ਉੱਘੇ ਅੰਤਰਰਾਸ਼ਟਰੀ ਜੈਵਲਿਨ ਖਿਡਾਰੀ ਨੀਰਜ ਚੋਪੜਾ, ਹਿਮਾਨੀ ਮੋਰ ਨਾਲ ਗੁਪਚੁੱਪ ਵਿਆਹ ਕਰਵਾ ਕੇ ਹਨੀਮੂਨ ਤੇ ਵਿਦੇਸ਼ ਗਏ
ਉੱਘੇ ਅੰਤਰਰਾਸ਼ਟਰੀ ਜੈਵਲਿਨ ਖਿਡਾਰੀ ਨੀਰਜ ਚੋਪੜਾ ਨੇ ਬੀਤੇ ਕੱਲ੍ਹ ਆਪਣੇ ਸੋਸ਼ਲ ਮੀਡੀਆ ਪੋਸਟ ਰਾਹੀਂ ਟੈਨਿਸ ਖਿਡਾਰੀ ਅਤੇ ਕੋਚ ਹਿਮਾਨੀ ਮੋਰ ਨਾਲ ਵਿਆਹ ਹੋਣ ਦਾ ਐਲਾਨ ਕਰਕੇ ਦੁਨੀਆ ਨੂੰ ਅਚੰਭੇ ਵਿਚ ਪਾ ਦਿੱਤਾ।
![]() |
| ਨੀਰਜ ਕੁਮਾਰ, ਹਿਮਾਨੀ ਮੋਰ ਵਿਆਹ ਦੀ ਤਸਵੀਰਾਂ |
ਹਰਿਆਣਾ ਦੇ ਇਸ ਮਸ਼ਹੂਰ ਖਿਡਾਰੀ ਦੇ ਵਿਆਹ ਦੀ ਸੂਚਨਾ ਜੋ ਕਿ ਅੰਤਰਰਾਸ਼ਟਰੀ ਮੀਡੀਆ ਦੇ ਧਿਆਨ ਦਾ ਕੇਂਦਰ ਬਣ ਸਕਦੀ ਸੀ ਬਿਲਕੁਲ ਗੁਪਤ ਰੱਖੀ ਗਈ। ਇੱਥੇ ਤੱਕ ਕਿ ਵਿਆਹ ਵਾਲੇ ਸਥਾਨ 'ਤੇ ਮਹਿਮਾਨਾਂ ਨੂੰ ਵੀ ਮੋਬਾਈਲ ਫੋਨ ਜਾਂ ਹੋਰ ਗੈਜਿਟ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਸੀ ਤਾਂ ਕਿ ਇਹ ਖਬਰ ਜਾਂ ਇਸ ਖਾਸ ਮੌਕੇ ਦੀ ਤਸਵੀਰਾਂ ਬਾਹਰ ਲੀਕ ਨਾ ਹੋ ਸਕਣ। ਇਹ ਗੁਪਤ ਸਮਾਰੋਹ ਹਿਮਾਚਲ ਦੇ ਸ਼ਾਂਤ ਪਹਾੜੀ ਇਲਾਕੇ ਵਿੱਚ ਹੋਇਆ, ਜਿੱਥੇ ਆਬਾਦੀ ਬਹੁਤ ਘੱਟ ਹੈ।
ਸੂਤਰਾਂ ਮੁਤਾਬਿਕ ਹਿਮਾਚਲ ਪ੍ਰਦੇਸ਼ ਦੇ ਕੁਮਾਰਹੱਟੀ-ਨਾਹਨ ਹਾਈਵੇ 'ਤੇ ਗਾਂਧੀਗ੍ਰਾਮ ਦੇ ਨੇੜੇ ਇਕ ਰਿਜ਼ੋਰਟ ਦੇ ਕਰਮਚਾਰੀ, ਜਿਨ੍ਹਾਂ ਨੂੰ ਗੁਪਤ ਰੱਖਣ ਲਈ ਕਿਹਾ ਗਿਆ ਸੀ, ਅਜੇ ਵੀ ਇਸ ਵਿਆਹ ਬਾਰੇ ਕੁਝ ਨਹੀਂ ਦੱਸ ਰਹੇ ਹਨ। ਸਿਰਫ 70 ਮਹਿਮਾਨਾਂ ਦੀ ਛੋਟੀ ਜਿਹੀ ਗਿਣਤੀ ਇਸ ਸਮਾਰੋਹ ਦਾ ਹਿੱਸਾ ਸੀ। 