ਜਲੰਧਰ ਪੁਲਿਸ ਵਲੋਂ ਪੁਲਿਸ ਮੁਕਾਬਲੇ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਸਾਥੀ ਗ੍ਰਿਫਤਾਰ
ਪੰਜਾਬ ਪੁਲਿਸ ਨੇ ਬੁੱਧਵਾਰ ਨੂੰ ਇੱਕ ਅਹਿਮ ਕਾਰਵਾਈ ਦੌਰਾਨ ਜਲੰਧਰ ਵਿਖੇ ਵਡਾਲਾ ਚੌਂਕ ਦੇ ਨੇੜੇ ਹੋਏ ਪੁਲਿਸ ਮੁਕਾਬਲੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰਦੇ ਹੋਏ ਇੱਕ ਵੱਡੇ ਅਪਰਾਧ ਨੂੰ ਨਾਕਾਮ ਬਣਾਉਣ ਵਿਚ ਕਾਮਯਾਬੀ ਹਾਸਿਲ ਕੀਤੀ ਹੈ।
ਜਲੰਧਰ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਮੁਢਲੀ ਤਫਤੀਸ਼ 'ਚ ਪੁਲਿਸ ਨੂੰ ਜਾਨਕਾਰੀ ਮਿਲੀ ਸੀ ਕਿ ਜਲੰਧਰ ਦਾ ਇਕ ਗਰੋਹ ਲਾਰੈਂਸ ਬਿਸ਼ਨੋਈ ਅਤੇ ਉਸਦੇ ਨੇੜਲੇ ਸਾਥੀ ਗੋਲਡੀ ਬਰਾੜ ਨਾਲ ਸੰਪਰਕ ਵਿੱਚ ਹੈ ਅਤੇ ਉਹਨਾਂ ਦੇ ਹੁਕਮਾਂ ਤੇ ਫਿਰੌਤੀ ਅਤੇ ਵਿਰੋਧੀ ਗਰੋਹ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਅਗਾਂਹ ਵੀ ਐਸੇ ਅਪਰਾਧ ਕਰਨ ਦੀ ਯੋਜਨਾ ਬਣਾ ਰਹੇ ਹਨ ਅਤੇ ਉਹ ਜਲੰਧਰ ਵਿੱਚ ਇੱਕ ਵੱਡੇ ਅਪਰਾਧ ਦੀ ਯੋਜਨਾ ਨੂੰ ਅੰਜਾਮ ਦੇ ਸਕਦੇ ਹਨ।
ਗਰੋਹ ਦੀ ਗਤੀਵਿਧੀ ਬਾਰੇ ਪੜਤਾਲ ਕਰਦੇ ਹੋਏ ਪਤਾ ਲੱਗਾ ਕਿ ਤਿੰਨ ਦੋਸ਼ੀ i20 ਕਾਰ ਵਿੱਚ ਮੋਗਾ ਵੱਲ ਤੋਂ ਜਲੰਧਰ ਨੂੰ ਆ ਰਹੇ ਹਨ। ਉਕਤ ਸੂਚਨਾ 'ਤੇ ਕਾਰਵਾਈ ਕਰਦਿਆਂ ਸੀ.ਆਈ.ਏ ਟੀਮ ਨੇ ਦੋਸ਼ੀਆਂ ਦੀ ਗੱਡੀ ਦਾ ਪਤਾ ਲਗਾਇਆ। ਚਾਰ ਕਿਲੋਮੀਟਰ ਤਕ ਪਿੱਛੇ ਕਰਨ ਤੋਂ ਬਾਦ ਗਰੋਹ ਮੈਂਬਰਾਂ ਨੇ ਵਡਾਲਾ ਚੌਂਕ ਦੇ ਨੇੜੇ ਪੁਲਿਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਵਲੋਂ ਜੁਵਾਬੀ ਕਾਰਵਾਈ ਕਰਦੇ ਹੋਏ ਜਦ ਗੋਲੀ ਚਲਾਈ ਤਾਂ ਮੁਕਾਬਲੇ ਵਿੱਚ ਇੱਕ ਦੋਸ਼ੀ ਪੈਰ ਵਿੱਚ ਗੋਲੀ ਲੱਗਣ ਕਾਰਨ ਜਖਮੀ ਹੋ ਗਿਆ। ਦੂਜੇ ਦੋ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਵਿਚੋਂ ਇਕ ਕੁਝ ਸਮਾਂ ਪਿੱਛਾ ਕਰਨ ਤੋਂ ਬਾਅਦ ਫੜ ਲਿਆ ਗਿਆ ਪਰ ਇਕ ਸਾਥੀ ਭੱਜਣ ਵਿੱਚ ਕਾਮਯਾਬ ਰਿਹਾ। ਤਫਤੀਸ਼ ਦੌਰਾਨ ਪੁਲਿਸ ਨੇ ਉਨ੍ਹਾਂ ਕੋਲੋਂ ਚਾਰ ਗੈਰਕਾਨੂੰਨੀ ਹਥਿਆਰ ਬਰਾਮਦ ਕੀਤੇ ਹਨ। ਫਿਲਹਾਲ ਜਖਮੀ ਦੋਸ਼ੀ ਨੂੰ ਇਲਾਜ ਲਈ ਸਿਵਲ ਹਸਪਤਾਲ ਜਲੰਧਰ ਦਾਖਲ ਕਰਵਾ ਦਿੱਤਾ ਗਿਆ ਹੈ।
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਅਗਾਂਹ ਦੱਸਿਆ ਕਿ ਗ੍ਰਿਫਤਾਰ ਕੀਤੇ ਦੋਸ਼ੀਆਂ ਦੀ ਪਛਾਣ ਕਪੂਰਥਲਾ ਦੇ ਬਲਰਾਜ ਅਤੇ ਜੰਡਿਆਲਾ ਪਿੰਡ ਦੇ ਪਵਨ ਵਜੋਂ ਹੋਈ ਹੈ। ਉਹਨਾਂ 'ਤੇ ਪਹਿਲਾਂ ਵੀ ਕਤਲ ਅਤੇ ਫਿਰੌਤੀ ਸਮੇਤ ਕਈ ਗੰਭੀਰ ਮਾਮਲਿਆਂ ਲਈ 6 ਐਫ.ਆਈ.ਆਰ. ਦਰਜ ਹਨ। ਦੋਨੋਂ ਦੋਸ਼ੀ ਜੇਲ ਵਿਚ ਸਨ ਅਤੇ ਇਕ ਦੋਸ਼ੀ 10 ਮਹੀਨੇ ਪਹਿਲਾਂ ਅਤੇ ਦੂਜਾ 6 ਮਹੀਨੇ ਪਹਿਲਾਂ ਹੀ ਜੇਲ ਤੋਂ ਬਾਹਰ ਆਇਆ ਸੀ। ਪੁਲਿਸ ਅਧਿਕਾਰੀਆਂ ਵਲੋਂ ਤੀਜੇ ਦੋਸ਼ੀ ਦੀ ਭਾਲ ਕਰਨ ਲਈ ਆਸ-ਪਾਸ ਦੇ ਇਲਾਕਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ।
ਪੰਜਾਬ ਦੇ ਪੁਲਿਸ ਮੁੱਖੀ ਡੀਜੀਪੀ ਗੌਰਵ ਯਾਦਵ ਨੇ ਐਕਸ (ਪਹਿਲਾਂ ਟਵਿੱਟਰ) 'ਤੇ ਕਾਰਵਾਈ ਬਾਰੇ ਕਿਹਾ ਕਿ ਇਹ ਕਾਰਵਾਈ ਡਰੱਗ ਤਸਕਰੀ, ਗੈਰਕਾਨੂੰਨੀ ਹਥਿਆਰਾਂ ਦੇ ਵਪਾਰ ਅਤੇ ਫਿਰੌਤੀ ਗਰੋਹ ਦੇ ਅਪਰਾਧਕ ਜਾਲ ਨੂੰ ਵੱਡਾ ਝਟਕਾ ਪਹੁੰਚਾਏਗੀ।
Tags:
ਜੁਰਮ / ਕਨੁੰਨ