ਲੌਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਵਿਚ ਡੀ.ਐਸ.ਪੀ ਰੈਂਕ ਦਾ ਇੱਕ ਅਧਿਕਾਰੀ ਬਰਖਾਸਤ

 ਪੰਜਾਬ ਸਰਕਾਰ ਨੇ ਲੌਰੈਂਸ ਬਿਸ਼ਨੋਈ ਦੇ ਟੀ.ਵੀ ਇੰਟਰਵਿਊ ਮਾਮਲੇ ਵਿੱਚ ਡੀ.ਐਸ.ਪੀ ਦਰਜੇ ਦੇ ਅਧਿਕਾਰੀ ਨੂੰ ਕੀਤਾ ਬਰਖਾਸਤ 

ਪੰਜਾਬ ਪੁਲਿਸ, ਡੀਐਸਪੀ ਬਰਖਾਸਤ, ਲੌਰੈਂਸ ਬਿਸ਼ਨੋਈ ਇੰਟਰਵਿਊ ਮਾਮਲਾ, punjabisamachar.in


ਪੰਜਾਬ ਸਰਕਾਰ ਨੇ ਵੀਰਵਾਰ ਨੂੰ ਡੀ.ਐਸ.ਪੀ ਰੈਂਕ ਦੇ ਇੱਕ ਅਧਿਕਾਰੀ ਗੁਰਸ਼ੇਰ ਸਿੰਘ ਸੰਧੂ ਨੂੰ ਸੇਵਾ ਤੋਂ ਬਰਖਾਸਤ ਕਰ ਦਿੱਤਾ ਹੈ। ਉਸ ਉੱਤੇ ਗੈਂਗਸਟਰ ਲੌਰੈਂਸ ਬਿਸ਼ਨੋਈ ਦਾ ਪੁਲਿਸ ਹਿਰਾਸਤ ਵਿੱਚ ਇੰਟਰਵਿਊ ਰਿਕਾਰਡ ਕਰਨ ਵਿੱਚ ਸਹਾਇਤਾ ਕਰਨ ਦਾ ਦੋਸ਼ ਹੈ। ਬਰਖਾਸਤਗੀ ਦੇ ਇਹ ਹੁਕਮ ਗ੍ਰਹਿ ਵਿਭਾਗ ਦੇ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਦੁਆਰਾ ਸੰਵਿਧਾਨ ਦੇ ਧਾਰਾ 311 ਤਹਿਤ ਅਧਿਕਾਰਾਂ ਦਾ ਉਪਯੋਗ ਕਰਦੇ ਹੋਏ ਕੀਤੇ ਗਏ ਹਨ।


ਮਾਮਲਾ ਇਹ ਹੈ ਕਿ ਮਾਰਚ 2023 ਵਿੱਚ ਇੱਕ ਪ੍ਰਾਈਵੇਟ ਨਿਊਜ਼ ਚੈਨਲ ਨੇ ਬਿਸ਼ਨੋਈ ਦੇ ਦੋ ਇੰਟਰਵਿਊ ਚਲਾਏ ਸਨ। ਜਿਸ ਦਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਖਤ ਨੋਟਿਸ ਲਿਆ ਸੀ ਅਤੇ ਜਾਂਚ ਕਮੇਟੀ ਗਠਿਤ ਕੀਤੀ ਸੀ। ਵਿਸ਼ੇਸ਼ ਜਾਂਚ ਟੀਮ (SIT) ਨੇ ਨਤੀਜਾ ਕੱਢਿਆ ਸੀ ਕਿ ਗੁਰਸ਼ੇਰ ਸਿੰਘ ਸੰਧੂ ਨੇ ਟੀ.ਵੀ. ਚੈਨਲ ਦੀ ਇੰਟਰਵਿਊ ਰਿਕਾਰਡ ਕਰਨ ਵਿੱਚ ਸਹਾਇਤਾ ਕੀਤੀ ਸੀ। ਇਹ ਇੰਟਰਵਿਊ ਤਦ ਕੀਤਾ ਗਿਆ ਜਦੋਂ ਬਿਸ਼ਨੋਈ ਸੀ.ਆਈ.ਏ ਖਰੜ ਦੀ ਹਿਰਾਸਤ ਵਿੱਚ ਸੀ।