14 ਜਨਵਰੀ ਨੂੰ ਉਹ ਸਭ ਰਿਜ਼ੋਰਟ ਵਿੱਚ ਪਹੁੰਚੇ ਅਤੇ 15 ਜਨਵਰੀ ਨੂੰ ਵਿਆਹ ਹੋਣ ਤੋਂ ਬਾਅਦ ਜ਼ਿਆਦਾਤਰ ਮਹਿਮਾਨ 16 ਜਨਵਰੀ ਨੂੰ ਵਾਪਸ ਚਲੇ ਗਏ। ਨੀਰਜ ਚੋਪੜਾ ਆਪਣੀ ਨਵ-ਵਿਆਹੁਤਾ ਪਤਨੀ ਹਿਮਾਨੀ ਮੋਰ ਨਾਲ 17 ਜਨਵਰੀ ਦੀ ਸਵੇਰੇ ਰਿਜ਼ੋਰਟ ਛੱਡਣ ਵਾਲਿਆਂ ਵਿੱਚ ਸ਼ਾਮਲ ਸੀ।
ਨੀਰਜ ਨੇ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਬਾਰੇ ਸੂਚਨਾ X ਤੇ ਦਿੱਤੀ ਜਦ ਉਹ ਆਪਣੇ ਹਨੀਮੂਨ ਲਈ ਵਿਦੇਸ਼ ਗਏ ਹਨ। ਨੀਰਜ ਨੇ ਲਿਖਿਆ, "ਜੀਵਨ ਦੀ ਨਵੀਂ ਸ਼ੁਰੂਆਤ ਪਰਿਵਾਰ ਨਾਲ ਕੀਤੀ। ਹਰ ਉਸ ਦਾਤ ਲਈ ਆਭਾਰੀ ਹਾਂ, ਜਿਸ ਨੇ ਸਾਨੂੰ ਇਸ ਮੋੜ 'ਤੇ ਪਹੁੰਚਾਇਆ। ਪਿਆਰ ਨਾਲ ਬੱਝੇ, ਹਮੇਸ਼ਾ ਲਈ ਖੁਸ਼।"
ਹਿਮਾਨੀ ਮੋਰ, ਸੋਨੀਪਤ ਜ਼ਿਲ੍ਹੇ ਦੇ ਲਰਸੌਲੀ ਪਿੰਡ ਦੀ ਰਹਿਣ ਵਾਲੀ ਹੈ। ਵਿਆਹ ਪੂਰੀਆਂ ਰਸਮਾਂ ਅਤੇ ਰਿਵਾਜਾਂ ਨਾਲ ਸੰਪੰਨ ਕੀਤਾ ਗਿਆ। ਨੀਰਜ ਦੇ ਚਾਚਾ, ਸੁਰਿੰਦਰ ਚੋਪੜਾ ਨੇ ਕਿਹਾ ਕਿ ਇਹ ਜੋੜਾ ਕਾਫ਼ੀ ਸਮੇਂ ਤੋਂ ਇੱਕ ਦੂਜੇ ਨੂੰ ਜਾਣਦਾ ਸੀ। ਨਵੇਂ ਵਿਆਹੇ ਹੋਏ ਜੋੜੇ ਦੇ ਵਾਪਸ ਆਉਣ 'ਤੇ ਉਹ ਭਾਰਤ ਵਿੱਚ ਰਿਸੈਪਸ਼ਨ ਰੱਖਣਗੇ।
ਹਿਮਾਨੀ ਪੇਸ਼ੇ ਤੋਂ ਇੱਕ ਟੈਨਿਸ ਖਿਡਾਰੀ ਰਹੀ ਹੈ ਜੋ ਇਸ ਸਮੇਂ ਅਮਰੀਕਾ ਦੇ ਐਮਹਰਸਟ ਕਾਲਜ ਵਿੱਚ ਗ੍ਰੈਜੂਏਟ ਅਸਿਸਟੈਂਟ ਵਜੋਂ ਕੰਮ ਕਰ ਰਹੀ ਹੈ। ਉਹ ਇਸ ਸੰਸਥਾ ਦੀ ਮਹਿਲਾ ਟੈਨਿਸ ਟੀਮ ਦਾ ਪ੍ਰਬੰਧਨ ਵੀ ਕਰਦੀ ਹੈ। ਉਹ ਯੂਨੀਵਰਸਿਟੀ ਆਫ ਮੈਸਾਚੂਸੇਟਸ ਐਮਹਰਸਟ ਦੇ ਮੈਕਕਾਰਮੈਕ ਇਸਨਬਰਗ ਸਕੂਲ ਆਫ ਮੈਨੇਜਮੈਂਟ ਤੋਂ ਮਾਸਟਰ ਡਿਗਰੀ ਵੀ ਕਰ ਰਹੀ ਹੈ।
