"ਅਨੁਜਾ” :- ਫਿਲਮ ਸਮੀਖਿਆ

 

ਅਨਨਿਆ ਸ਼ਾਨਭਾਗ ਅਤੇ ਸਜਦਾ ਪ੍ਰਧਾਨ,
ਫਿਲਮ ਦੇ ਇਕ ਦ੍ਰਿਸ਼ ਵਿਚ, (ਨੈਟਫਲਿਕਸ) 


“ਅਨੁਜਾ” :- ਫਿਲਮ ਸਮੀਖਿਆ 

ਆਸਕਰ ਮਿਲੇ - ਨਾ ਮਿਲੇ, ਇਹ ਫਿਲਮ ਇਕ ਵਿਜੇਤਾ ਹੈ

ਇਹ ਫਿਲਮ ਨੈਟਫਲਿਕਸ (Netflix) ਤੇ ਉਪਲੱਬਧ ਹੈ। 

ਐਡਮ ਜੇ. ਗਰੇਵਸ ਦੁਆਰਾ ਲਿਖਿਤ ਅਤੇ ਨਿਰਦੇਸ਼ਿਤ “ਅਨੁਜਾ” ਆਉਣ ਵਾਲੇ 97ਵੀਂ ਅਕੈਡਮੀ ਐਵਾਰਡਜ਼ ਵਿੱਚ ਸਰਵੋਤਮ ਲਾਈਵ ਐਕਸ਼ਨ ਸ਼ਾਰਟ ਫਿਲਮ ਸ਼੍ਰੇਣੀ ਵਿੱਚ ਨਾਮਜ਼ਦ ਹੈ। ਇਹ ਦੋ ਬੇਸਹਾਰਾ ਅੱਲ੍ਹੜ ਭੈਣਾਂ ਦੀ ਕਹਾਣੀ ਹੈ ਅਤੇ ਇਸ ਨੂੰ ਬਹੁਤ ਸਾਰੇ ਨਿਰਮਾਤਾਵਾਂ ਨੇ ਮਿਲ ਕੇ ਬਣਾਇਆ ਹੈ ਜਿਸ ਵਿੱਚ ਮਿੰਡੀ ਕੈਲਿੰਗ, ਪ੍ਰਿਅੰਕਾ ਚੋਪੜਾ ਜੋਨੱਸ ਅਤੇ ਗੁਨੀਤ ਮੋਂਗਾ ਪ੍ਰਮੁੱਖ ਹਨ ।


ਕੁਲ 23 ਮਿੰਟ ਦੀ ਇਹ ਲਘੂ ਫਿਲਮ ਤੁਹਾਡੇ ਵੱਖੀ ‘ਚ ਵੱਜਦੇ ਭਾਵਨਾਤਮਕ ਘਸੁੰਨਾਂ ਦੀ ਇੱਕ ਲੜੀ ਵਾਂਗ ਹੈ। ਫਿਲਮ ਦਾ ਹਰ ਦ੍ਰਿਸ਼ ਇਸ ਸੱਚ ਨੂੰ ਸਾਹਮਣੇ ਲਿਆਂਦਾ ਹੈ ਕਿ ਭਾਰਤ ਦੀ ਗਲੀਆਂ ਵਿੱਚ ਰਹਿ ਰਹੀ ਇਕ ਨਾਬਾਲਿਗ ਕੁੜੀ ਉਮਰ ਤੋਂ ਪਹਿਲਾਂ ਹੀ ਸਿਆਣੀ ਕਿਵੇਂ ਹੋ ਜਾਂਦੀ ਹੈ। ਫਿਲਮ ਦਾ ਸਮਾਂ ਸਾਲ 2022 ਹੈ ਅਤੇ ਇਹ ਪਲਕ (ਅਨਨਿਆ ਸ਼ਾਨਭਾਗ) ਅਤੇ ਉਸ ਦੀ ਨੌਂ ਸਾਲ ਦੀ ਹੋਸ਼ਿਆਰ ਭੈਣ ਅਨੁਜਾ (ਸਜਦਾ ਪ੍ਰਧਾਨ) ਦੀ ਕਹਾਣੀ ਦੱਸਦੀ ਹੈ। ਅਨੁਜਾ ਦਾ ਵਿਅਕਤੀਤਵ ਉਸਦੇ ਆਲੇ-ਦੁਆਲੇ ਦੇ ਗਰੀਬੀ ਨਾਲ ਮੇਲ ਨਹੀਂ ਖਾਂਦਾ। ਉਸਦੀ ਕਾਬਿਲਿਅਤ ਅਤੇ ਹਾਲਾਤ ਆਪਾ-ਵਿਰੋਧੀ ਹਨ। 