ਪੰਜਾਬ ਪੁਲਿਸ ਦੀ ਇਸ ਵਿਸ਼ੇਸ਼ ਜਾਂਚ ਟੀਮ ਨੇ ਪਿਛਲੇ ਸਾਲ ਜੁਲਾਈ ਵਿੱਚ ਹਾਈ ਕੋਰਟ ਵਿੱਚ ਦਿੱਤੀ ਅਪਣੀ ਰਿਪੋਟ ਵਿੱਚ ਕਿਹਾ ਸੀ ਕਿ ਇਹ ਇੰਟਰਵਿਊ ਬਿਸ਼ਨੋਈ ਦੀ ਜਿਲ੍ਹਾ ਮੋਹਾਲੀ ਦੇ ਸੀ.ਆਈ.ਏ ਖਰੜ ਵਿੱਚ ਪੁਲਿਸ ਹਿਰਾਸਤ ਦੌਰਾਨ ਦੋ ਸਾਲ ਪਹਿਲਾਂ ਕੀਤਾ ਗਿਆ ਸੀ। ਇਸ ਇੰਟਰਵਿਊ ਵਿਚ ਅਪਰਾਧ ਅਤੇ ਅਪਰਾਧੀਆਂ ਦੀ ਵਧ ਚੜ੍ਹ ਕੇ ਵਡਿਆਈ ਕੀਤੀ ਗਈ ਸੀ। 


ਜਿਕਰਯੋਗ ਹੈ ਕਿ ਲੌਰੈੰਸ ਬਿਸ਼ਨੋਈ 2022 ਵਿਚ ਹੋਏ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੇ ਦੋਸ਼ੀਆਂ ਵਿੱਚੋਂ ਇੱਕ ਹੈ। ਪਿਛਲੇ ਸਾਲ ਅਕਤੂਬਰ ਵਿੱਚ ਬਿਸ਼ਨੋਈ ਦੇ ਇਸ ਇੰਟਰਵਿਊ ਦੇ ਮਾਮਲੇ ਵਿੱਚ ਡੀ.ਐਸ.ਪੀ ਸੰਧੂ ਸਮੇਤ ਸੱਤ ਪੁਲਿਸ ਅਧਿਕਾਰੀ ਮੁਅੱਤਲ ਕੀਤੇ ਗਏ ਸਨ ਅਤੇ 25 ਅਕਤੂਬਰ 2024 ਨੂੰ ਇਹਨਾਂ ਅਧਿਕਾਰੀਆਂ ਨੂੰ ਇੱਕ ਚਾਰਜਸ਼ੀਟ ਵੀ ਜਾਰੀ ਕੀਤੀ ਗਈ ਸੀ।


ਸੂਬਾ ਸਰਕਾਰ ਵਲੋਂ ਇਸ ਮਾਮਲੇ ਦੇ ਤੱਥ ਅਤੇ ਹਾਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਰਣਾ ਲਿਆ ਗਿਆ ਕਿ ਗੁਰਸ਼ੇਰ ਸਿੰਘ ਸੰਧੂ ਨੇ ਪੰਜਾਬ ਪੁਲਿਸ ਦੀ ਛਵੀ ਨੂੰ ਗੰਭੀਰ ਤੌਰ 'ਤੇ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਦੀ ਲਾਪਰਵਾਹੀ ਅਤੇ ਗੈਰਜ਼ਿੰਮੇਵਾਰ ਰਵੈਯੇ ਨੇ ਪੰਜਾਬ ਪੁਲਿਸ ਦੇ ਅਨੁਸ਼ਾਸਨ ਅਤੇ ਆਚਰਨ ਦੇ ਨਿਯਮਾਂ ਦੀ ਘੋਰ ਉਲੰਘਣਾ ਕੀਤੀ ਹੈ। ਇਹ ਹੁਕਮ ਪੰਜਾਬ ਲੋਕ ਸੇਵਾ ਕਮਿਸ਼ਨ (PPSC) ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਜਾਰੀ ਕੀਤੇ ਗਏ ਕਿਉਂਕਿ PPS ਕੇਡਰ ਦੇ ਅਧਿਕਾਰੀਆਂ ਨੂੰ ਨਿਯੁਕਤ ਕਰਨ ਦਾ ਅਧਿਕਾਰਖੇਤਰ ਉਨ੍ਹਾਂ ਦਾ ਹੀ ਹੈ। ਨਵੰਬਰ 2024 ਵਿੱਚ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਭਰੋਸਾ ਦਿਵਾਇਆ ਸੀ ਕਿ ਇੰਟਰਵਿਊ ਮਾਮਲੇ ਵਿੱਚ ਦੋਸ਼ੀ ਪੁਲਿਸ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।