਵਿੱਚ ਸੰਯੋਜਿਤ ਓਲੰਪਿਕ ਖੇਡਾਂ ਵਿਚ 10ਮੀ ਏਅਰ ਪਿਸਟਲ (ਵਿਅਕਤੀਗਤ) ਅਤੇ 10ਮੀ ਏਅਰ ਪਿਸਟਲ (ਮਿਸ਼ਰਿਤ) ਵਿੱਚ 2 ਕਾਂਸੀ ਦੇ ਤਗਮੇ ਜਿੱਤ ਕੇ ਭਾਰਤ ਦੀ ਸੁਤੰਤਰਤਾ ਤੋਂ ਬਾਦ ਪਹਿਲੀ ਬਾਰ ਇਕ ਹੀ ਓਲੰਪਿਕ ਵਿਚ 2 ਮੈਡਲ ਜਿੱਤਣ ਦਾ ਮਾਣ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਵੀ ਮਨੂ ਏਸ਼ੀਆਈ ਖੇਡਾਂ, ਵਰਲਡ ਚੈਂਪੀਅਨਸ਼ਿਪ, ਕਾਮਨਵੈਲਥ ਖੇਡਾਂ ਵਿਚ ਵੀ ਨਾਮ ਖੱਟ ਚੁੱਕੀ ਹੈ। ਉਸ ਹੀ ਓਲੰਪਿਕ ਖੇਡਾਂ ਦੌਰਾਨ ਕਪਤਾਨ ਹਰਮਨਪ੍ਰੀਤ ਸਿੰਘ ਨੇ ਭਾਰਤੀ ਹਾਕੀ ਟੀਮ ਨੂੰ ਲਗਾਤਾਰ ਦੂਜੀ ਵਾਰ ਕਾਂਸੀ ਦਾ ਮੈਡਲ ਜਿਤਾਇਆ ਸੀ।
ਇਸ ਤੋਂ ਇਲਾਵਾ 18 ਸਾਲਾਂ ਦੇ ਗੁਕੇਸ਼ ਨੇ ਸਭ ਤੋਂ ਛੋਟੀ ਉਮਰ ਦੇ ਵਿਸ਼ਵ ਚੈਂਪੀਅਨ ਬਣਨ ਦਾ ਮਾਨ ਹਾਸਲ ਕੀਤਾ ਅਤੇ ਪਿਛਲੇ ਸਾਲ ਸ਼ਤਰੰਜ ਓਲੰਪਿਆਡ ਵਿੱਚ ਭਾਰਤੀ ਟੀਮ ਨੂੰ ਇਤਿਹਾਸਕ ਜਿਤ ਦੁਆ ਕਿ ਸੋਨਾ ਜਿੱਤਣ ਵਿਚ ਮਦਦ ਕੀਤੀ।
ਅਵਾਰਡ ਦੇ ਚੌਥੇ ਪ੍ਰਾਪਤਕਰਤਾ ਪੈਰਾ ਹਾਈ-ਜੰਪਰ ਪ੍ਰਵੀਣ ਹਨ ਜਿਨ੍ਹਾਂ ਪੈਰਿਸ ਪੈਰਾਲੰਪਿਕਸ ਵਿੱਚ T64 ਵਿਭਾਗ ਵਿੱਚ ਚੈਂਪੀਅਨਸ਼ਿਪ ਜਿੱਤੀ ਸੀ। T64 ਅਥਲੀਟਾਂ ਦਾ ਉਹ ਵਰਗ ਹੁੰਦਾ ਹੈ ਜਿਹਨਾਂ ਦੀ ਇੱਕ ਜਾਂ ਦੋਨੋ ਲੱਤਾਂ ਗੋਡਿਆਂ ਤੋਂ ਹੇਠਾਂ ਨਹੀਂ ਹੁੰਦੀਆਂ ਹਨ ਅਤੇ ਦੌੜਣ ਲਈ ਉਹ ਪ੍ਰੋਸਥੈਟਿਕ ਲੱਤਾਂ ਦਾ ਆਸਰਾ ਲੈੰਦੇ ਹਨ।
ਜੇਤੂਆਂ ਨੂੰ ਇਹ ਅਵਾਰਡ 17 ਜਨਵਰੀ, 2025 (ਸ਼ੁੱਕਰਵਾਰ) ਨੂੰ ਸਵੇਰੇ 11 ਵਜੇ ਰਾਸ਼ਟਰਪਤੀ ਭਵਨ ਵਿੱਚ ਖਾਸ ਤੌਰ 'ਤੇ ਆਯੋਜਿਤ ਇਕ ਸਮਾਰੋਹ ਵਿੱਚ ਭਾਰਤ ਦੇ ਰਾਸ਼ਟਰਪਤੀ ਦੁਆਰਾ ਦਿੱਤੇ ਜਾਣਗੇ।
