ਪੰਜਾਬ, ਹਰਿਆਣਾ ਵਿੱਚ ਜ਼ਮੀਨੀ ਪਾਣੀ ਪੀਣ ਯੋਗ ਨਹੀਂ, ਕੇਂਦਰੀ ਜ਼ਮੀਨੀ ਪਾਣੀ ਬੋਰਡ ਨੇ “ਅਸੁਰੱਖਿਅਤ” ਘੋਸ਼ਿਤ ਕੀਤਾ

ਪੰਜਾਬ, ਹਰਿਆਣਾ ਵਿੱਚ ਜ਼ਮੀਨੀ ਪਾਣੀ ਪੀਣ ਯੋਗ ਨਹੀਂ, ਕੇਂਦਰੀ ਜ਼ਮੀਨੀ ਪਾਣੀ ਬੋਰਡ ਨੇ “ਅਸੁਰੱਖਿਅਤ” ਘੋਸ਼ਿਤ ਕੀਤਾ, punjabisamachar.in


ਕੇਂਦਰੀ ਜ਼ਮੀਨੀ ਪਾਣੀ ਬੋਰਡ (CGWB) ਵੱਲੋਂ ਜਾਰੀ ਕੀਤੀ ਵਾਰਸ਼ਿਕ ਜ਼ਮੀਨੀ ਪਾਣੀ ਗੁਣਵੱਤਾ ਰਿਪੋਰਟ-2024 ਮੁਤਾਬਕ ਪੰਜਾਬ ਅਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਜ਼ਮੀਨੀ ਪਾਣੀ ਵਿੱਚ ਯੂਰੇਨਿਅਮ, ਨਾਈਟਰੇਟ, ਆਰਸੇਨਿਕ ਅਤੇ ਫਲੋਰਾਈਡ ਦੀ ਮਾਤਰਾ ਮਨਜ਼ੂਰਸ਼ੁਦਾ ਸੀਮਾਵਾਂ ਤੋਂ ਬਹੁਤ ਵੱਧ ਪਾਈ ਗਈ ਹੈ।


ਪੰਜਾਬ ਦੇ 20 ਜ਼ਿਲ੍ਹਿਆਂ ਅਤੇ ਹਰਿਆਣਾ ਦੇ 16 ਜ਼ਿਲ੍ਹਿਆਂ ਵਿੱਚ ਯੂਰੇਨਿਅਮ ਦੀ ਮਾਤਰਾ 30 ਪੀ.ਪੀ.ਬੀ (parts per billion) ਤੋਂ ਵੱਧ ਪਾਈ ਗਈ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਲਈ ਸਥਾਨਕ ਭੂਗੋਲ, ਮਨੁੱਖੀ ਗਤੀਵਿਧੀਆਂ, ਸ਼ਹਿਰੀਕਰਨ ਅਤੇ ਖੇਤੀ ਵਿੱਚ ਫਾਸਫੇਟ ਖਾਦਾਂ ਦੀ ਵਰਤੋਂ ਮੁੱਖ ਕਾਰਨ ਹਨ।


ਸੂਤਰਾਂ ਮੁਤਾਬਿਕ ਮਾਹਿਰਾਂ ਵਲੋਂ ਕੀਤੇ ਅਧਿਐਨਾਂ ਨੇ ਦਰਸਾਇਆ ਹੈ ਕਿ ਫਾਸਫੇਟ ਖਾਦ ਵਿੱਚ 1 mg/kg ਤੋਂ 68.5 mg/kg ਤੱਕ ਯੂਰੇਨਿਅਮ ਹੋ ਸਕਦਾ ਹੈ। ਇਸ ਕਰਕੇ ਫਾਸਫੇਟ ਪਥਰਾਂ ਤੋਂ ਬਣੀ ਖਾਦ ਵੀ ਖੇਤੀਗ੍ਰਸਤ ਖੇਤਰਾਂ ਵਿੱਚ ਜ਼ਮੀਨੀ ਪਾਣੀ ਵਿੱਚ ਯੂਰੇਨਿਅਮ ਦੀ ਮਾਤਰਾ ਵਧਾਉਣ ਦਾ ਕਾਰਨ ਬਣ ਸਕਦੀ ਹੈ। 


ਇਹ ਵੀ ਵੇਖਿਆ ਗਿਆ ਕਿ ਉੱਚ ਯੂਰੇਨਿਅਮ ਪੱਧਰ ਵਾਲੇ ਬਹੁਤੇ ਨਮੂਨੇ ਪਾਣੀ ਲਈ ਜਿਆਦਾ ਖੁਦਾਈ ਕੀਤੇ ਖੇਤਰਾਂ ਤੋਂ ਆਏ ਸਨ । ਜਿਆਦਾ ਖੁਦਾਈ ਜਮੀਨੀ ਪਾਣੀ ਦੇ ਪੱਧਰ ਦੇ ਮਾਤਰਾ ਨੂੰ ਘਟਾ ਦਿੰਦੀ ਹੈ ਜਿਸ ਕਰਕੇ ਕੁਦਰਤੀ ਤੌਰ ਤੇ ਜਮੀਨੀ ਪਾਣੀ ਵਿਚ ਜਹਿਰਲੇ ਤੱਤਾਂ ਦੀ ਮਾਤਰਾ ਵੱਧ ਜਾਂਦੀ ਹੈ। 


