ਦਿਲਜੀਤ ਦੋਸਾਂਝ ਦਾ ਦਿਲ-ਲੂਮਿਨਾਟੀ ਟੂਰ ਕਨੂੰਨੀ ਵਿਵਾਦਾਂ ਦੇ ਘੇਰੇ ਵਿਚ
![]() |
| ਦਿਲਜੀਤ ਦੋਸਾਂਝ |
ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ 31 ਦਸੰਬਰ ਦੀ ਸ਼ਾਮ ਨੂੰ ਲੁਧਿਆਣਾ ਵਿੱਚ ਆਪਣੇ ਦਿਲ-ਲੂਮਿਨਾਟੀ ਟੂਰ ਸਮਾਰੋਹ ਦਾ ਆਯੋਜਨ ਕੀਤਾ ਸੀ ਜਿਸ ਦੇ ਸਮਾਪਨ ਦੇ ਨਾਲ ਹੀ ਇਸ ਟੂਰ ਦਾ ਸਮਾਪਨ ਵੀ ਕਰ ਦਿੱਤਾ।
ਇਸ ਸਮਾਰੋਹ ਤੇ ਹੁਣ ਕਾਨੂੰਨੀ ਵਿਵਾਦ ਖੜ੍ਹਾ ਹੋ ਗਿਆ ਹੈ। ਚੰਡੀਗੜ੍ਹ ਦੇ ਇਕ ਸਹਾਇਕ ਪ੍ਰੋਫੈਸਰ, ਪੰਡਿਤਰਾਵ ਧਰੇਣਾਵਰ ਦੀ ਸ਼ਿਕਾਇਤ ਤੇ ਪੰਜਾਬ ਮਹਿਲਾ ਤੇ ਬਾਲ ਵਿਕਾਸ ਵਿਭਾਗ ਨੇ ਲੁਧਿਆਣਾ ਦੇ ਜ਼ਿਲ੍ਹਾ ਕਮਿਸ਼ਨਰ ਨੂੰ ਦੋਸਾਂਝ ਨੂੰ ਕੁਝ ਗਾਣੇ ਗਾਉਣ ਤੋਂ ਰੋਕਣ ਲਈ ਨੋਟਿਸ ਜਾਰੀ ਕੀਤਾ ਸੀ।
ਨੋਟਿਸ ਵਿੱਚ ਖਾਸ ਤੌਰ 'ਤੇ ਪਟਿਆਲਾ ਪੈੱਗ, 5 ਤਾਰਾਂ ਠੇਕੇ ਅਤੇ ਜੇਬ 'ਚੋਂ ਫੀਮ ਲੱਭੀ ਵਰਗੇ ਗਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ । ਸ਼ਿਕਾਇਤ ਵਿੱਚ ਦਿਲਜੀਤ 'ਤੇ ਦੋਸ਼ ਲਗਾਇਆ ਗਿਆ ਹੈ ਕਿ ਉਹਨਾਂ ਦੇ ਇਹ ਗਾਣੇ ਸ਼ਰਾਬ ਦਾ ਪ੍ਰਚਾਰ ਕਰਦੇ ਹਨ। ਪਹਿਲਾਂ ਵੀ ਵੱਖ-ਵੱਖ ਕਮਿਸ਼ਨ ਵਲੋਂ ਦਲਜੀਤ ਨੂੰ ਇਹ ਗਾਣੇ ਗਾਉਣ ਤੋਂ ਬਚਣ ਦੀ ਸਲਾਹ ਦਿੱਤੀ ਜਾ ਚੁੱਕੀ ਹੈ ਪਰ ਸ਼ਿਕਾਇਤ ਵਿਚ ਇਹ ਵੀ ਕਿਹਾ ਗਿਆ ਹੈ ਕਿ ਥੋੜ੍ਹੀ-ਬਹੁਤ ਤਬਦੀਲੀ ਕਰਕੇ ਇਹ ਗਾਣੇ ਦਿਲਜੀਤ ਅਪਣੇ ਸ਼ੋਅ 'ਚ ਸ਼ਾਮਲ ਕਰ ਲੈਂਦੇ ਹਨ।
ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਇਹ ਗਾਣੇ ਨੌਜਵਾਨਾਂ ਅਤੇ ਅਲੜ ਬੱਚਿਆਂ 'ਤੇ ਮਾੜਾ ਪ੍ਰਭਾਵ ਪਾਉਂਦੇ ਹਨ। ਸਨੰ 2019 ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੀ ਜਨਤਕ ਮੰਚਾਂ 'ਤੇ ਸ਼ਰਾਬ, ਨਸ਼ਿਆਂ ਜਾਂ ਹਿੰਸਾ ਦਾ ਪ੍ਰਚਾਰ ਕਰਨ ਵਾਲੇ ਗਾਣਿਆਂ ਦੇ ਪ੍ਰਸਾਰਣ ਨੂੰ ਰੋਕਣ ਲਈ ਹੁਕਮ ਜਾਰੀ ਕਰ ਚੁੱਕਾ ਹੈ।
ਸ਼ਿਕਾਇਤਕਰਤਾ ਨੇ ਇਹ ਵੀ ਕਿਹਾ ਕਿ ਜੇਕਰ ਇਹ ਵਿਵਾਦਾਸਪਦ ਗਾਣਿਆਂ ਨਾਲ ਸਮਾਰੋਹ ਜਾਰੀ ਰਹੇ ਤਾਂ ਉਹ ਇਸ ਮਾਮਲੇ ਨੂੰ ਦੁਬਾਰਾ ਹਾਈਕੋਰਟ ਵਿੱਚ ਲੈ ਕੇ ਜਾਣਗੇ। ਉਨ੍ਹਾਂ ਨੇ ਇਸ ਗੱਲ ਦੀ ਵੀ ਆਲੋਚਨਾ ਕੀਤੀ ਕਿ ਦਿਲਜੀਤ ਪੱਗ ਬੰਨ੍ਹ ਕੇ ਅਜਿਹੇ ਗਾਣੇ ਗਾਉਂਦੇ ਹਨ ਜੋ ਉਨ੍ਹਾਂ ਦੇ ਨਕਾਰਾਤਮਕ ਮੁੱਲਾਂ ਨੂੰ ਉਜਾਗਰ ਕਰਦਾ ਹੈ।
ਇਹ ਪਹਿਲੀ ਵਾਰ ਨਹੀਂ ਹੈ ਕਿ ਦਿਲਜੀਤ ਦੋਸਾਂਝ ਐਸੇ ਮਾਮਲੇ ਵਿਚ ਫਸੇ ਹਨ। ਹੈਦਰਾਬਾਦ ਅਤੇ ਇੰਦੌਰ ਵਿੱਚ ਵੀ ਦਲਜੀਤ ਦੇ ਗਾਣਿਆਂ ਨੂੰ ਲੈ ਕੇ ਇਤਰਾਜ਼ ਹੋਇਆ ਸੀ। ਸਾਲ ਦੀ ਸ਼ੁਰੂਆਤ ਵਿੱਚ ਅਹਿਮਦਾਬਾਦ ਦੇ ਇੱਕ ਸ਼ੋਅ ਦੌਰਾਨ ਦਿਲਜੀਤ ਨੇ ਕਿਹਾ ਸੀ ਕਿ ਜੇਕਰ ਸਰਕਾਰ ਸ਼ਰਾਬ 'ਤੇ ਪੂਰੀ ਪਾਬੰਦੀ ਲਗਾ ਦੇਵੇ ਤਾਂ ਉਹ ਵੀ ਆਪਣੇ ਗਾਣਿਆਂ ਵਿੱਚ ਸ਼ਰਾਬ ਬਾਰੇ ਗਾਉਣਾ ਬੰਦ ਕਰ ਦੇਣਗੇ।
ਦਿਲਜੀਤ ਦਾ ਇਹ ਟੂਰ ਪਹਿਲਾਂ ਗੁਵਾਹਾਟੀ 'ਚ ਖਤਮ ਹੋਣਾ ਸੀ ਪਰ ਅੰਤਮ ਸਮੇਂ 'ਤੇ ਲੁਧਿਆਣਾ ਸਮਾਰੋਹ ਜੋੜਿਆ ਗਿਆ ਜਿਸਦੀ ਟਿਕਟਾਂ ਮਿੰਟਾਂ ਵਿੱਚ ਹੀ ਵਿਕ ਗਈਆਂ ਸਨ। ਵਿਵਾਦਾਂ ਦੇ ਬਾਵਜੂਦ ਦਲਜੀਤ ਦੋਸਾਂਝ ਦਾ ਦਿਲ-ਲੂਮਿਨਾਟੀ ਟੂਰ ਬਹੁਤ ਹੀ ਸਫਲ ਰਿਹਾ ਹੈ।
