ਐਸ.ਪੀ, ਡੀ.ਐਸ.ਪੀ ਜ਼ਬਤ ਕੀਤੇ ਨਸ਼ਿਆਂ ਨੂੰ ਨਸ਼ਟ ਕਰਦੇ ਹੋਏ ਅੱਗ ਨਾਲ ਸੜ੍ਹੇ

ਲੋਗੋ, ਪੰਜਾਬ ਪੁਲਿਸ 

ਪੁਲਿਸ ਜਿਲ੍ਹਾ ਖੰਨਾ ਦੇ ਦੋ ਉੱਚ ਪੁਲਿਸ ਅਧਿਕਾਰੀ, ਤਰੁਣ ਰਤਨ ਐਸ.ਪੀ ਅਤੇ ਸੁਖ ਅਮ੍ਰਿਤਪਾਲ ਸਿੰਘ ਡੀ.ਐਸ.ਪੀ, ਵੀਰਵਾਰ ਨੂੰ ਅੰਮ੍ਰਿਤਸਰ ਵਿੱਚ ਜ਼ਬਤ ਕੀਤੇ ਨਸ਼ਿਆਂ ਨੂੰ ਨਸ਼ਟ ਕਰਦੇ ਸਮੇਂ ਸੜ੍ਹ ਗਏ। ਇਹ ਅਧਿਕਾਰੀ ਉਸ ਟੀਮ ਦਾ ਹਿੱਸਾ ਸਨ ਜੋ ਨਸ਼ਿਆਂ ਨੂੰ ਨਸ਼ਟ ਕਰਨ ਲਈ ਅੰਮ੍ਰਿਤਸਰ ਗਈ ਸੀ।


ਇਹ ਘਟਨਾ 1:45 ਵਜੇ ਦੇ ਕਰੀਬ ਵਾਪਰੀ ਜਦੋਂ ਆਪ੍ਰੇਟਰ, ਫਰਨੇਸ ਦਾ ਢੱਕਣ ਖੋਲ੍ਹ ਕੇ ਨਸ਼ਿਆਂ ਨੂੰ ਅੰਦਰ ਪਾਉਣ ਲੱਗਾ ਤਾਂ ਅੱਗ ਤੇਜ ਹੋਣ ਕਾਰਨ ਅਚਾਨਕ ਹੀ ਫਰਨੇਸ ਵਿੱਚੋਂ ਬਾਹਰ ਨੂੰ ਆਈ ਅਤੇ ਬਾਹਰ ਪਏ ਨਸ਼ਿਆਂ ਨੂੰ ਲੱਗ ਗਈ। ਜ਼ਬਤ ਮਾਲ ਦੇ ਨਜਦੀਕ ਹੀ ਦੋਨੋਂ ਅਧਿਕਾਰੀ ਮਾਲ ਦਾ ਮੁਆਇਨਾ ਕਰ ਰਹੇ ਸਨ। ਅੱਗ ਬੜੀ ਤੇਜੀ ਨਾਲ ਫੈਲੀ ਅਤੇ ਸਾਰੇ ਮਾਲ ਸਮੇਤ ਅਧਿਕਾਰੀਆਂ ਨੂੰ ਵੀ ਲਪੇਟੇ ਵਿਚ ਲੈ ਲਿਆ। 


ਅੱਗ ਪਰ ਕਾਬੂ ਪਾ ਕੇ ਜਖ਼ਮੀਆਂ ਨੂੰ ਤੁਰੰਤ ਹੀ ਨਜਦੀਕ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ। ਐਸ.ਪੀ ਤਰੁਣ ਰਤਨ 25 ਫੀਸਦੀ ਸੜ੍ਹ ਗਏ ਹਨ ਜਦ ਕਿ ਡੀ.ਐਸ.ਪੀ ਸੁਖ ਅਮ੍ਰਿਤਪਾਲ ਸਿੰਘ ਦੀ ਬਾਂਹ ਸੜ੍ਹ ਗਈ ਪਾਈ ਗਈ। ਸੁਖ ਅਮ੍ਰਿਤਪਾਲ ਸਿੰਘ ਦਾ ਇਲਾਜ ਕਰਨ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਐਸ.ਪੀ ਤਰੁਣ ਰਤਨ ਹਾਲੇ ਵੀ ਹਸਪਤਾਲ ਵਿੱਚ ਦਾਖਲ ਹਨ। ਜਦਕਿ ਬਾਕੀ ਸਾਰੇ ਪੁਲੀਸ ਅਧਿਕਾਰੀ ਅਤੇ ਆਪ੍ਰੇਟਰ ਸੁਰੱਖਿਅਤ ਹਨ।