ਦੂਸਰਾ ਅਮਰੀਕੀ ਫੌਜੀ ਜਹਾਜ਼ ਹੋਰ 117 ਭਾਰਤੀ ਨਾਗਰਿਕਾਂ ਨੂੰ ਲੈ ਕੇ ਅੰਮ੍ਰਿਤਸਰ ਪਹੁੰਚਾ

65 ਪੰਜਾਬ, 33 ਹਰਿਆਣਾ, 8 ਗੁਜਰਾਤ ਤੋਂ, ਅੱਜ ਹੋਰ 157 ਦੇ ਆਉਣ ਦੀ ਉਮੀਦ

ਦੂਸਰਾ ਅਮਰੀਕੀ ਫੌਜੀ ਜਹਾਜ਼ ਕੱਢੇ ਗਏ 117 ਭਾਰਤੀ ਨਾਗਰਿਕਾਂ ਨੂੰ ਲੈ ਕੇ ਅੰਮ੍ਰਿਤਸਰ ਪਹੁੰਚਾ, punjabisamachar.in
ਦੂਸਰਾ ਅਮਰੀਕੀ ਫੌਜੀ ਜਹਾਜ਼ ਹੋਰ 117 ਭਾਰਤੀ
ਨਾਗਰਿਕਾਂ ਨੂੰ ਲੈ ਕੇ ਅੰਮ੍ਰਿਤਸਰ ਪਹੁੰਚਾ


ਦੂਸਰਾ ਅਮਰੀਕੀ ਫੌਜੀ ਜਹਾਜ਼ 117 ਗੈਰਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਵਾਪਸ ਲੈ ਕੇ ਸ਼ਨੀਵਾਰ ਰਾਤ 11:32 ਤੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਿਆ। ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ 'ਚ 65 ਪੰਜਾਬ ਦੇ, 33 ਹਰਿਆਣਾ ਦੇ, 8 ਗੁਜਰਾਤ ਦੇ, 3 ਉਤਰ ਪ੍ਰਦੇਸ਼ ਦੇ, 2-2 ਗੋਆ, ਮਹਾਰਾਸ਼ਟਰ ਅਤੇ ਰਾਜਸਥਾਨ ਦੇ ਸਨ। ਜਦਕਿ 1-1 ਵਿਅਕਤੀ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਤੋਂ ਸੀ। ਵਾਪਸ ਪਰਤੇ ਲੋਕਾਂ ਵਿੱਚ 5 ਔਰਤਾਂ ਵੀ ਸ਼ਾਮਲ ਹਨ। 


ਇਹ 10 ਦਿਨਾਂ ਵਿੱਚ ਦੂਜੀ ਵਾਰ ਹੈ ਜਦੋਂ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਚੌਣਾਂ ਵਿਚ ਕੀਤੇ ਆਪਣੇ ਵਾਅਦੇ ਮੁਤਾਬਕ ਗੈਰਕਾਨੂੰਨੀ ਪ੍ਰਵਾਸੀਆਂ ਖਿਲਾਫ਼ ਕਾਰਵਾਈ ਕਰਦੇ ਹੋਏ ਭਾਰਤੀ ਨਾਗਰਿਕਾਂ ਨੂੰ ਵਾਪਸ ਭੇਜਿਆ ਹੈ।


