ਅਮਰੀਕੀ C-17 ਫੌਜੀ ਜਹਾਜ਼ 104 ਗੈਰਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਅੰਮ੍ਰਿਤਸਰ ਪਹੁੰਚਾ
![]() |
| ਅਮਰੀਕੀ ਫੌਜੀ ਜਹਾਜ਼ C - 17, 104 ਗੈਰਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਬੁਧਵਾਰ ਦੁਪਹਿਰ ਅੰਤਰਰਾਸ਼ਟਰੀ ਹਵਾਈ ਅੱਡੇ, ਅੰਮ੍ਰਿਤਸਰ 'ਤੇ ਉੱਤਰ ਗਿਆ |
ਇੱਕ ਅਮਰੀਕੀ ਫੌਜੀ ਜਹਾਜ਼ C - 17, 104 ਗੈਰਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਅੱਜ ਦੁਪਹਿਰ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ, ਅੰਮ੍ਰਿਤਸਰ 'ਤੇ ਉੱਤਰ ਗਿਆ ਹੈ। ਇਹ ਜਹਾਜ਼ ਅਸਲ ਵਿੱਚ ਸਵੇਰੇ ਉਤਰਨਾ ਸੀ ਪਰ ਕਿਸੇ ਕਾਰਨ ਦੇ ਨਾਲ ਦੇਰੀ ਹੋ ਗਈ। ਜਹਾਜ਼ 'ਚ ਸਵਾਰ ਲੋਕਾਂ ਬਾਰੇ ਅਮਰੀਕੀ ਜਾਂ ਭਾਰਤ ਸਰਕਾਰ ਵਲੋਂ ਕੋਈ ਵੇਰਵਾ ਸਾਂਝਾ ਨਹੀਂ ਕੀਤਾ ਗਿਆ ਹੈ।
ਸੂਤਰਾਂ ਮੁਤਾਬਿਕ ਇਹ C-17 ਗਲੋਬਮਾਸਟਰ ਜਹਾਜ਼ ਟੈਕਸਸ ਦੇ ਸੈਨ ਐਂਟੋਨਿਓ ਤੋਂ ਉੱਡਿਆ ਸੀ ਅਤੇ ਇਸ ਵਿੱਚ ਪੰਜਾਬ ਅਤੇ ਆਸ-ਪਾਸ ਦੇ ਰਾਜਾਂ ਨਾਲ ਸਬੰਧਤ ਗੈਰਕਾਨੂੰਨੀ ਪ੍ਰਵਾਸੀ ਸਵਾਰ ਹਨ।
ਡੋਨਾਲਡ ਟਰੰਪ ਦੇ ਪਿਛਲੇ ਮਹੀਨੇ ਅਮਰੀਕੀ ਰਾਸ਼ਟਰਪਤੀ ਦੀ ਕੁਰਸੀ ਸੰਭਾਲਣ ਤੋਂ ਬਾਅਦ, ਦੇਸ਼ ਦੀ ਕਾਨੂੰਨ ਲਾਗੂ ਕਰਨ ਵਾਲੀ ਏਜੰਸੀਆਂ ਨੇ ਗੈਰਕਾਨੂੰਨੀ ਪ੍ਰਵਾਸੀਆਂ ਵਿਰੁੱਧ ਕਾਰਵਾਈਆਂ ਤੇਜ਼ ਕਰ ਦਿੱਤੀ ਹੈ। ਪੰਜਾਬ ਦੇ ਬਹੁਤ ਸਾਰੇ ਲੋਕ "ਡੌਂਕੀ ਰੂਟ" ਜਾਂ ਹੋਰ ਗੈਰਕਾਨੂੰਨੀ ਢੰਗਾਂ ਰਾਹੀਂ ਲੱਖਾਂ ਰੁਪਏ ਖਰਚ ਕਰਕੇ ਅਮਰੀਕਾ ਪਹੁੰਚੇ ਸਨ, ਹੁਣ ਬੇਦਖਲਗੀ ਦਾ ਸਾਹਮਣਾ ਕਰ ਰਹੇ ਹਨ।
ਪੰਜਾਬ ਦੇ ਐਨ.ਆਰ.ਆਈ. ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੰਗਲਵਾਰ ਨੂੰ ਅਮਰੀਕੀ ਸਰਕਾਰ ਦੇ ਫੈਸਲੇ 'ਤੇ ਨਿਰਾਸ਼ਾ ਜ਼ਾਹਰ ਕੀਤੀ ਅਤੇ ਕਿਹਾ ਕਿ ਇਨ੍ਹਾਂ ਵਿਅਕਤੀਆਂ ਨੇ ਅਮਰੀਕਾ ਦੀ ਅਰਥਵਿਵਸਥਾ ਵਿੱਚ ਯੋਗਦਾਨ ਪਾਇਆ ਸੀ, ਇਸ ਲਈ ਉਨ੍ਹਾਂ ਨੂੰ ਬੇਦਖਲ ਕਰਨ ਦੀ ਬਜਾਏ ਪੱਕੀ ਨਾਗਰਿਕਤਾ ਦਿੱਤੀ ਜਾਣੀ ਚਾਹੀਦੀ ਸੀ। ਧਾਲੀਵਾਲ ਨੇ ਕਿਹਾ ਕਿ ਬਹੁਤ ਸਾਰੇ ਐਸੇ ਲੋਕ ਵੀ ਹਨ ਜੋ ਅਮਰੀਕਾ ਕੰਮ ਕਰਨ ਦੇ ਵੀਜ਼ਿਆਂ 'ਤੇ ਗਏ ਸਨ ਪਰ ਬਾਦ ਵਿੱਚ ਵੀਜ਼ਾ ਖਤਮ ਹੋ ਜਾਣ ਕਾਰਨ, ਗੈਰਕਾਨੂੰਨੀ ਪ੍ਰਵਾਸੀ ਬਣ ਕੇ ਰਹਿ ਗਏ।
ਉਹਨਾਂ ਇਹ ਵੀ ਕਿਹਾ ਕਿ ਪੰਜਾਬੀਆਂ ਨੂੰ ਗੈਰਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਤੋਂ ਗੁਰੇਜ਼ ਕਰਨ ਦੀ ਅਤੇ ਵੈਸ਼ਵਿਕ ਪੱਧਰ ਤੇ ਮੌਕਿਆਂ ਤੱਕ ਪਹੁੰਚ ਕਰਨ ਲਈ ਹੁਨਰ ਅਤੇ ਸਿੱਖਿਆ ਹਾਸਲ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਪੰਜਾਬ ਸਰਕਾਰ ਵਲੋਂ ਹਵਾਈ ਅੱਡੇ ਤੇ ਪ੍ਰਵਾਸੀਆਂ ਨੂੰ ਸਵੀਕਾਰ ਕਰਨ ਲਈ ਕਾਉੰਟਰ ਲਾਇਆ ਗਿਆ ਹੈ।