ਜ਼ਮੀਨੀ ਪਾਣੀ ਵਿੱਚ ਨਾਈਟਰੇਟ ਦਾ ਹੋਣਾ ਤਾਂ ਵਾਤਾਵਰਣ ਅਤੇ ਜਨਤਕ ਸਿਹਤ ਲਈ ਚਿੰਤਾ ਦਾ ਵਿਸ਼ਾ ਹੈ, ਖਾਸ ਤੌਰ ‘ਤੇ ਉਹਨਾਂ ਖੇਤਰੀ ਹਿੱਸਿਆਂ ਵਿੱਚ ਜਿੱਥੇ ਨਾਈਟ੍ਰੋਜਨ-ਆਧਾਰਿਤ ਖਾਦ ਅਤੇ ਪਸ਼ੂਆਂ ਦੇ ਮਲ-ਮੂਤਰ ਦੀ ਵਰਤੋਂ ਜ਼ਿਆਦਾ ਹੁੰਦੀ ਹੈ। ਸੂਤਰਾਂ ਮੁਤਾਬਿਕ ਹਰਿਆਣਾ ਵਿੱਚ 128 ਨਮੂਨਿਆਂ ਅਤੇ ਪੰਜਾਬ ਵਿੱਚ 112 ਨਮੂਨਿਆਂ ਵਿੱਚ ਨਾਈਟਰੇਟ ਪੱਧਰ 45 mg/L ਦੀ ਮਨਜ਼ੂਰਸ਼ੁਦਾ ਸੀਮਾ ਤੋਂ ਵੱਧ ਪਾਇਆ ਗਿਆ। ਪੰਜਾਬ ਦਾ ਬਠਿੰਡਾ ਜਿਲ੍ਹਾ ਦੇਸ਼ ਦੇ 15 ਸਭ ਤੋਂ ਪ੍ਰਭਾਵਿਤ ਜ਼ਿਲ੍ਹਿਆਂ ‘ਚੋਂ ਇੱਕ ਹੈ।


ਮਾਹਿਰਾਂ ਦਾ ਕਹਿਣਾ ਹੈ ਕਿ ਆਰਸੇਨਿਕ ਜ਼ਹਿਰੀਲਾਪਨ (Arsenic poisoning) ਘਾਤਕ ਬਿਮਾਰੀਆਂ ਜਿਵੇਂ ਕਿ ਚਮੜੀ ਤੇ ਆਂਤਰੀਕ ਕੈਂਸਰ ਨੂੰ ਜਨਮ ਦਿੰਦਾ ਹੈ। ਇਸ ਤੋਂ ਇਲਾਵਾ ਲੰਮੇ ਸਮੇਂ ਤੱਕ ਆਰਸੇਨਿਕ ਦਾ ਪ੍ਰਭਾਵ ਦਿਲ ਅਤੇ ਸ਼ੂਗਰ ਸੰਬੰਧੀ ਸਮੱਸਿਆਵਾਂ ਵੀ ਪੈਦਾ ਕਰਦਾ ਹੈ । ਆਰਸੇਨਿਕ ਜਹਿਰੀਲਾਪਨ ਪੱਧਰ ਵੀ ਪੰਜਾਬ ਦੇ 12 ਅਤੇ ਹਰਿਆਣਾ ਦੇ 5 ਜ਼ਿਲ੍ਹਿਆਂ ਵਿੱਚ ਵੱਧ ਪਾਇਆ ਗਿਆ ਹੈ ।100 ਮੀਟਰ ਤੱਕ ਜ਼ਮੀਨੀ ਪਾਣੀ ਵਿੱਚ ਆਰਸੇਨਿਕ ਦੀ ਮੌਜੂਦਗੀ ਮਿਲੀ ਹੈ ਪਰ ਡੂੰਘੇ ਜ਼ਮੀਨੀ ਪਾਣੀ ਵਿੱਚ ਇਹ ਪ੍ਰਭਾਵ ਨਹੀਂ ਪਾਇਆ ਗਿਆ। 


ਲੰਮੇ ਸਮੇਂ ਤੱਕ ਉੱਚ ਫਲੋਰਾਈਡ ਪੱਧਰ ਵਾਲਾ ਜ਼ਮੀਨੀ ਪਾਣੀ ਪੀਣ ਨਾਲ ਹੱਡੀਆਂ ਅਤੇ ਦੰਦਾਂ ਦੀ ਫਲੋਰੋਸਿਸ (Fluorosis) ਹੋ ਸਕਦੀ ਹੈ। 1.5 mg/L ਤੋਂ ਵੱਧ ਫਲੋਰਾਈਡ ਪੱਧਰ ਦਾ ਅਸਰ ਪੰਜਾਬ ਅਤੇ ਹਰਿਆਣਾ ਦੇ 17-17 ਜ਼ਿਲ੍ਹਿਆਂ ਵਿੱਚ ਵੇਖਣ ਨੂੰ ਮਿਲਿਆ ਹੈ।


ਪੰਜਾਬ ਅਤੇ ਹਰਿਆਣਾ ਵਿੱਚ ਘੱਟ ਰਿਹਾ ਜ਼ਮੀਨੀ ਪਾਣੀ ਦਾ ਪੱਧਰ ਅਤੇ ਵੱਧ ਰਿਹਾ ਪ੍ਰਦੂਸ਼ਣ ਲੋਕਾਂ ਦੀ ਸਿਹਤ ਲਈ ਵੱਡਾ ਖ਼ਤਰਾ ਬਣਿਆ ਹੋਇਆ ਹੈ। ਖੇਤੀ ਵਿੱਚ ਖ਼ਤਰਨਾਕ ਰਸਾਇਣਕ ਖਾਦਾਂ ਦੀ ਵਰਤੋਂ ਅਤੇ ਗੈਰ-ਜ਼ਿੰਮੇਵਾਰਨਾ ਤਰੀਕੇ ਨਾਲ ਪਾਣੀ ਦੀ ਵਰਤੋਂ ਤੋਂ ਬਚਣ ਲਈ ਤੁਰੰਤ ਉਚਿਤ ਕਦਮ ਚੁੱਕਣ ਦੀ ਲੋੜ ਹੈ।