ਸੂਤਰਾਂ ਮੁਤਾਬਿਕ ਪਹਿਲੀ ਉਡਾਣ ਦੇ ਉਲਟ ਇਸ ਵਾਰ ਔਰਤਾਂ ਨੂੰ ਹਥਕੜੀਆਂ ਅਤੇ ਜ਼ੰਜੀਰਾਂ ਨਹੀਂ ਪਾਈਆਂ ਗਈਆਂ ਸਨ ਪਰ ਮਰਦਾਂ ਦੇ ਬੇੜੀਆਂ ਲੱਗੀਆਂ ਹੋਈਆਂ ਸਨ। ਪਹਿਲੀ ਉਡਾਣ ਦੌਰਾਨ ਵੀ ਕੱਢੇ ਗਏ ਲੋਕਾਂ ਨੂੰ ਬੇੜੀਆਂ ਲਾਉਣ ਦੀ ਭਾਰਤ ਵਿੱਚ ਵਿਆਪਕ ਰੂਪ ਵਿੱਚ ਨਿੰਦਾ ਹੋਈ ਸੀ । ਇਸ ਨੂੰ ਲੈ ਕੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਭਰੋਸਾ ਦਿਵਾਇਆ ਸੀ ਕਿ ਭਾਰਤੀ ਸਰਕਾਰ ਅਮਰੀਕੀ ਅਧਿਕਾਰੀਆਂ ਨਾਲ ਸੰਪਰਕ 'ਚ ਹੈ ਤਾਂ ਕਿ ਪਰਤ ਰਹੇ ਵਿਅਕਤੀਆਂ ਨਾਲ ਇੱਜ਼ਤਦਾਰ ਵਤੀਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਭਾਵੇਂ ਪ੍ਰਵਾਸੀ ਕਾਨੂੰਨਾਂ ਦੀ ਪਾਲਣਾ ਹੋਣੀ ਚਾਹੀਦੀ ਹੈ ਪਰ ਇਨਸਾਨੀਅਤ ਤੋਂ ਕਦੇ ਵੀ ਪਿੱਛੇ ਨਹੀਂ ਹਟਣਾ ਚਾਹੀਦਾ ਪਰ ਐਸਾ ਲੱਗਦਾ ਹੈ ਕਿ ਇਸਦਾ ਕੋਈ ਬਾਹਲਾ ਅਸਰ ਨਹੀਂ ਹੋਇਆ। 


ਅੰਮ੍ਰਿਤਸਰ ਹਵਾਈ ਅੱਡੇ 'ਤੇ ਇਮੀਗ੍ਰੇਸ਼ਨ ਅਧਿਕਾਰੀ, ਪੰਜਾਬ ਪੁਲਿਸ, ਵਿਦੇਸ਼ ਮੰਤਰਾਲੇ ਅਤੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਤੋਂ ਇਲਾਵਾ ਵਾਪਸ ਪਰਤ ਰਹੇ ਲੋਕਾਂ ਦੇ ਰਿਸ਼ਤੇਦਾਰ ਵੀ ਉਹਨਾਂ ਦੀ ਉਡੀਕ ਕਰ ਰਹੇ ਸਨ।


ਲੰਬੇ ਅਤੇ ਥਕਾਵਟ ਭਰੇ ਯਾਤਰਾ ਸਮੇਂ ਨੂੰ ਦੇਖਦੇ ਹੋਏ, ਸਥਾਨਕ ਪ੍ਰਸ਼ਾਸਨ ਨੇ ਉਨ੍ਹਾਂ ਦੀ ਸੁਵਿਧਾ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਸਨ । ਡਾਕਟਰੀ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਗਈਆਂ ਸਨ। ਸੂਤਰਾਂ ਨੇ ਦੱਸਿਆ ਕਿ ਗੈਰ ਰਾਜਾਂ ਦੇ ਵਿਅਕਤੀ ਰਾਤ ਇੱਥੇ ਹੀ ਰਹਿਣਗੇ ਅਤੇ ਕਲ ਨੂੰ ਆਪਣੇ ਘਰਾਂ ਨੂੰ ਰਵਾਨਾ ਹੋਣਗੇ।


ਪਹਿਲਾਂ ਵੀ 5 ਫਰਵਰੀ ਨੂੰ ਇੱਕ ਅਮਰੀਕੀ ਫੌਜੀ ਉਡਾਣ 104 ਗੈਰਕਾਨੂੰਨੀ ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਉਤਰੀ ਸੀ, ਜਿਨ੍ਹਾਂ ਵਿੱਚ 33 ਹਰਿਆਣਾ, 33 ਗੁਜਰਾਤ ਅਤੇ 30 ਪੰਜਾਬ ਦੇ ਸਨ। ਸੂਤਰਾਂ ਮੁਤਾਬਿਕ 16 ਫਰਵਰੀ ਨੂੰ 157 ਵਿਅਕਤੀਆਂ ਨੂੰ ਲੈ ਕੇ ਇਕ ਹੋਰ ਉਡਾਣ ਉਤਰਨ ਦੀ ਉਮੀਦ ਹੈ।