ਦੋਵੇਂ ਨਿੱਕੀਆਂ-ਨਿੱਕੀਆਂ ਜਿੰਦਾਂ ਸੰਸਾਰ ਨੂੰ ਸਮਝਣ ਦੀ ਕੋਸ਼ਿਸ਼ ਕਰਦੀਆਂ ਹੋਈਆਂ ਇੱਕ ਬਹੁਤ ਹੀ ਸ਼ਾਨਦਾਰ ਮੌਕੇ ਦੀ ਦਹਿਲੀਜ਼ ‘ਤੇ ਹਨ ਜੋ ਉਨ੍ਹਾਂ ਦੀ ਜ਼ਿੰਦਗੀ ਨੂੰ ਹਮੇਸ਼ਾ ਲਈ ਬਦਲ ਸਕਦਾ ਹੈ। ਫਿਲਮ ਦੇ ਦ੍ਰਿਸ਼ ਬਹੁਤ ਹੀ ਵਧੀਆ ਢੰਗ ਫਿਲਮਾਏ ਗਏ ਹਨ ਅਤੇ ਬਹੁਤ ਹੀ ਅਸਰਦਾਰ ਹਨ।


ਅਨਨਿਆ ਅਤੇ ਸਜਦਾ ਦੋਵਾਂ ਨੇ ਹੀ ਗ਼ਜ਼ਬ ਦਾ ਕੰਮ ਕੀਤਾ ਹੈ। ਸਜਦਾ ਦੀ ਇਹ ਦੂਜੀ ਫਿਲਮ ਹੈ ਪਰ ਅਨਨਿਆ ਇਸ ਫਿਲਮ ਨਾਲ ਸ਼ੁਰੂਆਤ ਕਰ ਰਹੀ ਹੈ। ਉਹ ਇਕ ਭਾਰਤਨਾਟਯਮ ਨਰਤਕੀ ਵੀ ਹੈ। ਐਸੇ ਅੰਤਰਰਾਸ਼ਟਰੀ ਪ੍ਰੋਜੈਕਟਾਂ ਵਿਚ ਅਕਸਰ ਇਕ "ਵਿਦੇਸ਼ੀ ਨਜ਼ਰੀਏ" ਆ ਜਾਂਦਾ ਹੈ ਪਰ “ਅਨੁਜਾ” ਪੂਰੀ ਤਰ੍ਹਾਂ ਆਪਣੇ ਧਰਾਤਲ ਨਾਲ ਜੁੜੀ ਹੋਈ ਫਿਲਮ ਹੈ। ਫਿਲਮ ‘ਸਲਾਮ ਬਾਲਕ ਟਰੱਸਟ’ ਦੇ ਸਹਿਯੋਗ ਨਾਲ ਬਣਾਈ ਗਈ ਹੈ। ‘ਸਲਾਮ ਬਾਲਕ ਟਰੱਸਟ’ ਨਿਰਮਾਤਾ ਮੀਰਾ ਨੈਅਰ ਦੁਆਰਾ ਸ਼ੁਰੂ ਕੀਤਾ ਗਿਆ ਦਿੱਲੀ-ਆਧਾਰਤ ਇਕ ਗੈਰ-ਲਾਭਕਾਰੀ ਸੰਸਥਾਨ ਹੈ। 


ਸਜਦਾ ਦਿੱਲੀ ਦੇ ਯਮੁਨਾ ਬਾਜ਼ਾਰ ਦੀ ਝੁੱਗੀ ਬਸਤੀਆਂ ਵਿੱਚ ਰਹਿੰਦੀ ਸੀ ਜਿਥੋਂ ਉਹ ‘ਸਲਾਮ ਬਾਲਕ ਟਰੱਸਟ’ ਵਿੱਚ ਸ਼ਾਮਲ ਹੋਈ ਅਤੇ ਉਸਨੂੰ ਫ਼ਰੈਂਚ ਡਾਇਰੈਕਟਰ ਲੈਟੀਸ਼ੀਆ ਕੋਲੋੰਬਾਨੀ ਦੀ 2023 ਦੀ ਫਿਲਮ ‘The Braid’ ਲਈ ਚੁਣਿਆ ਗਿਆ ਸੀ। ਇਹੀ ਸਿਨੇਮਾ ਦਾ ਜਾਦੂ ਹੈ। ਜਦੋਂ ਇਹ ਸਹੀ ਢੰਗ ਨਾਲ ਕੀਤਾ ਜਾਂਦਾ ਹੈ ਤਾਂ ਇਹ ਜ਼ਿੰਦਗੀਆਂ ਬਦਲ ਸਕਦਾ ਹੈ ਅਤੇ ਸਮਾਜਿਕ ਗਲਤੀਆਂ ਨੂੰ ਠੀਕ ਕਰ ਸਕਦਾ ਹੈ। ਅਨੁਜਾ ਨੇ ਇਹ ਸਭ ਕੁਝ ਕਰ ਦਿਖਾਇਆ ਹੈ। ਇਸ ਫਿਲਮ ਨੇ ਦਿੱਲੀ ਦੀ ਗਲੀਆਂ ਵਿਚ ਰਹਿੰਦੀ ਇਕ ਲੜਕੀ ਨੂੰ ਆਸਕਰ ਦੇ ਮੰਚ ਤੱਕ ਪਹੁੰਚਾ ਦਿੱਤਾ ਹੈ।