ਆਮਦਨੀ ਕਰ ਵਿਭਾਗ ਵਲੋਂ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ 35 ਟਿਕਾਣਿਆਂ 'ਤੇ ਛਾਪੇਮਾਰੀ

ਆਮਦਨੀ ਕਰ ਵਿਭਾਗ ਵਲੋਂ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ 35 ਟਿਕਾਣਿਆਂ 'ਤੇ ਛਾਪੇਮਾਰੀ, punjabisamachar.in
ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ  

ਆਮਦਨੀ ਕਰ ਵਿਭਾਗ ਵਲੋਂ ਕਪੂਰਥਲਾ ਦੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਕਪੂਰਥਲਾ ਅਤੇ ਚੰਡੀਗੜ੍ਹ ਵਿੱਚ ਸਥਿਤ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ। ਸੂਤਰਾਂ ਮੁਤਾਬਿਕ ਇਹ ਛਾਪੇਮਾਰੀ 35 ਤੋਂ ਵੀ ਵੱਧ ਟਿਕਾਣਿਆਂ ਤੇ ਕੀਤੀ ਗਈ ਹੈ। 


ਇਹ ਛਾਪੇਮਾਰੀ ਸਵੇਰੇ ਸਵੱਖਤੇ ਹੀ ਸ਼ੁਰੂ ਹੋ ਗਈ। ਲੁਧਿਆਣਾ ਤੋਂ ਆਈ ਆਮਦਨੀ ਕਰ ਟੀਮਾਂ ਵੱਲੋਂ ਕਪੂਰਥਲਾ ਵਿੱਚ ਰਾਣਾ ਪਰਿਵਾਰ ਦੇ ਘਰ ਅਤੇ ਮਿਲ ਅਤੇ ਚੰਡੀਗੜ੍ਹ ਵਿੱਚ ਸੈਕਟਰ 4 ਅਤੇ 9 ਸਥਿਤ ਘਰਾਂ ਅਤੇ ਵਿਧਾਇਕ ਹੋਸਟਲ ਦੇ ਫਲੈਟ ਨੰਬਰ 53 'ਤੇ ਇਕ ਸਾਰ ਹੀ ਛਾਪੇ ਮਾਰਨ ਦੀ ਜਾਣਕਾਰੀ ਮਿਲੀ ਹੈ।


ਦੱਸਣਯੋਗ ਹੈ ਕਿ ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਪੰਜਾਬ ਵਿੱਚ ਸ਼ਰਾਬ ਦੀਆਂ ਫੈਕਟਰੀਆਂ ਅਤੇ ਚਿਨੀ ਮਿਲਾਂ ਹੋਣ ਕਰਕੇ, ਰਾਣਾ ਗੁਰਜੀਤ ਸਿੰਘ ਪੰਜਾਬ ਦੇ ਸਭ ਤੋਂ ਅਮੀਰ ਵਿਧਾਇਕਾਂ ਵਿੱਚੋਂ ਇੱਕ ਹਨ। ਉਨ੍ਹਾਂ ਦਾ ਪੁੱਤਰ, ਰਾਣਾ ਇੰਦਰ ਪ੍ਰਤਾਪ ਸਿੰਘ, ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਹੈ। ਇਹ ਪਰਿਵਾਰ ਪੰਜਾਬ ਵਿੱਚ ਦੋ ਇਥਨੋਲ ਪਲਾਂਟਾਂ ਦਾ ਵੀ ਮਾਲਕ ਹੈ, ਜਿਨ੍ਹਾਂ ਵਿੱਚੋਂ ਇੱਕ ਅੰਮ੍ਰਿਤਸਰ ਦੇ ਬੁੱਟਰ ਪਿੰਡ ਵਿੱਚ ਸਥਿਤ ਹੈ।


ਸੂਤਰਾਂ ਮੁਤਾਬਿਕ ਆਮਦਨ ਕਰ ਵਿਭਾਗ ਨੂੰ ਸ਼ਕ ਹੈ ਕਿ ਰਾਣਾ ਗੁਰਜੀਤ ਸਿੰਘ ਵੱਲੋਂ ਵਿਭਾਗ ਨੂੰ ਦਿੱਤੀ ਜਾਣਕਾਰੀ ਤੋਂ ਜ਼ਿਆਦਾ ਦਾ ਨਿਵੇਸ਼ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਵਿਭਾਗ ਵਲੋਂ ਬੈਂਕ ਟਰਾਂਸਜੈਕਸ਼ਨ ਅਤੇ ਰੈਵੇਨਿਊ ਰਿਕਾਰਡ ਦੇ ਵੇਰਵੇ ਨੂੰ ਜਾਂਚਿਆ ਗਿਆ ਅਤੇ ਬਾਦ ਵਿਚ ਹੀ ਇਹ ਕਾਰਵਾਈ ਕੀਤੀ ਗਈ। ਰਾਣਾ ਗੁਰਜੀਤ ਸਿੰਘ ਦੇ ਕਾਰੋਬਾਰੀ ਭਾਈਵਾਲ, ਮੈਨੇਜਰ ਅਤੇ ਸਿਆਸੀ ਪੀ. ਏ. ਦੇ ਘਰ ’ਤੇ ਵੀ ਛਾਪੇਮਾਰੀ ਕੀਤੀ ਗਈ ਹੈ।


ਸਿਆਸੀ ਤੌਰ ’ਤੇ ਗੰਭੀਰ ਮੁੱਦਾ ਹੋਣ ਕਾਰਨ ਵਿਭਾਗ ਵਲੋਂ ਕਾਰਵਾਈ ਬਾਰੇ ਕੋਈ ਵੀ ਅਧਿਕਾਰਿਕ ਟਿੱਪਣੀ ਜਾਰੀ ਨਹੀਂ ਕੀਤੀ ਗਈ ਹੈ।